24.6 ਐੱਮ. ਐੱਮ. ਹੋਈ ਬਾਰਸ਼,7 ਡਿਗਰੀ ਤੱਕ ਪਹੁੰਚਿਆ ਪਾਰਾ
Thursday, Dec 13, 2018 - 05:25 AM (IST)
ਪਟਿਆਲਾ, ਰੱਖਡ਼ਾ, (ਬਲਜਿੰਦਰ/ ਜ. ਬ.)- ਤਡ਼ਕਸਾਰ ਸਰਦੀ ਦੀ ਪਹਿਲੀ ਬਾਰਸ਼ ਨੇ ਦਸਤਕ ਦਿੱਤੀ ਤੇ ਸਾਰਾ ਦਿਨ ਕਿਣਮਿਣ-ਕਿਣਮਿਣ ਹੁੰਦੀ ਰਹੀ। ਇਕ ਪਾਸੇ ਪਹਾਡ਼ਾਂ ਵਿਚ ਹੋਈ ਬਰਫਬਾਰੀ ਅਤੇ ਦੂਜੇ ਪਾਸੇ ਮੈਦਾਨੀ ਇਲਾਕਿਆਂ ਵਿਚ ਪਈ ਜ਼ੋਰਦਾਰ ਬਾਰਸ਼ ਕਾਰਨ ਪਟਿਆਲਾ ਸ਼ਹਿਰ ਦਾ ਤਾਪਮਾਨ 7 ਡਿਗਰੀ ਤੱਕ ਲੁਡ਼ਕ ਗਿਆ। ਮੌਸਮ ਮਾਹਰਾਂ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਠੰਡ ਦੇ ਹੋਰ ਵਧਣ ਦੀ ਉਮੀਦ ਹੈ। ਸਰਦੀਆਂ ਦੀ ਪਹਿਲੀ ਬਰਸਾਤ ਨਾਲ ਕਣਕ ਅਤੇ ਹੋਰ ਫਸਲਾਂ ਨੂੰ ਕਾਫੀ ਲਾਭ ਹੋਇਆ। ਲਗਾਤਾਰ ਹੋ ਰਹੀ ਬਾਰਸ਼ ਨੇ ਮੌਸਮ ਦਾ ਮਿਜ਼ਾਜ ਹੀ ਬਦਲ ਕੇ ਰੱਖ ਦਿੱਤਾ ਹੈ।
ਦਸੰਬਰ ਮਹੀਨੇ ਵਿਚ ਹੋਈ ਪਹਿਲੀ ਬਾਰਸ਼ ਨੇ ਚੁਫੇਰੇ ਠੰਡ ਹੀ ਠੰਡ ਕਰ ਦਿੱਤੀ ਹੈ। ਇਸ ਤੋਂ ਬਚਣ ਲਈ ਲੋਕ ਗਰਮ ਕੱਪਡ਼ਿਆਂ ਦਾ ਸਹਾਰਾ ਲੈਣ ਲੱਗ ਪਏ ਹਨ। ਕਣਕ ਦੀ ਫਸਲ ਲਈ ਇਹ ਬੂੰਦਾਬਾਂਦੀ ਰੇਹ ਵਾਂਗ ਲਾਹੇਵੰਦ ਸਾਬਤ ਹੋਵੇਗੀ। ਪਿਛਲੇ ਕਈ ਦਿਨਾਂ ਤੋਂ ਅਸਮਾਨ ਵਿਚ ਛਾਏ ਬੱਦਲਾਂ ਕਾਰਨ ਵੀ ਠੰਡ ਵਧਣ ਦੇ ਅਾਸਾਰ ਨਜ਼ਰ ਆ ਰਹੇ ਹਨ। ਮੌਸਮ ਮਾਹਰਾਂ ਮੁਤਾਬਕ ਰਾਤ ਤੱਕ ਬਾਰਸ਼ ਦੇ ਇਸੇ ਤਰ੍ਹਾਂ ਪੈਂਦੇ ਰਹਿਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ।
ਇਹ ਬਾਰਿਸ਼ ਕਿਸਾਨਾਂ ਨੂੰ ਦੇਵੇਗੀ ਵੱਡੀ ਰਾਹਤ : ਸੋਹਲ
ਖੇਤੀਬਾਡ਼ੀ ਵਿਭਾਗ ਦੇ ਸਾਬਕਾ ਜੁਆਇੰਟ ਡਾਇਰੈਕਟਰ ਅਤੇ ਉੱਘੇ ਟੈਕਨੋਕਰੇਟ ਡਾ. ਬਲਵਿੰਦਰ ਸਿੰਘ ਸੋਹਲ ਅਨੁਸਾਰ ਇਹ ਬਾਰਸ਼ ਕਣਕ ਲਈ ਕਾਫੀ ਲਾਹੇਵੰਦ ਰਹੇਗੀ। ਕਿਸਾਨਾਂ ਵੱਲੋਂ ਕਣਕ ਦੀ ਫਸਲ ਨੂੰ ਦੂਜਾ ਪਾਣੀ ਦੇਣ ਤੋਂ ਪਹਿਲਾਂ ਹੀ ਬੀਤੀ ਰਾਤ ਹੋ ਰਹੀ ਬਾਰਸ਼ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ। ਕਣਕ ਦੀ ਫਸਲ ਲਈ ਵੀ ਇਹ ਬਾਰਸ਼ ਰੇਹ ਵਾਂਗ ਲਾਹੇਵੰਦ ਹੈ।
ਬੱਚਿਆਂ ਵੱਲ ਧਿਆਨ ਦੇਣ ਦੀ ਲੋਡ਼ : ਡਾ. ਟੰਡਨ
ਬੱਚਿਆਂ ਦੇ ਰੋਗਾਂ ਦੇ ਮਾਹਰ ਡਾ. ਰਾਜੀਵ ਟੰਡਨ ਨੇ ਕਿਹਾ ਕਿ ਸਰਦੀਆਂ ਵਿਚ ਬੱਚਿਆਂ ਦੀ ਸਿਹਤ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋਡ਼ ਹੈ। ਬੱਚਿਆਂ ਨੂੰ ਸਰਦੀ ਲੱਗਣ ਦੇ ਆਸਾਰ ਜ਼ਿਆਦਾ ਰਹਿੰਦੇ ਹਨ।
ਬੱਚਿਆਂ ਨੂੰ ਠੰਡ ਵਿਚ ਬਾਹਰ ਨਾ ਕੱਢਿਆ ਜਾਵੇ। ਗਰਮ ਕੱਪਡ਼ਿਆਂ ਦੇ ਨਾਲ-ਨਾਲ ਉਨ੍ਹਾਂ ਦੇ ਖਾਣ-ਪੀਣ ਵਿਚ ਸਰਦੀ ਅਨੁਸਾਰ ਅਲੱਗ-ਅਲੱਗ ਚੀਜ਼ਾਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ।
ਕਈ ਇਲਾਕਿਆਂ ’ਚ ਭਰਿਆ ਪਾਣੀ
ਦਿਨ ਭਰ ਹੋਈ ਬਾਰਸ਼ ਕਾਰਨ ਸ਼ਹਿਰ ਦੇ ਕਈ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਗਿਆ। ਲੋਕਾਂ ਦਾ ਘਰੋਂ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ। ਸਰਦੀ ਦੀ ਬਰਸ਼ ਕਾਰਨ ਠੰਡ ਇਕਦਮ ਵਧ ਗਈ। ਲੋਕ ਖਡ਼੍ਹੇ ਪਾਣੀ ਤੋਂ ਕਾਫੀ ਪਰੇਸ਼ਾਨ ਨਜ਼ਰ ਆਏ। ਪਟਿਆਲਾ ਸ਼ਹਿਰ ਵਿਚ ਮਾਡਲ ਟਾਊਨ, ਅਨਾਰਦਾਣਾ ਚੌਕ ਕੋਲ, ਲਾਹੌਰੀ ਗੇਟ, ਗੁਰਬਖਸ਼ ਕਾਲੋਨੀ ਤੇ ਰਾਘੋਮਾਜਰਾ ਆਦਿ ਇਲਾਕਿਆਂ ਵਿਚ ਕਈ ਥਾਵਾਂ ’ਤੇ ਪਾਣੀ ਭਰ ਗਿਆ।
ਲੋਕ ਘਰਾਂ ’ਚ ਦੁਬਕੇ ਰਹੇ ਪੂਰਾ ਦਿਨ ਹੋਈ ਬਰਸ਼ ਤੇ ਵਧੀ ਠੰਡ ਕਾਰਨ ਲੋਕ ਘਰਾਂ ਵਿਚ ਦੁਬਕੇ ਰਹੇ। ਸਡ਼ਕਾਂ ’ਤੇ ਜ਼ਿਆਦਾ ਟ੍ਰੈਫਿਕ ਨਹੀਂ ਦਿਖਾਈ ਦਿੱਤਾ। ਇਸ ਦਾ ਇਕ ਕਾਰਨ ਅੱਜ ਸਕੂਲਾਂ, ਕਾਲਜਾਂ ਤੇ ਸਰਕਾਰੀ ਦਫ਼ਤਰਾਂ ਵਿਚ ਸਰਕਾਰੀ ਛੁੱਟੀ ਹੈ।
ਗੰਨੇ ਦੀ ਕਟਾਈ ਅਤੇ ਆਲੂਅਾਂ ਦੀ ਪੁਟਾਈ ਨੂੰ ਲੱਗੀ ਬ੍ਰੇਕ
ਕਿਸਾਨਾਂ ਵੱਲੋਂ ਗੰਨੇ ਦੀ ਕਟਾਈ ਅਤੇ ਆਲੂਅਾਂ ਦੀ ਪੁਟਾਈ ਦਾ ਕੰਮ ਜੰਗੀ ਪੱਧਰ ’ਤੇ ਚੱਲ ਰਿਹਾ ਸੀ। ਮੌਸਮ ਦੇ ਬਦਲੇ ਮਿਜ਼ਾਜ ਕਾਰਨ ਬੀਤੀ ਰਾਤ ਤੋਂ ਹੋ ਰਹੀ ਬਾਰਸ਼ ਕਾਰਨ ਗੰਨੇ ਦੀ ਕਟਾਈ ਤੇ ਆਲੂਅਾਂ ਦੀ ਪੁਟਾਈ ਨੂੰ ਬ੍ਰੇਕ ਲੱਗ ਗਈ। ਕਿਸਾਨਾਂ ਨੂੰ ਨੁਕਸਾਨ ਹੋਣ ਦਾ ਵੀ ਖਤਰਾ ਪੈਦਾ ਹੁੰਦਾ ਜਾ ਰਿਹਾ ਹੈ।