ਟਰੱਕ ਓਪਰੇਟਰਾਂ ਨੇ ਸਰਕਾਰ ਕੋਲ ਟੈਂਡਰਾਂ ਵਿਚ 10 ਫੀਸਦੀ ਵਾਧੇ ਦੀ ਕੀਤੀ ਮੰਗ

05/06/2020 11:00:22 AM

ਬੁਢਲਾਡਾ(ਮਨਜੀਤ) - ਕੋਰੋਨਾ ਵਾਇਰਸ ਦੇ ਸੰਕਟ ਅਤੇ ਤੇਜ਼ੀ ਨਾਲ ਕੀਮਤਾਂ ਵਿਚ ਵਾਧਾ ਹੋ ਜਾਣ ਨੂੰ ਲੈ ਕੇ ਟਰੱਕ ਓਪਰੇਟਰਾਂ ਨੇ ਸਰਕਾਰ ਵੱਲੋਂ ਦਿੱਤੇ ਜਾਂਦੇ ਢੋਆ-ਢੁਆਈ ਦੇ ਟੈਂਡਰਾਂ ਵਿਚ 1੦ ਫੀਸਦੀ ਵਾਧਾ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਤਰਕ ਹੈ ਕਿ ਪੰਜਾਬ ਸਰਕਾਰ ਨੇ ਤੇਲ ਕੀਮਤਾਂ ਵਿਚ ੨ ਰੁਪਏ ਵਾਧਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਕੋਰੋਨਾ ਮਹਾਂਮਾਰੀ ਕਾਰਨ ਬਾਹਰੋਂ ਆਇਆ ਮਜਦੂਰ ਵਾਪਸ ਆਪਣੇ ਘਰਾਂ ਵਿਚ ਆਪਣੇ ਸੂਬਿਆਂ ਵਿਚ ਚਲੇ ਗਏ ਹਨ। ਜਿਸ ਕਰਕੇ ਲੇਬਰ ਦੀ ਵੱਡੀ  ਘਾਟ ਕਾਰਨ ਇਸ ਸਮੱਸਿਆ ਨੂੰ ਦੇਖਦੇ ਹੋਏ ਟਰੱਕ ਓਪਰੇਟਰਾਂ ਨੇ ਸਰਕਾਰ ਤੋਂ ਉਕਤ ਮੰਗ ਕੀਤੀ ਹੈ।

ਬੁਢਲਾਡਾ ਦੇ ਟਰੱਕ ਓਪਰੇਟਰ ਯੂਨੀਅਨ ਦੇ ਪ੍ਰਧਾਨ ਰਣਜੀਤ ਸਿੰਘ ਦੋਦੜਾ, ਮੁੱਖੀ ਸਿੰਘ, ਅਜੈਬ ਸਿੰਘ ਨੇ ਕਿਹਾ ਕਿ ਪਹਿਲਾਂ ਤੋਂ ਹੀ ਟਰੱਕ ਓਪਰੇਟਰ ਮੰਦੀ ਦੀ ਮਾਰ ਦੀ ਭੇੜ ਵਿਚ ਆਏ ਹੋਏ ਸਨ। ਇਸ ਤੋਂ ਬਾਅਦ ਕੋਰੋਨਾ ਮਹਾਂਮਾਰੀ ਨੇ ਉਨ੍ਹਾਂ ਦਾ ਕੰਮ-ਧੰਦਾ ਪੂਰੀ ਤਰ੍ਹਾਂ ਚੋਪਟ ਕਰਕੇ ਰੱਖ ਦਿੱਤਾ ਹੈ। ਇਸ ਮਹਾਂਮਾਰੀ ਦੇ ਡਰ ਕਾਰਨ ਮਜਦੂਰ ਇੱਥੋਂ ਕੂਚ ਕਰਕੇ ਚਲਾ ਗਿਆ, ਜਿਸ ਕਾਰਨ ਲੇਬਰ ਦੀ ਵੱਡੀ ਘਾਟ ਹੋ ਗਈ ਹੈ। ਅੱਜ ਹਾਲਾਤ ਇਹ ਹੋ ਗਏ ਹਨ ਕਿ ਮਜਦੂਰ ਕਿਸੇ ਵੀ ਕੰਮ ਲਈ ਨਹੀਂ ਮਿਲ ਰਹੇ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਸਰਕਾਰ ਨੇ ਰਾਤੋ-ਰਾਤ ਤੇਲ ਕੀਮਤਾਂ ਵਿਚ ਵਾਧਾ ਕਰ ਦਿੱਤਾ ਹੈ, ਜਿਸ ਕਾਰਨ ਟਰੱਕ ਓਪਰੇਟਰਾਂ ਦਾ ਸੰਕਟ ਹੋਰ ਵੀ ਗੰਭੀਰ ਹੋ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਨੂੰ ਹਾਲਾਤਾਂ ਦੇ ਮੱਦੇਨਜਰ ਪਹਿਲਾਂ ਤੋਂ ਜਾਰੀ ਟੈਂਡਰਾਂ ਵਿਚ 1੦ ਫੀਸਦੀ ਰੇਟ ਵਾਧਾ ਕਰਨਾ ਚਾਹੀਦਾ ਹੈ ਤਾਂ ਜੋ ਇਸ ਮੁਸੀਬਤ ਵਿਚ ਓਪਰੇਟਰ ਚੰਗੀ ਤਰ੍ਹਾਂ ਨਜਿੱਠ ਸਕਣ ਅਤੇ ਪੂਰੀ ਤਰ੍ਹਾਂ ਟੈਂਡਰਾਂ ਦੀ ਪੂਰਤੀ ਹੋ ਸਕੇ। ਇਸ ਮੌਕੇ ਕਾਲਾ ਸਿੰਘ ਦਲਿਓ, ਦਰਬਾਰਾ ਸਿੰਘ ਮੰਢਾਲੀ ਤੋਂ ਇਲਾਵਾ ਹੋਰ ਵੀ ਮੌਜੂਦ ਸਨ।


Harinder Kaur

Content Editor

Related News