ਖੰਨਾ ਸਦਰ ਪੁਲਸ ਨੇ 100 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਕੀਤਾ ਕਾਬੂ
Saturday, Sep 01, 2018 - 07:36 PM (IST)

ਖੰਨਾ,(ਬਿਪਨ)— ਖੰਨਾ ਸਦਰ ਪੁਲਸ ਨੇ 100 ਗ੍ਰਾਮ ਹੈਰੋਇਨ ਸਮੇਤ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਖੰਨਾ ਧੁਰਵ ਦਹਿਆ ਨੇ ਦੱਸਿਆ ਕਿ ਤਸਕਰੀ ਅਤੇ ਮਾੜੇ ਅਨੁਸਰਾਂ ਨੂੰ ਕਾਬੂ ਕਰਨ ਲਈ ਵਿੱਢੀ ਗਈ ਮੁਹਿੰਮ ਦੌਰਾਨ ਖੰਨਾ ਪੁਲਸ ਨੂੰ ਉਸ ਵੇਲੇ ਵੱਡੀ ਸਫਲਤਾ ਹਾਸਲ ਹੋਈ, ਜਦ ਅੱਜ ਇੰਸਪੈਕਟਰ ਗੁਰਮੇਲ ਸਿੰਘ ਮੁੱਖ ਅਫਸਰ ਥਾਣਾ ਸਦਰ ਖੰਨਾ ਪੁਲਸ ਪਾਰਟੀ ਵਲੋਂ ਦੁਪਹਿਰ ਸਮੇਂ ਪ੍ਰਿਸਟਾਈਨ ਮਾਲ ਪਿੰਡ ਅਲੋੜ ਵਿਖੇ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਨਾਕਾਬੰਦੀ ਸਮੇਂ ਇਕ ਵਿਅਕਤੀ ਵਹੀਕਲ 'ਚੋਂ ਉੱਤਰ ਕੇ ਕਾਹਲੀ-ਕਾਹਲੀ ਪ੍ਰਿਸਟਨ ਮਾਲ ਵੱਲ ਨੂੰ ਚੱਲ ਪਿਆ, ਜਿਸ ਨੂੰ ਸ਼ੱਕ ਦੇ ਆਧਾਰ 'ਤੇ ਰੋਕ ਕੇ ਕਾਬੂ ਕੀਤਾ ਗਿਆ ਅਤੇ ਉਸ ਤੋਂ ਪੁੱਛ-ਗਿੱਛ ਕੀਤੀ ਗਈ। ਪੁੱਛ-ਗਿੱਛ ਦੌਰਾਨ ਉਸ ਨੇ ਆਪਣਾ ਨਾਮ ਸਤਵਿੰਦਰ ਸਿੰਘ ਉਰਫ ਬਿੰਦਰ ਪੁੱਤਰ ਸੁਖਦੇਵ ਸਿੰਘ ਵਾਸੀ ਧੁਰਾ ਥਾਣਾ ਸਦਰ ਧੂਰੀ ਜਿਲ੍ਹਾ ਸੰਗਰੂਰ ਦੱਸਿਆ। ਸ਼ੱਕ ਦੇ ਆਧਾਰ 'ਤੇ ਜਦੋਂ ਉਸ ਦੀ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ 100 ਗ੍ਰਾਮ ਹੈਰੋਇਨ ਬਰਾਮਦ ਹੋਈ । ਜਿਸ ਉਪਰੰਤ ਉਕਤ ਵਿਅਕਤੀ ਖਿਲਾਫ ਮੁਕੱਦਮਾ ਨੰਬਰ 203 ਮਿਤੀ 01.09.18 ਅ/ਧ 21-61-85 ਐੱਨ. ਡੀ. ਪੀ. ਐੱਸ ਐਕਟ ਥਾਣਾ ਸਦਰ ਖੰਨਾ ਦਰਜ ਰਜਿਸਟਰ ਕੀਤਾ ਗਿਆ ਹੈ।