ਚੋਰੀ ਦੇ ਮੋਟਰਸਾਈਕਲ ਸਮੇਤ 2 ਕਥਿਤ ਚੋਰ ਕਾਬੂ
Thursday, Jul 11, 2024 - 06:28 PM (IST)
ਫਿਰੋਜ਼ਪੁਰ (ਕੁਮਾਰ)-ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਮੁਹਿੰਮ ਦੇ ਤਹਿਤ ਪੁਲਸ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੇ 2 ਕਥਿਤ ਚੋਰਾਂ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਏ.ਐੱਸ.ਆਈ. ਸ਼ਰਮਾ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਪੁਲਸ ਪਾਰਟੀ ਗਸ਼ਤ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰਦੇ ਹੋਏ ਖਾਈ ਵਾਲਾ ਅੱਡਾ ਨੇੜੇ ਪੁੱਜੀ ਤਾਂ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਕਿ ਸੰਜੂ ਪੁੱਤਰ ਜੋਧਾ ਅਤੇ ਸਨਮ ਪੁੱਤਰ ਸੋਨੂੰ ਵਾਸੀ ਬਸਤੀ ਆਵਾ ਫਿਰੋਜ਼ਪੁਰ ਸ਼ਹਿਰ, ਮੋਟਰਸਾਈਕਲ ਚੋਰੀ ਕਰ ਕੇ ਅੱਗੇ ਵੇਚਣ ਦਾ ਧੰਦਾ ਕਰਦੇ ਹਨ, ਜੋ ਇਸ ਸਮੇਂ ਚੋਰੀ ਕੀਤਾ ਹੋਇਆ ਮੋਟਰਸਾਈਕਲ ਵੇਚਣ ਲਈ ਕਿਲਾ ਰੋਡ ’ਤੇ ਬਸਤੀ ਭੱਟੀਆਂ ਵਾਲੀ ਦੇ ਏਰੀਆ ਵਿਚ ਇਕ ਡੇਅਰੀ ਦੇ ਕੋਲ ਖੜੇ ਹਨ।
ਇਸ ਦੌਰਾਨ ਪੁਲਸ ਵੱਲੋਂ ਤੁਰੰਤ ਉਥੇ ਰੇਡ ਕਰਦੇ ਹੋਏ ਨਾਮਜ਼ਦ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ, ਜਿਨ੍ਹਾਂ ਤੋਂ ਇਕ ਚੋਰੀ ਕੀਤਾ ਹੋਇਆ ਬਿਨਾਂ ਨੰਬਰੀ ਸਪਲੈਂਡਰ ਮੋਟਰਸਾਈਕਲ ਬਰਾਮਦ ਹੋਇਆ। ਕਾਬੂ ਕੀਤੇ ਵਿਅਕਤੀਆਂ ਤੋਂ ਪੁਲਸ ਵੱਲੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।