ਪੁਲਸ ਬਣ ਕੇ 5 ਬਦਮਾਸ਼ਾਂ ਨੇ ਕੀਤੀਆਂ 2 ਵੱਡੀਆਂ ਵਾਰਦਾਤਾਂ
Sunday, Sep 30, 2018 - 06:58 AM (IST)

ਲੁਧਿਆਣਾ, (ਤਰੁਣ)- ਕਮਿਸ਼ਨਰੇਟ ਸਿਸਟਮ ਦੀਆਂ ਧੱਜੀਆਂ ਉਡਾਉਂਦੇ ਹੋਏ ਨਕਲੀ ਪੁਲਸ ਬਣ ਕੇ 5 ਬਦਮਾਸ਼ਾਂ ਨੇ ਲੁੱਟ ਦੀਆਂ 2 ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਦਿੱਤਾ। ਲੁਟੇਰਿਆਂ ਨੇ ਬਾਹਰੀ ਰਾਜਾਂ ਤੋਂ ਆਏ 2 ਵਪਾਰੀਆਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ।
ਲੁੱਟ ਦੀ ਸੂਚਨਾ ਮਿਲਣ ਦੇ ਬਾਅਦ ਏ. ਸੀ. ਪੀ. ਸੈਂਟਰਲ ਵਰਿਆਮ ਸਿੰਘ, ਥਾਣਾ ਕੋਤਵਾਲੀ ਇੰਚਾਰਜ ਅਮਨਦੀਪ ਸਿੰਘ, ਥਾਣਾ ਡਵੀਜ਼ਨ ਨੰ. 4 ਇੰਚਾਰਜ ਸੁਰਿੰਦਰ ਚੋਪਡ਼ਾ ਪੁਲਸ ਪਾਰਟੀ ਸਮੇਤ ਘਟਨਾ ਸਥਾਨ ’ਤੇ ਪੁੱਜ ਗਏ।
ਪਹਿਲੀ ਵਾਰਦਾਤ ਕੇਸਰਗੰਜ ਮੰਡੀ ਦੇ ਨੇਡ਼ੇ ਹੋਈ
ਥਾਣਾ ਡਵੀਜ਼ਨ ਨੰ. 3 ਦੇ ਇਲਾਕੇ ਕੇਸਰਗੰਜ ਮੰਡੀ ਦੇ ਨੇਡ਼ੇ ਪਹਿਲੀ ਵਾਰਦਾਤ ਹੋਈ। ਪੀਡ਼ਤ ਵਪਾਰੀ ਜਸਰਾਜ ਛੱਤੀਸਗਡ਼੍ਹ ਦਾ ਰਹਿਣ ਵਾਲਾ ਹੈ। ਸ਼ਨੀਵਾਰ ਸਵੇਰੇ ਉਹ ਪਾਣੀਪਤ ਤੋਂ ਲੁਧਿਆਣਾ ਪੁੱਜਾ। ਲੱਕਡ਼ ਬਾਜ਼ਾਰ ਪੁਲ ਦੇ ਨੇਡ਼ੇ ਸੁਭਾਨੀ ਬਿਲਡਿੰਗ ਵੱਲ ਜਾਣ ਲਈ ਰਿਕਸ਼ੇ ’ਚ ਬੈਠਾ ਸੀ। ਕੇਸਰਗੰਜ ਮੰਡੀ ਦੇ ਨੇਡ਼ੇ ਇਕ ਮੋਟਰਸਾਈਕਲ ’ਤੇ ਸਵਾਰ 2 ਬਦਮਾਸ਼ਾਂ ਨੇ ਰਿਕਸ਼ਾ ਰੋਕਿਆ। ਬਦਮਾਸ਼ਾਂ ਨੇ ਖੁਦ ਨੂੰ ਪੁਲਸ ਵਾਲਾ ਦੱਸਦੇ ਹੋਏ ਬੈਗ ਚੈੱਕ ਕਰਵਾਉਣ ਦੀ ਗੱਲ ਕਹੀ। ਉਹ ਬੈਗ ਚੈੱਕ ਕਰਵਾਉਣ ਲੱਗਾ। ਉਸ ਦੀ ਪੈਂਟ ਦੀ ਜੇਬ ’ਚ 1.40 ਲੱਖ ਰੁਪਏ ਦੀ ਨਕਦੀ ਸੀ। ਇਸ ਦੌਰਾਨ ਦੂਜੇ ਮੋਟਰਸਾਈਕਲ ’ਤੇ 2 ਹੋਰ ਬਦਮਾਸ਼ ਪੁੱਜ ਗਏ। ਨਕਲੀ ਪੁਲਸ ਬਣੇ ਇਕ ਬਦਮਾਸ਼ ਨੇ ਉਸ ਨੂੰ ਕਿਹਾ ਕਿ ਮਾਹੌਲ ਠੀਕ ਨਹੀਂ ਹੈ। ਨਕਦੀ ਬੈਗ ’ਚ ਰੱਖੋ। ਉਸ ਨੂੰ ਕੁਝ ਸਮਝ ’ਚ ਆਉਂਦਾ ਇੰਨੇ ’ਚ ਬਦਮਾਸ਼ ਨੇ ਉਸ ਦੇ ਬੈਗ ’ਚੋਂ ਕਦ ਨਕਦੀ ਕੱਢ ਲਈ ਉਸ ਨੂੰ ਪਤਾ ਨਹੀਂ ਲੱਗਾ। ਬਦਮਾਸ਼ਾਂ ਦੇ ਜਾਣ ਤੋਂ ਬਾਅਦ ਉਸ ਨੇ ਬੈਗ ਚੈੱਕ ਕੀਤਾ ਤਾਂ ਨਕਦੀ ਗਾਇਬ ਸੀ। ਤਦ ਰਿਕਸ਼ਾ ਚਾਲਕ ਨੇ ਦੱਸਿਆ ਕਿ ਨਕਲੀ ਪੁਲਸ ਨੇ ਨਕਦੀ ਬੈਗ ’ਚ ਰੱਖੀ ਹੀ ਨਹੀਂ ਸੀ। ਜਿਸ ਦੇ ਬਾਅਦ ਉਸ ਨੇ ਇਲਾਕਾ ਪੁਲਸ ਨੂੰ ਸੂਚਨਾ ਦਿੱਤੀ।
ਬ੍ਰਹਮਪੁਰੀ ਦੇ ਨੇਡ਼ੇ ਹੋਈ ਦੂਜੀ ਵਾਰਦਾਤ ਦੂਜੀ ਵਾਰਦਾਤ ਸਰਵਣ ਕੁਮਾਰ ਨਿਵਾਸੀ ਅਲੀਗਡ਼੍ਹ ਨਾਲ ਵਾਪਰੀ। ਬੀਤੀ ਰਾਤ ਸਰਵਣ ਅਲੀਗਡ਼੍ਹ ਤੋਂ ਲੁਧਿਆਣਾ ਪੁੱਜਾ। ਸ਼ਨੀਵਾਰ ਸਵੇਰੇ ਵਪਾਰੀ ਤੋਂ ਮਾਲ ਖਰੀਦਣ ਲਈ ਸਰਵਣ ਘੰਟਾਘਰ ਸਥਿਤ ਹੋਟਲ ਤੋਂ ਪੁਰਾਣਾ ਬਾਜ਼ਾਰ ਵੱਲ ਜਾ ਰਿਹਾ ਸੀ। ਜਦ ਉਹ ਬ੍ਰਹਮਪੁਰੀ ਦੇ ਨੇਡ਼ੇ ਪੁੱਜਾ ਤਾਂ 2 ਮੋਟਰਸਾਈਕਲਾਂ ’ਤੇ ਸਵਾਰ 4 ਬਦਮਾਸ਼ਾਂ ਨੇ ਪੁਲਸ ਵਾਲੇ ਦੱਸਦੇ ਹੋਏ ਰਸਤਾ ਰੋਕਿਆ। ਨਕਲੀ ਪੁਲਸ ਬਣੇ ਬਦਮਾਸ਼ਾਂ ਨੇ ਉਸ ਨੂੰ ਬੈਗ ਚੈੱਕ ਕਰਵਾਉਣ ਲਈ ਕਿਹਾ। ਜਦ ਉਸ ਨੇ ਆਨਾਕਾਨੀ ਕੀਤੀ ਤਾਂ ਉਸ ਨੂੰ ਧਮਕਾਉਣ ’ਤੇ ਕੇਸ ਦਰਜ ਕਰਨ ਦੀ ਗੱਲ ਕਰਨ ਲੱਗੇ। ਉਹ ਕਾਫੀ ਦਹਿਸ਼ਤ ’ਚ ਆ ਗਿਆ। ਉਸ ਦੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ। ਤਦ 5ਵਾਂ ਬਦਮਾਸ਼ ਮੌਕੇ ’ਤੇ ਪੁੱਜਾ ਤੇ ਉਸ ਨੇ ਨਸ਼ਾ ਕਰਨ ਦੀ ਗੱਲ ਕਹਿ ਕੇ ਉਸ ਨੂੰ ਧਮਕਾਉਣਾ ਸ਼ੁਰੂ ਕਰ ਦਿੱਤਾ। ਸਭ ਕੁਝ ਇੰਨੀ ਜਲਦੀ ਹੋਇਆ ਕਿ ਉਸ ਨੂੰ ਪਤਾ ਹੀ ਨਹੀਂ ਲੱਗਾ ਕਿ ਕਦ ਬਦਮਾਸ਼ਾਂ ਨੇ ਉਸ ਦੇ ਬੈਗ ’ਚੋਂ 3.80 ਲੱਖ ਦੀ ਨਕਦੀ ਕੱਢ ਲਈ। ਸਾਰੇ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ। ਬਦਮਾਸ਼ਾਂ ਦੇ ਜਾਣ ਤੋਂ ਬਾਅਦ ਉਸ ਨੇ ਬੈਗ ਚੈੱਕ ਕੀਤਾ ਤਾਂ ਨਕਦੀ ਗਾਇਬ ਸੀ।