ਨਸ਼ਿਆਂ ਚ ਅਲੋਪ ਹੋਏ ਭਰਾ, ਦੁਨੀਆ ਦੀ ਭੈੜੀ ਨਜ਼ਰ ਤੋਂ ਬਚਨ ਲਈ ਮੁੰਡਾ ਬਣ ਫਰੂਟ ਵੇਚ ਰਹੀ ਹੈ ਇਹ ਮੁਟਿਆਰ

08/08/2022 1:57:23 PM

ਅੰਮ੍ਰਿਤਸਰ (ਅਰੁਣ) - ਮੁੱਖ ਮੰਤਰੀ ਭਗਵੰਤ ਮਾਨ ਨਸ਼ਾ ਸਮੱਗਲਰਾਂ ਦੇ ਖ਼ਾਤਮੇ ਦਾ ਹੋਕਾ ਦਿੰਦੇ ਨਹੀਂ ਥੱਕਦੇ ਪਰ ਇਨ੍ਹਾਂ ਨਸ਼ਿਆਂ ’ਚ ਪੈਰ ਪਾਉਣ ਮਗਰੋਂ ਹਜ਼ਾਰਾਂ ਚਿਰਾਗ ਇਸ ਸੰਸਾਰ ਤੋਂ ਹਮੇਸ਼ਾਂ ਲਈ ਅਲੋਪ ਹੋ ਗਏ ਅਤੇ ਕੁਝ ਪਰਿਵਾਰ ਇਸ ਦਾ ਖਮਿਆਜ਼ਾ ਭੁਗਤਦੇ ਨਜ਼ਰ ਆ ਰਹੇ ਹਨ। ਦੁਨੀਆਵੀ ਚਕਾ-ਚੋਂਦ ਦੇ ਵਲਵਲਿਆਂ ’ਚ ਚੂਰ ਕਿਸੇ ਵੀ ਸਰਕਾਰ ਵੱਲੋਂ ਅਜਿਹੇ ਪਰਿਵਾਰਾਂ ਦੀ ਸਾਰ ਲੈਣਾ ਤਾਂ ਦੂਰ ਕਦੇ ਜ਼ਿਕਰ ਕਰਨਾ ਵੀ ਮੁਨਾਸਬ ਨਹੀਂ ਸਮਝਿਆ। ਅਜਿਹੀ ਇਕ ਜਿਊਂਦੀ ਜਾਗਦੀ ਮਿਸਾਲ ਹੈ ਇਕ 32 ਸਾਲਾ ਮੁਟਿਆਰ, ਜਿਸ ਦਾ ਹੱਸਦਾ-ਵੱਸਦਾ ਪਰਿਵਾਰ ਅੱਜ ਨਸ਼ੀਲੇ ਘਾਣ ਦੀ ਬਹਿਣੀ ਬਹਿ ਕੇ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜਬੂਰ ਦਿਖਾਈ ਦੇ ਰਿਹਾ ਹੈ। 

ਜੇਕਰ ਗੱਲ ਕੀਤੀ ਜਾਵੇ ਕਰੀਬ ਦੋ ਦਹਾਕੇ ਪਹਿਲਾਂ ਅੰਮ੍ਰਿਤਸਰ ਦੇ ਸਿਆਸੀ ਖੇਮੇ ਵਿਚ ਕਾਮਰੇਡ ਬਚਨ ਲਾਲ ਦਾ ਨਾਂ ਦੀ ਤਾਂ ਉਹ ਕਿਸੇ ਪਛਾਣ ਦਾ ਮੋਹਤਾਜ਼ ਨਹੀਂ ਸਨ। ਕਾਮਰੇਡ ਬਚਨ ਲਾਲ ਦਾ ਹਸਦਾ-ਵਸਦਾ ਪਰਿਵਾਰ, ਜੋ ਮੱਧ ਵਰਗੀ ਪਰਿਵਾਰਾਂ ਦੀ ਤਰ੍ਹਾਂ ਆਪਣਾ ਜੀਵਨ ਬਸਰ ਕਰਦਾ ਰਿਹਾ ਪਰ ਉਸ ਦੇ ਪਰਿਵਾਰ ਦਾ ਬਿਖਰਨਾ ਉਸ ਦਿਨ ਤੋਂ ਸ਼ੁਰੂ ਹੋ ਗਿਆ ਜਦੋਂ ਬਚਨ ਲਾਲ ਦੇ ਵੱਡੇ ਲੜਕੇ ਨੇ ਭੈੜੀ ਸੰਗਤ ’ਚ ਪੈ ਕੇ ਨਸ਼ਿਆਂ ਦਾ ਸੇਵਨ ਕਰਨਾ ਸ਼ੁਰੂ ਕਰ ਦਿੱਤਾ। ਨਸ਼ੇ ਕਾਰਨ ਭਰ ਜਵਾਨੀ ’ਚ ਹੀ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ। ਬਚਨ ਲਾਲ ਦੀ ਪਤਨੀ ਉਮਰ ਦੇ ਲੋੜੀਂਦੇ ਪੜਾਅ ਵਿਚ ਕਾਮਰੇਡ ਬਚਨ ਲਾਲ ਨੂੰ ਸਦੀਵੀ ਵਿਛੋੜਾ ਦੇ ਗਈ, ਜਿਸ ਮਗਰੋਂ ਬਚਨ ਲਾਲ ਦੇ ਛੋਟੇ ਲੜਕੇ ਵੱਲੋਂ ਭਰਾ ਦੀ ਮੌਤ ਦਾ ਕੋਈ ਸਬਕ ਨਾ ਲੈਂਦਿਆਂ ਉਹ ਵੀ ਨਸ਼ਿਆਂ ਦੀ ਗਲਤਾਣ ਵਾਲੇ ਪਾਸੇ ਧਸਦਾ ਗਿਆ। 

ਚਾਰ ਹਾਰਟ ਅਟੈਕ ਆਉਣ ਨਾਲ ਬਚਨ ਲਾਲ ਜਿਥੇ ਸਿਰਫ ਦਵਾਈਆਂ ਦੇ ਆਸਰੇ ਆਪਣੇ ਸਾਹਾਂ ਦੀ ਪੂੰਜੀ ਪੂਰੀ ਕਰ ਰਿਹਾ ਹੈ, ਉਥੇ ਹੀ ਉਹ ਤੇ ਉਸਦਾ ਪਰਿਵਾਰ ਦੋ ਡੰਗ ਦੀ ਰੋਟੀ ਲਈ ਵੀ ਮੁਹਤਾਜ ਹੋਇਆ ਹੈ। ਬਚਨ ਲਾਲ ਦੀ 32 ਸਾਲਾ ਕੁੜੀ ਮਮਤਾ, ਜਿਸ ਵੱਲੋਂ ਆਪਣੀ ਜ਼ਿੰਦਗੀ ਦੇ ਸਾਰੇ ਸ਼ੌਂਕ ਭੁਲਾਕੇ ਪਰਿਵਾਰ ਦੀ ਵਾਗਡੋਰ ਨੂੰ ਸੰਭਾਲਿਆ ਅਤੇ ਪਿਛਲੇ 16 ਸਾਲ ਫਰੂਟ ਦੀ ਰੇਹੜੀ ਨੂੰ ਰੋਜ਼ੀ-ਰੋਟੀ ਲਈ ਆਪਣਾ ਮੀਲ ਪੱਥਰ ਬਣਾ ਲਿਆ। ਪ੍ਰੈੱਸ ਨਾਲ ਗੱਲਬਾਤ ਕਰਦਿਆਂ ਮਮਤਾ ਨੇ ਦੱਸਿਆ ਕਿ ਉਸਦਾ ਛੋਟਾ ਭਰਾ ਵਿਆਹਿਆ ਹੈ ਅਤੇ ਉਸ ਦਾ ਇਕ ਬੱਚਾ ਵੀ ਹੈ, ਜੋ ਕੋਈ ਕੰਮ ਨਾ ਕਰਕੇ ਨਸ਼ੇ ਕਰਨ ਦਾ ਆਦਿ ਹੈ। ਉਸ ਦੇ ਪਰਿਵਾਰ ਦੀ ਵੀ ਜ਼ਿੰਮੇਵਾਰੀ ਉਸਦੇ ਹੀ ਸਿਰ ਪਈ ਹੈ। ਸਮਾਜ ਵਿਚ ਵਿਚਰਣ ਲਈ ਇਕ ਲੜਕੀ ਦਾ ਦਿਨ ਭਰ ਸੜਕ ’ਤੇ ਖੜ੍ਹੇ ਹੋਣਾ ਬੇਹੱਦ ਮੁਸ਼ਕਿਲ ਹੈ। ਸਮਾਜ ਦੀ ਇਸ ਚੰਦਰੀ ਨਿਗਾਹ ਤੋਂ ਫਾਸਲਾ ਬਣਾਉਣ ਲਈ ਉਸ ਵੱਲੋਂ ਖੁਦ ਨੂੰ ਲੜਕੇ ਦੀ ਦਿੱਖ ਧਾਰਨੀ ਪਈ ਹੈ।

ਪੰਜਾਬ ਸਰਕਾਰ ਕੋਲੋਂ ਕਈ ਵਾਰ ਲਗਾਈ ਨੌਕਰੀ ਦੀ ਗੁਹਾਰ
ਆਪਣਾ ਦੁੱਖ ਸਾਂਝਾ ਕਰਦਿਆਂ ਇਸ ਮੁਟਿਆਰ ਮਮਤਾ ਨੇ ਕਿਹਾ ਕਿ ਉਮਰ ਭਰ ਜਿਸ ਸਮਾਜ ਦੇ ਲਈ ਉਸਦੇ ਪਿਤਾ ਵੱਲੋਂ ਆਪਣੀ ਜਵਾਨੀ ਕੁਰਬਾਨ ਕੀਤੀ ਪਰ ਅੱਜ ਉਨ੍ਹਾਂ ਦੀ ਸਾਰ ਲੈਣ ਵਾਲਾ ਕੋਈ ਨਹੀਂ। ਸਰਕਾਰਾਂ ਦੇ ਆਲੇ-ਦੁਆਲੇ ਕਈ ਵਾਰ ਉਸ ਵੱਲੋਂ ਨੌਕਰੀ ਦੀ ਪੜਤਾਲ ਵਜਾਉਣ ਦੇ ਬਾਵਜੂਦ ਉਸ ਨੂੰ ਸਿਵਾਏ ਅਣਗੌਲੇ ਜਾਣ ਤੋਂ ਕੁਝ ਹਾਸਲ ਨਹੀਂ ਹੋਇਆ। ਇਕ ਸਵਾਲ ਦੇ ਜਵਾਬ ਵਿਚ ਬੋਲਦਿਆਂ ਮਮਤਾ ਨੇ ਦੱਸਿਆ ਕਿ ਉਸ ਨੂੰ ਆਪਣੇ ਕੋਈ ਵੀ ਸ਼ੌਕ ਮਾਇਨੇ ਨਹੀਂ ਰਖਦੇ ਹਨ ਹੁਣ ਤਾਂ ਪਰਿਵਾਰ ਦੀ ਜ਼ਿੰਮੇਵਾਰੀ ਉਸਦਾ ਆਖਰੀ ਨਿਸ਼ਾਨਾ ਹੈ, ਜੋ ਸ਼ਾਇਦ ਸਮੇਂ-ਸਮੇਂ ਦੀਆਂ ਸਰਕਾਰਾਂ ਨੂੰ ਹਮੇਸ਼ਾ ਕੋਸਦਾ ਰਹੇਗਾ।

ਕੁੜੀਆਂ ਦਾ ਆਤਮ-ਨਿਰਭਰ ਹੋਣਾ ਸਮੇਂ ਦੀ ਮੁੱਖ ਲੋੜ - ਹੈਰੀ
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਆਗੂ ਸਰਬਜੀਤ ਸਿੰਘ ਹੈਰੀ ਨੇ ਕਿਹਾ ਕਿ ਹਾਈਟੈੱਕ ਸਮੇਂ ਦੀ ਤੇਜ਼-ਰਫ਼ਤਾਰ ਦੇ ਚਲਦਿਆਂ ਜਿੱਥੇ ਅੱਜ ਕੁੜੀਆਂ ਦੁਨੀਆਂ ਦੇ ਹਰੇਕ ਖੇਤਰ ’ਚ ਮੁੰਡਿਆਂ ਨਾਲੋਂ ਘੱਟ ਨਹੀਂ ਹਨ ਪਰ ਪੂਰੀ ਦੁਨੀਆ ਦੇ ਕਿਸੇ ਵੀ ਖੇਤਰ ਵਿਚ ਮੀਲ-ਪੱਥਰ ਕਾਇਮ ਕਰਨ ਵਾਲੀ ਲੜਕੀ ਨੂੰ ਦੁਨੀਆ ਦੀ ਇਕ ਵੱਖਰੀ ਨਜ਼ਰ ਨਾਲ ਦੋ-ਚਾਰ ਹੋਣਾ ਪੈਂਦਾ ਹੈ। ਹੈਰੀ ਨੇ ਕਿਹਾ ਕਿ ਆਤਮ ਨਿਰਭਰ ਹੋਣਾ ਅੱਜ ਕੁੜੀਆਂ ਲਈ ਸਮੇਂ ਦੀ ਮੁੱਖ ਲੋੜ ਬਣ ਚੁੱਕਿਆ ਹੈ।


rajwinder kaur

Content Editor

Related News