ਨਸ਼ਾ ਨਾ ਮਿਲਣ ''ਤੇ 26 ਸਾਲਾ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ

Monday, Jun 15, 2026 - 08:41 PM (IST)

ਨਸ਼ਾ ਨਾ ਮਿਲਣ ''ਤੇ 26 ਸਾਲਾ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ

ਮੋਗਾ (ਕਸ਼ਿਸ਼) : ਪੰਜਾਬ ਵਿੱਚ ਨਸ਼ਿਆਂ ਕਾਰਨ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਜਿੱਥੇ ਇੱਕ ਪਾਸੇ ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨਾਂ ਦੀਆਂ ਮੌਤਾਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ, ਉੱਥੇ ਹੀ ਮੋਗਾ ਜ਼ਿਲ੍ਹੇ ਦੇ ਪਿੰਡ ਮਾਲਕੇ ਵਿੱਚ ਇੱਕ 26 ਸਾਲਾ ਨੌਜਵਾਨ ਨੇ ਕਥਿਤ ਤੌਰ 'ਤੇ ਚਿੱਟਾ ਨਾ ਮਿਲਣ ਕਾਰਨ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ।

ਮ੍ਰਿਤਕ ਦੀ ਪਛਾਣ ਲਾਭਹੀਰਾ ਸਿੰਘ (26) ਵਾਸੀ ਪਿੰਡ ਮਾਲਕੇ, ਥਾਣਾ ਬਾਘਾਪੁਰਾਣਾ ਵਜੋਂ ਹੋਈ ਹੈ, ਜੋ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਮਾਲਸਰ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਭੇਜ ਦਿੱਤਾ।

ਮ੍ਰਿਤਕ ਦੇ ਭਰਾ ਬੂਟਾ ਸਿੰਘ ਨੇ ਦੱਸਿਆ ਕਿ ਲਾਭਹੀਰਾ ਸਿੰਘ ਪਹਿਲਾਂ ਚਿੱਟੇ ਦਾ ਆਦੀ ਸੀ, ਪਰ ਪਰਿਵਾਰ ਵੱਲੋਂ ਉਸ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਦਾਖਲ ਕਰਵਾ ਕੇ ਨਸ਼ਾ ਛੁਡਾਇਆ ਗਿਆ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਗੁਆਂਢ ਵਿੱਚ ਰਹਿੰਦੇ ਸੁਖਚੈਨ ਸਿੰਘ ਅਤੇ ਉਸ ਦੀ ਪਤਨੀ ਸੀਮਾ ਕੌਰ ਲੰਬੇ ਸਮੇਂ ਤੋਂ ਚਿੱਟਾ ਵੇਚਣ ਦਾ ਧੰਦਾ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪਰਿਵਾਰ ਕਈ ਵਾਰ ਜੇਲ੍ਹ ਵੀ ਜਾ ਚੁੱਕਾ ਹੈ, ਪਰ ਇਸ ਦੇ ਬਾਵਜੂਦ ਬੇਖੌਫ ਹੋ ਕੇ ਨਸ਼ਾ ਵੇਚਣ ਦਾ ਕੰਮ ਜਾਰੀ ਰੱਖਿਆ ਹੋਇਆ ਹੈ।

ਪਰਿਵਾਰ ਅਨੁਸਾਰ ਲਾਭਹੀਰਾ ਸਿੰਘ ਦਾ ਉਕਤ ਵਿਅਕਤੀਆਂ ਦੇ ਘਰ ਆਉਣਾ-ਜਾਣਾ ਸੀ, ਜਿਸ ਕਾਰਨ ਉਹ ਮੁੜ ਨਸ਼ੇ ਦੀ ਦਲਦਲ ਵਿੱਚ ਫਸ ਗਿਆ। ਐਤਵਾਰ ਨੂੰ ਉਹ ਚਿੱਟਾ ਲੈਣ ਲਈ ਦੋਸ਼ੀਆਂ ਕੋਲ ਗਿਆ, ਪਰ ਉਸ ਕੋਲ ਪੈਸੇ ਨਹੀਂ ਸਨ। ਪਰਿਵਾਰ ਨੇ ਦੋਸ਼ ਲਗਾਇਆ ਕਿ ਦੋਸ਼ੀਆਂ ਨੇ ਉਸ ਨੂੰ ਕਿਹਾ ਕਿ ਉਹ ਘਰੋਂ ਪੈਸੇ ਲਿਆ ਕੇ ਦੇਵੇ ਜਾਂ ਘਰ ਦੀ ਐੱਲਸੀਡੀ ਲਿਆ ਕੇ ਦੇਵੇ, ਤਦ ਹੀ ਉਸ ਨੂੰ ਨਸ਼ਾ ਦਿੱਤਾ ਜਾਵੇਗਾ।

ਨਸ਼ਾ ਨਾ ਮਿਲਣ ਅਤੇ ਮਾਨਸਿਕ ਤੌਰ 'ਤੇ ਪਰੇਸ਼ਾਨ ਹੋਣ ਕਾਰਨ ਲਾਭਹੀਰਾ ਸਿੰਘ ਘਰ ਵਾਪਸ ਆ ਗਿਆ ਅਤੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਪਰਿਵਾਰ ਨੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਕਿਹਾ ਕਿ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਦਮ ਚੁੱਕੇ ਜਾਣ ਤਾਂ ਜੋ ਹੋਰ ਕਿਸੇ ਪਰਿਵਾਰ ਦਾ ਚਿਰਾਗ ਨਾ ਬੁੱਝੇ।

ਇਸ ਸਬੰਧੀ ਥਾਣਾ ਸਮਾਲਸਰ ਦੇ ਐੱਸਐੱਚਓ ਏਐੱਸਆਈ ਮੰਗਲ ਸਿੰਘ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਦੇ ਭਰਾ ਗੁਰਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਸੁਖਚੈਨ ਸਿੰਘ ਅਤੇ ਸੀਮਾ ਕੌਰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Baljit Singh

Content Editor

Related News