17 ਸਾਲ ਬੀਤ ਜਾਣ ਤੋਂ ਬਾਅਦ ਵੀ ਇਨਸਾਫ਼ ਦੀ ਉਡੀਕ ''ਚ ਕੰਪਿਊਟਰ ਅਧਿਆਪਕ

04/17/2022 9:13:39 PM

ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਵੱਲੋਂ ਸੂਬਾ ਪ੍ਰਧਾਨ ਬਲਜਿੰਦਰ ਸਿੰਘ ਫਤਿਹਪੁਰ ਅਤੇ ਸਰਪ੍ਰਸਤ ਗੁਰਵਿੰਦਰ ਸਿੰਘ ਤਰਨਤਾਰਨ ਨੇ ਦੱਸਿਆ ਕਿ ਪਿਛਲੇ 17 ਸਾਲਾਂ ਤੋਂ ਪੰਜਾਬ ਭਰ ਦੇ ਸਰਕਾਰੀ ਸਕੂਲਾਂ 'ਚ ਸਿੱਖਿਆ ਦੇ ਰਹੇ ਕੰਪਿਊਟਰ ਅਧਿਆਪਕਾਂ ਦਾ ਅੱਜ ਵੀ ਸ਼ੋਸ਼ਣ ਜਾਰੀ ਹੈ। ਸਾਲ 2005 ਤੋਂ ਕਾਂਗਰਸ ਸਰਕਾਰ ਨੇ ਅਪਣੇ ਕਾਰਜਕਾਲ ਦੌਰਾਨ ਨਿਗੂਣੀਆਂ ਤਨਖਾਹਾਂ 'ਤੇ ਕੰਮ ਲਿਆ। ਜੁਲਾਈ 2011  'ਚ ਅਕਾਲੀ ਸਰਕਾਰ ਨੇ ਬੇਸ਼ੱਕ ਰਾਜਪਾਲ ਪੰਜਾਬ ਦੇ ਹੁਕਮਾਂ ਤਹਿਤ ਕੰਪਿਊਟਰ ਅਧਿਆਪਕਾਂ ਨੂੰ ਰੈਗੂਲਰ ਕੀਤਾ ਪਰ ਰੈਗੂਲਰ ਮੁਲਾਜ਼ਮਾਂ ਵਾਲੀਆਂ ਸਹੂਲਤਾਂ ਤੋਂ ਵਾਂਝਾ ਰੱਖਿਆ।

ਇਹ ਵੀ ਪੜ੍ਹੋ : ਭਤੀਜੇ ਨੇ ਚਾਚੇ ਨੂੰ ਟ੍ਰੈਕਟਰ ਥੱਲੇ ਦੇ ਕੇ ਮਾਰਿਆ, ਚੋਰੀ-ਛੁਪੇ ਸਸਕਾਰ ਕਰਨ ਦੌਰਾਨ ਪਹੁੰਚੀ ਪੁਲਸ

ਸਾਲ 2017 ਤੋਂ 2022 ਤੱਕ ਪੰਜਾਬ ਦੀ ਕਾਂਗਰਸ ਸਰਕਾਰ ਨੇ ਕੰਪਿਊਟਰ ਅਧਿਆਪਕਾਂ ਦਾ ਰੱਜ ਕੇ ਸ਼ੋਸ਼ਣ ਕੀਤਾ। ਨਾ ਸਿਰਫ ਆਈ. ਆਰ., ਏ. ਸੀ. ਪੀ. ਅਤੇ ਪੇ-ਕਮਿਸ਼ਨ ਰੋਕਿਆ ਸਗੋਂ ਕੋਰੋਨਾ ਡਿਊਟੀਆਂ ਦੌਰਾਨ ਕੋਰੋਨਾ ਕਾਰਨ ਜਿਨ੍ਹਾਂ ਕੰਪਿਊਟਰ ਅਧਿਆਪਕਾਂ ਦੀ ਮੌਤ ਹੋ ਗਈ, ਉਨ੍ਹਾਂ ਦੇ ਪਰਿਵਾਰਾਂ ਦੀ ਸਰਕਾਰ ਨੇ ਬਾਂਹ ਤੱਕ ਨਹੀਂ ਫੜੀ। ਸਰਕਾਰ ਤੇ ਅਧਿਕਾਰੀ ਕੁੰਭਕਰਨੀ ਨੀਂਦ ਸੁੱਤੇ ਰਹੇ। ਨਵੇਂ ਦੌਰ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਕੰਪਿਊਟਰ ਅਧਿਆਪਕਾਂ ਨੂੰ ਬਹੁਤ ਆਸ ਸੀ ਪਰ ਬਹੁਤ ਕੋਸ਼ਿਸ਼ਾਂ ਦੇ ਬਾਵਜੂਦ ਮੁੱਖ ਮੰਤਰੀ ਭਗਵੰਤ ਮਾਨ ਨੇ ਕੰਪਿਊਟਰ ਅਧਿਆਪਕਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਕੀਤਾ।

ਇਹ ਵੀ ਪੜ੍ਹੋ : ਰਿਸ਼ਤੇ ਹੋਏ ਤਾਰ-ਤਾਰ: ਨਾਬਾਲਗ ਭਾਣਜੀ ਨੂੰ ਵਿਆਹ ਦਾ ਝਾਂਸਾ ਦੇ ਕੇ ਵਰਗਲਾ ਕੇ ਲੈ ਗਿਆ ਮਾਮਾ

ਕੰਪਿਊਟਰ ਅਧਿਆਪਕ ਯੂਨੀਅਨ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਜਗਦੀਸ਼ ਸ਼ਰਮਾ, ਪ੍ਰੈੱਸ ਸਕੱਤਰ ਵਿਕਾਸ ਜਿੰਦਲ ਤੇ ਸੁਨੀਲ ਕੁਮਾਰ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਕੰਪਿਊਟਰ ਅਧਿਆਪਕਾਂ ਦੇ 2011 ਦੇ ਰੈਗੂਲਰ ਨੋਟੀਫਿਕੇਸ਼ਨ ਨੂੰ ਇੰਨ-ਬਿਨ ਲਾਗੂ ਨਹੀਂ ਕਰਦੀ ਅਤੇ ਪੇ-ਕਮਿਸ਼ਨ ਦੀ ਫਾਇਲ 'ਤੇ ਲੱਗੀ ਰੋਕ ਨਹੀਂ ਹਟਾਉਂਦੀ ਤਾਂ ਕੰਪਿਊਟਰ ਅਧਿਆਪਕਾਂ ਨੂੰ ਮੁੜ ਸੰਘਰਸ਼ ਦਾ ਰਾਹ ਫੜਨਾ ਪਵੇਗਾ, ਜਿਸ ਤੋਂ ਸਪੱਸ਼ਟ ਹੋ ਜਾਏਗਾ ਕਿ ਸਰਕਾਰ 'ਚ ਸਿਰਫ ਪੱਗਾਂ ਦੇ ਰੰਗ ਹੀ ਬਦਲ ਦੇ ਹਨ, ਸਰਕਾਰਾਂ ਦੀ ਨੀਅਤ ਨਹੀਂ ਬਦਲਦੀ। ਸਰਕਾਰ ਦੇ ਵਤੀਰੇ ਤੋਂ ਤੰਗ ਆ ਕੇ ਕੰਪਿਊਟਰ ਅਧਿਆਪਕ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਨੇ ਐਲਾਨ ਕੀਤਾ ਕਿ ਸਮੂਹ ਕੰਪਿਊਟਰ ਅਧਿਆਪਕ ਸੰਘਰਸ਼ ਲਈ ਤਿਆਰ ਰਹਿਣ, ਜਿਸ ਦੀ ਸ਼ੁਰੂਆਤ 20 ਅਪ੍ਰੈਲ ਨੂੰ ਚੰਡੀਗੜ੍ਹ ਵਿਖੇ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਗੁਪਤ ਐਕਸ਼ਨ ਕੀਤਾ ਜਾਵੇਗਾ, ਜਿਸ ਦੀ ਪੂਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।

ਇਸ ਮੌਕੇ ਸੂਬਾ ਮੀਤ ਪ੍ਰਧਾਨ ਨਰਦੀਪ ਸ਼ਰਮਾ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਕੌਸ਼ਲ, ਹਰਪ੍ਰੀਤ ਸਿੰਘ, ਦਵਿੰਦਰ ਸਿੰਘ, ਸੁਸ਼ੀਲ, ਤੇਜਿੰਦਰ ਬਾਂਸਲ, ਜਗਤਾਰ ਸਿੰਘ, ਵਰਿੰਦਰ ਹੰਸ ਆਦਿ ਜ਼ਿਲ੍ਹਾ ਕਮੇਟੀ ਮੈਂਬਰ ਮੌਜੂਦ ਸਨ।

ਇਹ ਵੀ ਪੜ੍ਹੋ : ਕਪੂਰਥਲਾ ਪੁਲਸ ਦੀ ਨਿਵੇਕਲੀ ਪਹਿਲ, ਨੇਤਰਹੀਣ ਤੇ ਰੇਪ ਪੀੜਤਾ ਲਈ ਲਿਆ ਸ਼ਲਾਘਾਯੋਗ ਫ਼ੈਸਲਾ


Harnek Seechewal

Content Editor

Related News