ਚੋਰੀ ਦੀ ਟਰਾਲੀ ਸਮੇਤ 2 ਕਾਬੂ
Thursday, Dec 06, 2018 - 03:53 AM (IST)

ਬਨੂਡ਼, (ਗੁਰਪਾਲ)- ਥਾਣਾ ਬਨੂਡ਼ ਦੀ ਪੁਲਸ ਨੇ ਚੋਰੀ ਕੀਤੀ ਟਰਾਲੀ ਸਮੇਤ 2 ਨੌਜਵਾਨਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਏ. ਐੱਸ. ਆਈ. ਸੂਬਾ ਸਿੰਘ ਤੇ ਹੌਲਦਾਰ ਪਰਮਜੀਤ ਸਿੰਘ ਦੀ ਅਗਵਾਈ ਹੇਠ ਪੁਲਸ ਪਾਰਟੀ ਨੇ ਖੇਡ਼ਾ ਗੱਜੂ ਤੋਂ ਮਾਣਕਪੁਰ ਨੂੰ ਜਾਂਦੀ ਲਿੰਕ ਸਡ਼ਕ ’ਤੇ ਨਾਕਾ ਲਾਇਆ ਹੋਇਆ ਸੀ। ਨਾਕੇ ਦੌਰਾਨ ਜਦੋਂ ਖੇਡ਼ਾ ਗੱਜੂ ਵੱਲੋਂ ਆਉਂਦੇ ਇਕ ਸ਼ੱਕੀ ਟਰੈਕਟਰ-ਟਰਾਲੀ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਚਾਲਕ ਨੇ ਭੱਜਣ ਦੀ ਕੋਸ਼ਿਸ਼ ਕੀਤੀ। ਉਥੇ ਮੌਜੂਦ ਪੁਲਸ ਪਾਰਟੀ ਨੇ ਚਾਲਕ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ। ਜਦੋਂ ਉਸ ਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਟਰਾਲੀ ਥਾਣਾ ਗੰਡਿਅਾਂ ਖੇਡ਼ੀ ਅਧੀਨ ਪੈਂਦੇ ਪਿੰਡ ਵਿਚੋਂ ਚੋਰੀ ਕੀਤੀ ਹੈ। ਇਸ ਨੂੰ ਉਹ ਵੇਚਣ ਜਾ ਰਿਹਾ ਸੀ। ਮੁਲਜ਼ਮ ਨੇ ਦੱਸਿਆ ਕਿ ਚੋਰੀ ਵਿਚ ਉਸ ਦਾ ਇਕ ਸਾਥੀ ਹੋਰ ਵੀ ਹੈ। ਉਸ ਨੂੰ ਪੁਲਸ ਨੇ ਉਸ ਦੀ ਨਿਸ਼ਾਨਦੇਹੀ ’ਤੇ ਕਾਬੂ ਕਰ ਲਿਆ। ਮੁਲਜ਼ਮਾਂ ਦੀ ਪਛਾਣ ਅਵਤਾਰ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਮਾਣਕਪੁਰ ਤੇ ਜਤਿੰਦਰ ਉਰਫ ਵਿੱਕੀ ਪੁੱਤਰ ਜਸਪਾਲ ਸਿੰਘ ਵਾਸੀ ਦੇਵੀਨਗਰ (ਅਬਰਾਵਾਂ) ਦੋਵੇਂ ਥਾਣਾ ਬਨੂਡ਼ ਵਜੋਂ ਹੋਈ ਹੈ। ਪੁਲਸ ਨੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।