ਸਹੁਰੇ ਪਰਿਵਾਰ ਤੋਂ ਤੰਗ ਨੌਜਵਾਨ ਨੇ ਜ਼ਹਿਰੀਲੀ ਦਵਾਈ ਪੀ ਖ਼ਤਮ ਕੀਤੀ ਜੀਵਨ ਲੀਲਾ

Friday, Sep 16, 2022 - 03:47 PM (IST)

ਸਹੁਰੇ ਪਰਿਵਾਰ ਤੋਂ ਤੰਗ ਨੌਜਵਾਨ ਨੇ ਜ਼ਹਿਰੀਲੀ ਦਵਾਈ ਪੀ ਖ਼ਤਮ ਕੀਤੀ ਜੀਵਨ ਲੀਲਾ

ਗੁਰਦਾਸਪੁਰ (ਜੀਤ ਮਠਾਰੂ) : ਥਾਣਾ ਕਾਹਨੂੰਵਾਨ ਅਧੀਨ ਪੈਂਦੇ ਪਿੰਡ ਚੱਕ ਯਾਕੂਬ ਵਿਖੇ ਇਕ ਵਿਆਹੁਤਾ ਨੌਜਵਾਨ ਵੱਲੋਂ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲੈਣ ਦੀ ਖ਼ਬਰ ਹੈ। ਇਸ ਸਬੰਧ ’ਚ ਮ੍ਰਿਤਕ ਕੁਲਵਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਚੱਕ ਯਾਕੂਬ ਦੀ ਮਾਤਾ ਗੁਰਦੀਪ ਕੌਰ ਅਤੇ ਉਸ ਦੇ ਚਾਚੇ ਬਲਦੇਵ ਸਿੰਘ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਦਾ ਵਿਆਹ ਸਾਲ 2010 ’ਚ ਹਰਪ੍ਰੀਤ ਕੌਰ ਨਾਲ ਹੋਇਆ ਸੀ। ਮ੍ਰਿਤਕ ਦੇ ਦੋ ਬੱਚੇ ਵੀ ਹਨ, ਜਿਨ੍ਹਾਂ ’ਚ ਇਕ ਲੜਕਾ ਅਤੇ ਇਕ ਲੜਕੀ, ਜੋ ਅਜੇ ਛੋਟੀ ਉਮਰ ਦੇ ਹਨ । ਉਨ੍ਹਾਂ ਕਿਹਾ ਕਿ ਮ੍ਰਿਤਕ ਕੁਲਵਿੰਦਰ ਸਿੰਘ ਦੀ ਪਤਨੀ ਹਰਪ੍ਰੀਤ ਕੌਰ ਬਿਨਾਂ ਵਜ੍ਹਾ ਝਗੜਾ ਕਰਕੇ ਆਪਣੇ ਪੇਕੇ ਘਰ ਆਪਣੇ ਮਾਪਿਆਂ ਦੀ ਸ਼ਹਿ ’ਤੇ ਰਹਿ ਰਹੀ ਹੈ ਤੇ ਉਸ ਦਾ ਸਹੁਰਾ ਪਰਿਵਾਰ ਝੂਠੀਆਂ ਦਰਖਾਸਤਾਂ ਦੇ ਕੇ ਉਸ ਨੂੰ ਪਰੇਸ਼ਾਨ ਕਰਦਾ ਰਹਿੰਦਾ ਸੀ। ਜਿਸ ਤੋਂ ਤੰਗ ਆ ਕੇ ਕੁਲਵਿੰਦਰ ਸਿੰਘ ਨੇ ਕੋਈ ਜ਼ਹਿਰੀਲੀ ਦਵਾਈ ਪੀ ਲਈ, ਜਿਸ ਨੂੰ ਬਚਾਉਣ ਵਾਸਤੇ ਲੁਧਿਆਣਾ ਦੇ ਇਕ ਪ੍ਰਾਈਵੇਟ ਹਸਪਤਾਲ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਪਰ ਉਹ ਬਚ ਨਾ ਸਕਿਆ।

ਇਹ ਖ਼ਬਰ ਵੀ ਪੜ੍ਹੋ : ਜਲੰਧਰ ਦੀ ਚਰਚ ’ਚ ਹੋਈ ਬੱਚੀ ਦੀ ਮੌਤ ਦਾ ਮਾਮਲਾ ਭਖਣ ਮਗਰੋਂ ਮੀਡੀਆ ਸਾਹਮਣੇ ਆਇਆ ਪਾਦਰੀ, ਦਿੱਤੀ ਸਫ਼ਾਈ

ਉਨ੍ਹਾਂ ਕਿਹਾ ਕਿ ਮ੍ਰਿਤਕ ਕੁਲਵਿੰਦਰ ਸਿੰਘ ਨੇ ਪਹਿਲਾਂ ਆਪਣੀ ਮੌਤ ਦਾ ਸੁਸਾਈਡ ਨੋਟ ਵੀ ਲਿਖਿਆ ਅਤੇ ਆਪਣੀ ਮੌਤ ਦੇ ਕਾਰਨ ਦੀ ਵੀਡੀਓ ਵੀ ਬਣਾ ਕੇ ਪੋਸਟ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਕੁਲਵਿੰਦਰ ਸਿੰਘ ਦੀ ਮੌਤ ਦੇ ਬਾਰੇ ਥਾਣਾ ਕਾਹਨੂੰਵਾਨ ਵਿਖੇ ਰਿਪੋਰਟ ਦੇ ਦਿੱਤੀ ਗਈ ਹੈ ਤੇ ਥਾਣਾ ਕਾਹਨੂੰਵਾਨ ਦੀ ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਲਿਆਂਦਾ। ਉਨ੍ਹਾਂ ਕਿਹਾ ਕਿ ਮ੍ਰਿਤਕ ਕਲਵਿੰਦਰ ਸਿੰਘ ਨੇ ਆਪਣੇ ਵੱਲੋਂ ਲਿਖੇ ਸੁਸਾਈਡ ਨੋਟ ਅਤੇ ਵੀਡੀਓ ਵਾਇਰਲ ’ਚ ਕਿਹਾ ਹੈ ਕਿ ਮੇਰੀ ਮੌਤ ਦੇ ਜ਼ਿੰਮੇਵਾਰ ਮੇਰਾ ਸਹੁਰਾ ਪਰਿਵਾਰ ਹੈ। ਇਸ ਲਈ ਅਸੀਂ ਜ਼ਿਲ੍ਹਾ ਪੁਲਸ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕਰਦੇ ਹਾਂ ਕਿ ਮ੍ਰਿਤਕ ਦੇ ਸਹੁਰੇ ਪਰਿਵਾਰ ’ਤੇ ਪਰਚਾ ਦਰਜ ਕਰਕੇ ਸਾਨੂੰ ਇਨਸਾਫ ਦਿੱਤਾ ਜਾਵੇ। ਇਸ ਸਬੰਧ ’ਚ ਥਾਣਾ ਮੁਖੀ ਸੁਖਜੀਤ ਸਿੰਘ ਨਾਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਮ੍ਰਿਤਕ ਕੁਲਵਿੰਦਰ ਸਿੰਘ ਦੀ ਲਾਸ਼ ਲੁਧਿਆਣਾ ਦੇ ਇਕ ਪ੍ਰਾਈਵੇਟ ਹਸਪਤਾਲ ਤੋਂ ਪੋਸਟਮਾਰਟਮ ਲਈ ਪੁਲਸ ਨੇ ਕਬਜ਼ੇ ਵਿਚ ਲੈ ਲਈ ਹੈ ਅਤੇ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਉਸ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਰਿਵਾਰਕ ਵਾਰਿਸਾਂ ਦੇ ਬਿਆਨਾਂ ਅਤੇ ਸੁਸਾਈਡ ਨੋਟ ਤੇ ਵੀਡੀਓ ਸਬੰਧੀ ਸਾਰੀ ਜਾਂਚ ਉਪਰੰਤ ਪਰਚਾ ਦਰਜ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ : ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਮੁੜ ਉਸਾਰੀ, ਮਜੀਠੀਆ ਸਣੇ ਕਈ ਆਗੂਆਂ ਨੂੰ ਮਿਲੀਆਂ ਅਹਿਮ ਜ਼ਿੰਮੇਵਾਰੀਆਂ


author

Manoj

Content Editor

Related News