ਕੌਂਸਲਰ ਭੋਲੀ ਦਾ ਕਤਲ ਕਰਨ ਵਾਲੇ ਦੋਵੇਂ ਸ਼ੂਟਰ ਗ੍ਰਿਫ਼ਤਾਰ, ਢਾਈ ਕਰੋੜ ਰੁਪਏ ਦੇ ਲੈਣ-ਦੇਣ ਕਾਰਨ ਕੀਤਾ ਗਿਆ ਕਤਲ

08/04/2022 11:00:28 AM

ਮਾਲੇਰਕੋਟਲਾ(ਸ਼ਹਾਬੂਦੀਨ, ਜ਼ਹੂਰ, ਭੁਪੇਸ਼, ਜ.ਬ., ਯਾਸੀਨ) : ‘ਆਪ’ ਪਾਰਟੀ ਦੇ ਕੌਂਸਲਰ ਮੁਹੰਮਦ ਅਕਬਰ ਭੋਲੀ ਦਾ ਲੰਘੀ 31 ਜੁਲਾਈ ਦੀ ਸਵੇਰੇ ਆਪਣੇ ਜਿਮ ’ਚ ਕਸਰਤ ਕਰਦੇ ਸਮੇਂ ਗੋਲ਼ੀਆਂ ਮਾਰ ਕੇ ਕਤਲ ਕਰਨ ਵਾਲੇ ਦੋਵੇਂ ਫਰਾਰ ਮੁੱਖ ਸ਼ੂਟਰਾਂ ਮੁਹੰਮਦ ਆਸਿਫ ਪੁੱਤਰ ਮੁਹੰਮਦ ਅਖਤਰ ਵਾਸੀ ਛੋਟਾ ਖਾਰਾ ਖੂਹ ਭੁਮਸੀ ਮਾਲੇਰਕੋਟਲਾ ਅਤੇ ਮੁਹੰਮਦ ਮੁਰਸ਼ਦ ਪੁੱਤਰ ਮੁਹੰਮਦ ਸ਼ਮਸਾਦ ਵਾਸੀ ਬਾਲੂ ਕੀ ਬਸਤੀ ਨੇੜੇ ਕੇਲੋਂ ਗੇਟ ਮਾਲੇਰਕੋਟਲਾ ਨੂੰ ਵੀ ਸਥਾਨਕ ਥਾਣਾ ਸਿਟੀ-1 ਦੀ ਪੁਲਸ ਪਾਰਟੀ ਨੇ ਅੱਜ ਸਥਾਨਕ ਆਦਮਪਾਲ ਰੋਡ ’ਤੇ ਕੀਤੀ ਨਾਕਾਬੰਦੀ ਦੌਰਾਨ ਮੋਟਰਸਾਈਕਲ ’ਤੇ ਸਵਾਰ ਪਿੰਡ ਵੱਲ ਨੂੰ ਜਾਂਦਿਆਂ ਗ੍ਰਿਫ਼ਤਾਰ ਕਰ ਲਿਆ ਹੈ। ਵਾਰਦਾਤ ਦੇ ਮੁੱਖ ਸਾਜਿਸ਼ਕਰਤਾ ਵਸੀਮ ਇਕਬਾਲ ਉਰਫ ਸੋਨੀ ਨੂੰ ਪਹਿਲਾਂ ਹੀ ਉਸਦੇ ਦੋ ਹੋਰ ਸਾਥੀਆਂ ਸਮੇਤ ਪੁਲਸ ਵੱਲੋਂ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਦਿੱਤੀ ਵੱਡੀ ਰਾਹਤ, MSP ’ਤੇ ਮੂੰਗੀ ਦੀ ਖ਼ਰੀਦ ਦੀ ਮਿਤੀ ਵਧਾਈ

ਐੱਸ. ਐੱਸ. ਪੀ. ਅਵਨੀਤ ਕੌਰ ਨੇ ਦੱਸਿਆ ਕਿ ਕਾਬੂ ਦੋਵੇਂ ਦੋਸ਼ੀਆਂ ਦੇ ਕਬਜ਼ੇ ’ਚੋਂ ਵਾਰਦਾਤ ਮੌਕੇ ਵਰਤੇ ਗਏ ਮੋਟਰਸਾਈਕਲ ਸਮੇਤ ਇਕ ਦੇਸੀ ਪਿਸਤੌਲ/ਕੱਟਾ ਅਤੇ 8 ਐੱਮ.ਐੱਮ. ਦੇ ਚਾਰ ਜ਼ਿੰਦਾ ਕਾਰਤੂਸ ਬਰਾਮਦ ਹੋਏ ਹਨ। ਵਾਰਦਾਤ ਦੇ ਮੁੱਖ ਸਾਜਿਸ਼ਕਰਤਾ ਦੀ ਬੀਤੇ ਦਿਨੀਂ ਗ੍ਰਿਫ਼ਤਾਰੀ ਤੋਂ ਬਾਅਦ ਇਨ੍ਹਾਂ ਦੋਵੇਂ ਫਰਾਰ ਸ਼ੂਟਰਾਂ ਦੀ ਗ੍ਰਿਫ਼ਤਾਰੀ ਲਈ ਕੁਲਦੀਪ ਸਿੰਘ ਡੀ.ਐੱਸ.ਪੀ. ਮਾਲੇਰਕੋਟਲਾ ਦੀ ਨਿਗਰਾਨੀ ਹੇਠ ਵੱਖ-ਵੱਖ ਪੁਲਸ ਪਾਰਟੀਆਂ ਦਾ ਗਠਨ ਕੀਤਾ ਗਿਆ ਸੀ, ਜੋ ਲਗਾਤਾਰ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕਰਦੀਆਂ ਆ ਰਹੀਆਂ ਸਨ।

ਇਹ ਵੀ ਪੜ੍ਹੋ- ਕਾਨੂੰਨ ਵਿਵਸਥਾ ਨੂੰ ਠੀਕ ਕਰਨ ਲਈ ਭਗਵੰਤ ਮਾਨ ਸਰਕਾਰ ਵੱਲੋਂ ਚੁੱਕੇ ਕਦਮਾਂ ਦੀ ਸਭ ਪਾਸੇ ਵਾਹ-ਵਾਹ

ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰੀ ਉਪਰੰਤ ਦੋਵੇਂ ਮੇਨ ਸ਼ੂਟਰਾਂ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਉਥੇ ਹੀ ਸ਼ੂਟਰ ਮੁਹੰਮਦ ਆਸ਼ਿਫ ਨੇ ਉਪਰੋਕਤ ਕਤਲ ਕਾਂਡ ਦੇ ਪਿੱਛੇ ਦੀ ਕਹਾਣੀ ਦਾ ਵਿਸਥਾਰ ਸਹਿਤ ਖੁਲਾਸਾ ਕਰਦਿਆਂ ਦੱਸਿਆ ਕਿ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਘਟਨਾ ਦਾ ਮੁੱਖ ਸਾਜਿਸ਼ਕਰਤਾ ਵਸੀਮ ਇਕਬਾਲ ਉਰਫ਼ ਸੋਨੀ ਉਸਦਾ ਰਿਸ਼ਤੇ ’ਚ ਜੀਜਾ ਲੱਗਦਾ ਹੈ। ਵਸੀਮ ਸੋਨੀ ਦਾ ਮ੍ਰਿਤਕ ਕੌਂਸਲਰ ਭੋਲੀ ਨਾਲ ਕਰੀਬ ਢਾਈ ਕਰੋੜ ਰੁਪਏ ਦਾ ਲੈਣ-ਦੇਣ ਚੱਲਦਾ ਹੈ। ਇਸ ਕਰ ਕੇ ਕਰੀਬ ਇਕ ਹਫ਼ਤਾ ਪਹਿਲਾਂ ਵਸੀਮ ਸੋਨੀ ਨੇ ਕੌਂਸਲਰ ਅਕਬਰ ਭੋਲੀ ਦਾ ਪੈਸਾ ਹੜਪਣ ਦੀ ਨੀਯਤ ਨਾਲ ਆਪਣੇ ਸਾਲੇ ਮੁਹੰਮਦ ਆਸਿਫ਼ ਅਤੇ ਉਸਦੇ ਦੋਸਤ ਮੁਹੰਮਦ ਮੁਰਸ਼ਦ ਨਾਲ 20 ਲੱਖ ਰੁਪਏ ’ਚ ਸੌਦਾ ਕਰ ਕੇ ਕੌਂਸਲਰ ਅਕਬਰ ਭੋਲੀ ਦਾ ਕਤਲ ਕਰਨ ਦੀ ਯੋਜਨਾ ਬਣਾਈ।

ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ। 
 


Simran Bhutto

Content Editor

Related News