ਕਣਕ ਦੀ ਫ਼ਸਲ ਲਈ ਨੁਕਸਾਨਦੇਹ ਹੋ ਸਕਦੀ ਹੈ ਪੀਲੀ ਕੁੰਗੀ, ਕਿਸਾਨ ਡਰਨ ਦੀ ਬਜਾਏ ਰਹਿਣ ਸਾਵਧਾਨ

Saturday, Jan 06, 2024 - 11:12 AM (IST)

ਕਣਕ ਦੀ ਫ਼ਸਲ ਲਈ ਨੁਕਸਾਨਦੇਹ ਹੋ ਸਕਦੀ ਹੈ ਪੀਲੀ ਕੁੰਗੀ, ਕਿਸਾਨ ਡਰਨ ਦੀ ਬਜਾਏ ਰਹਿਣ ਸਾਵਧਾਨ

ਗੁਰਦਾਸਪੁਰ (ਹਰਮਨ)- ਪੰਜਾਬ ਅੰਦਰ ਪੀਲੀ ਕੁੰਗੀ ਦੀ ਬੀਮਾਰੀ ਦੇ ਲੱਛਣਾਂ ਤੇ ਬਚਾਅ ਦੇ ਢੰਗ ਤਰੀਕਿਆਂ ਤੋਂ ਜਾਣੂ ਕਰਵਾਉਂਦਿਆਂ ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਸਿਖਲਾਈ ਅਫ਼ਸਰ ਡਾ. ਅਮਰੀਕ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਪੀਲੀ ਕੁੰਗੀ ਤੋਂ ਡਰਨ ਦੀ ਲੋੜ ਨਹੀਂ ਹੈ ਪਰ ਇਸ ਬੀਮਾਰੀ ਤੋਂ ਫ਼ਸਲ ਨੂੰ ਬਚਾਉਣ ਲਈ ਥੋੜ੍ਹੀ ਸਾਵਧਾਨੀ ਜ਼ਰੂਰੀ ਵਰਤਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਕਣਕ ਪੰਜਾਬ ’ਚ ਅਨਾਜ ਦੀ ਮੁੱਖ ਫ਼ਸਲ ਹੈ। ਹਾੜੀ 2020-21 ਦੌਰਾਨ ਪੰਜਾਬ ’ਚ ਕੁੱਲ 35.30 ਲੱਖ ਹੈਕਟੇਅਰ ਰਕਬੇ ’ਚ ਕਣਕ ਦੀ ਕਾਸ਼ਤ ਕੀਤੀ ਗਈ, ਜਿਸ ਤੋਂ ਕੁੱਲ 171.85 ਮੀਟ੍ਰਿਕ ਟਨ ਪੈਦਾਵਾਰ ਹੋਈ ਅਤੇ ਪ੍ਰਤੀ ਹੈਕਟੇਅਰ ਝਾੜ 48.68 ਕੁਇੰਟਲ ਰਿਹਾ। ਪਿਛਲੇ ਕੁਝ ਸਮੇਂ ਤੋਂ ਮੌਸਮੀ ਤਬਦੀਲੀਆਂ ਅਤੇ ਗੈਰ-ਸਿਫਾਰਿਸ਼ਸ਼ੁਦਾ ਕਿਸਮਾਂ ਹੇਠ ਰਕਬਾ ਵਧਣ ਕਾਰਨ ਕਣਕ ਦੀ ਫ਼ਸਲ ਉਪਰ ਕੁਝ ਅਜਿਹੀਆਂ ਬੀਮਾਰੀਆਂ ਦਾ ਹਮਲਾ ਵੇਖਣ ਨੂੰ ਮਿਲਿਆ, ਜਿਨ੍ਹਾਂ ਦਾ ਕੋਈ ਬਹੁਤਾ ਮਹੱਤਵ ਨਹੀਂ ਸੀ ਸਮਝਿਆ ਜਾਂਦਾ।ਇਨ੍ਹਾਂ ’ਚੋਂ ਪੀਲੀ ਕੁੰਗੀ ਅਜਿਹੀ ਬੀਮਾਰੀ ਹੈ, ਜੋ ਕਣਕ ਦੀ ਖੇਤੀ ਲਈ ਖ਼ਤਰਾ ਸਾਬਤ ਹੋ ਰਹੀ ਹੈ। ਜੇਕਰ ਪੀਲੀ ਕੁੰਗੀ ਦਾ ਸਮੇਂ ਸਿਰ ਸਹੀ ਇਲਾਜ ਨਾ ਕੀਤਾ ਜਾਵੇ ਤਾਂ ਕਣਕ ਦੀ ਫ਼ਸਲ ਦਾ 70 ਫ਼ੀਸਦੀ ਤੱਕ ਝਾੜ ਘਟ ਸਕਦਾ ਹੈ।
ਕੀ ਸੀ ਪਿਛਲੇ ਸਾਲਾਂ ਦੀ ਸਥਿਤੀ?

ਸਾਲ 2010-11 ਦੌਰਾਨ ਉੱਤਰੀ ਭਾਰਤ ’ਚ ਮੌਸਮ ਜ਼ਿਆਦਾ ਠੰਡਾ ਰਹਿਣ ਨਾਲ ਪੰਜਾਬ ’ਚ ਪੀਲੀ ਕੁੰਗੀ ਨੇ ਕਣਕ ਦੀ ਪੀ. ਬੀ. ਡਬਲਯੂ. 343 ਕਿਸਮ ਦਾ ਬਹੁਤ ਨੁਕਸਾਨ ਕੀਤਾ ਸੀ। ਕਣਕ ਦੀ ਇਹ ਕਿਸਮ, ਪੀਲੀ ਕੁੰਗੀ ਦੀ ਨਵੀਂ ਕਿਸਮ 78 ਐੱਸ 84 ਦਾ ਟਾਕਰਾ ਨਹੀਂ ਸੀ ਕਰ ਸਕੀ ਪਰ ਸਮੇਂ ਸਿਰ ਖੇਤੀਬਾੜੀ ਵਿਭਾਗ ਵੱਲੋਂ ਇਸ ਬੀਮਾਰੀ ਦੀ ਰੋਕਥਾਮ ਲਈ ਸਿਫਾਰਿਸ਼ਸ਼ੁਦਾ ਦਵਾਈ ਪ੍ਰੋਪੀਕੋਨਾਜ਼ੋਲ ਕਿਸਾਨਾਂ ਤੱਕ ਪਹੁੰਚਾ ਕੇ ਹੋਣ ਵਾਲੇ ਨੁਕਸਾਨ ਨੂੰ ਕਾਫ਼ੀ ਹੱਦ ਤੱਕ ਘਟਾ ਦਿੱਤਾ ਸੀ। ਪਿਛਲੇ ਸਾਲ ਇਸ ਬੀਮਾਰੀ ਦੇ ਲੱਛਣ ਸਭ ਤੋਂ ਪਹਿਲਾਂ ਰੋਪੜ ਜ਼ਿਲ੍ਹੇ ਦੇ ਆਨੰਦਪੁਰ ਸਾਹਿਬ ਬਲਾਕ ’ਚ 18 ਦਸੰਬਰ ਨੂੰ ਦਿਖਾਈ ਦਿੱਤੇ ਸਨ ਪਰ ਚਾਲੂ ਹਾੜੀ ਦੌਰਾਨ ਪੀਲੀ ਕੁੰਗੀ ਦਾ ਕੋਈ ਵੀ ਕੇਸ ਪੰਜਾਬ ’ਚ ਦੇਖਣ ਨੂੰ ਨਹੀਂ ਮਿਲਿਆ। ਪਿਛਲੇ ਸਮੇਂ ਦੌਰਾਨ ਇਹ ਵੀ ਦੇਖਣ ’ਚ ਆਇਆ ਸੀ ਕਿ ਜਿਹੜੀ ਫ਼ਸਲ ਪਾਪੁਲਰ, ਸਫ਼ੈਦਾ ਅਤੇ ਹੋਰ ਦਰੱਖਤਾਂ ਹੇਠ ਸੀ, ਉਸ ਉੱਪਰ ਪੀਲੀ ਕੁੰਗੀ ਦਾ ਹਮਲਾ ਸਭ ਤੋਂ ਪਹਿਲਾਂ ਆਇਆ। ਪੀਲੀ ਕੁੰਗੀ ਦਾ ਹਮਲਾ ਆਮ ਕਰ ਕੇ ਸਭ ਤੋਂ ਪਹਿਲਾਂ ਨੀਮ ਪਹਾੜੀ ਜ਼ਿਲ੍ਹਿਆਂ ਹੁਸ਼ਿਆਰਪੁਰ, ਗੁਰਦਾਸਪੁਰ, ਰੋਪੜ, ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡਾਂ ’ਚ ਨਜ਼ਰ ਆਉਂਦਾ ਹੈ।

ਇਹ ਵੀ ਪੜ੍ਹੋ : ਪੀ. ਐੱਚ. ਡੀ. ਪਾਸ ਸਬਜ਼ੀ ਵੇਚ ਕਰ ਰਿਹੈ ਘਰ ਦਾ ਗੁਜ਼ਾਰਾ, ਜਾਣੋ ਪ੍ਰੋਫੈਸਰ ਦੀ ਪੂਰੀ ਕਹਾਣੀ

ਕਦੋਂ ਤੇ ਕਿਵੇਂ ਹੁੰਦੈ ਹਮਲਾ?

ਪੀਲੀ ਕੁੰਗੀ ਦੇ ਹਮਲੇ ਅਤੇ ਵਾਧੇ ਲਈ ਰਾਤ ਦਾ ਘੱਟੋ-ਘੱਟ ਤਾਪਮਾਨ 7-13 ਡਿਗਰੀ ਸੈਲਸੀਅਸ, ਦਿਨ ਦਾ 15-24 ਡਿਗਰੀ ਸੈਲਸੀਅਸ ਅਤੇ ਹਵਾ ’ਚ ਨਮੀ ਦੀ ਮਾਤਰਾ 85-100 ਫੀਸਦੀ ਅਨੁਕੂਲ ਮੰਨਿਆ ਜਾਂਦਾ ਹੈ। ਇਸ ਦੇ ਨਾਲ ਹੀ ਫਰਵਰੀ-ਮਾਰਚ ਮਹੀਨੇ ਦੌਰਾਨ ਬਾਰਿਸ਼ਾਂ ਇਸ ਬੀਮਾਰੀ ਦੇ ਵਾਧੇ ਲਈ ਸਹਾਈ ਹੁੰਦੀਆਂ ਹਨ। ਪੰਜਾਬ ’ਚ ਪੀਲੀ ਕੁੰਗੀ ਬੀਮਾਰੀ ਦੇ ਵਧਣ ਦਾ ਇਹ ਵੀ ਕਾਰਨ ਹੈ ਕਿ ਕਿਸਾਨਾਂ ਵੱਲੋਂ ਨੀਮ ਪਹਾੜੀ ਜ਼ਿਲ੍ਹਿਆਂ ’ਚ ਕੁਝ ਗੈਰ-ਸਿਫ਼ਾਰਿਸ਼ਸੁਦਾ ਕਿਸਮਾਂ ਜਿਵੇਂ ਪੀ. ਬੀ. ਡਬਲਯੂ. 2967, ਡੀ. ਬੀ. ਡਬਲਯੂ. ਅਤੇ 222 ਐੱਚ. ਡੀ. 2386 ਕਿਸਮਾਂ ਦੀ ਕਾਸ਼ਤ ਕੀਤੀ ਜਾਂਦੀ ਰਹੀ ਹੈ। ਸਾਲ 2014-15 ਦੌਰਾਨ ਪੰਜਾਬ ’ਚ ਬਹੁਤ ਸਾਰੇ ਰਕਬੇ ’ਚ ਐੱਚ. ਡੀ. 2967 ਕਿਸਮ ਦੀ ਬਿਜਾਈ ਕੀਤੀ ਗਈ ਸੀ। ਇਹ ਕਿਸਮ ਪੀਲੀ ਕੁੰਗੀ ਦੀ ਨਵੀਂ ਕਿਸਮ 78 ਐੱਸ 84 ਦਾ ਟਾਕਰਾ ਕਰ ਸਕਦੀ ਸੀ ਪਰ ਇਸ ਦੇ ਬਾਵਜੂਦ ਪੀਲੀ ਕੁੰਗੀ ਦੇ ਹਮਲੇ ਤੋਂ ਇਹ ਕਿਸਮ ਵੀ ਨਹੀਂ ਸੀ ਬਚ ਸਕੀ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਜਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਖੇਤੀ ਮਾਹਿਰਾਂ ਦੁਆਰਾ ਸਮੇਂ ਸਿਰ ਕਿਸਾਨਾਂ ਨੂੰ ਪਸਾਰ ਸਾਧਨਾਂ ਦੇ ਵੱਖ-ਵੱਖ ਤਰੀਕਿਆਂ ਰਾਹੀਂ ਜਾਗਰੂਕ ਕਰਨ ਅਤੇ ਦਵਾਈ ਮੁਹੱਈਆ ਕਰਵਾਉਣ ਕਾਰਨ ਨੁਕਸਾਨ ਹੋਣੋਂ ਬਚ ਗਿਆ ਸੀ।

ਇਹ ਵੀ ਪੜ੍ਹੋ : ਲੁਧਿਆਣਾ 'ਚ ਫਿਰ ਇਕ ਹੋਰ ਬਲਾਸਟ, ਦੂਰ ਤੱਕ ਫੈਲੀਆਂ ਅੱਗ ਦੀਆਂ ਲਪਟਾਂ

ਕਿਵੇਂ ਹੁੰਦੀ ਹੈ ਪਛਾਣ?

ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਪੀਲੀ ਕੁੰਗੀ ਨੂੰ ਧਾਰੀਆਂ ਵਾਲੀ ਕੁੰਗੀ ਵੀ ਕਿਹਾ ਜਾਂਦਾ ਹੈ। ਪੀਲੀ ਕੁੰਗੀ ਸਭ ਤੋਂ ਪਹਿਲਾਂ ਹੇਠਲੇ ਪੱਤਿਆਂ ਉੱਪਰ ਆਉਂਦੀ ਹੈ, ਜੋ ਪੀਲੇ ਰੰਗ ਦੇ ਪਾਊਡਰੀ ਲੰਮੀਆਂ ਧਾਰੀਆਂ ਦੇ ਰੂਪ ’ਚ ਧੱਬਿਆਂ ਦੇ ਰੂਪ ’ਚ ਦਿਖਾਈ ਦਿੰਦੀ ਹੈ, ਜੇਕਰ ਪ੍ਰਭਾਵਿਤ ਪੱਤੇ ਨੂੰ 2 ਉਂਗਲਾਂ ’ਚ ਫੜਿਆ ਜਾਵੇ ਤਾਂ ਉਂਗਲਾਂ ’ਤੇ ਪੀਲਾ ਪਾਊਡਰ ਲੱਗ ਜਾਂਦਾ ਹੈ। ਜਦੋਂ ਬੀਮਾਰੀ ਵਧ ਜਾਂਦੀ ਹੈ ਤਾਂ ਬੀਮਾਰੀ ਸਿੱਟਿਆਂ ’ਤੇ ਵੀ ਦਿਖਾਈ ਦਿੰਦੀ ਹੈ, ਜਿਸ ਨਾਲ ਦਾਣੇ ਪਤਲੇ ਪੈ ਜਾਂਦੇ ਹਨ ਅਤੇ ਝਾੜ ਬਹੁਤ ਘੱਟ ਜਾਂਦਾ ਹੈ। ਪੀਲੀ ਕੁੰਗੀ ਦੇ ਪੀਲੇ ਕਣ, ਹਲਦੀ ਦੇ ਪਾਊਡਰ ਵਾਂਗ ਹੱਥਾਂ ਅਤੇ ਕੱਪੜਿਆਂ ’ਤੇ ਵੀ ਲੱਗ ਜਾਂਦੇ ਹਨ, ਜੋ ਬੀਮਾਰੀ ਦੇ ਅਗਾਂਹ ਫੈਲਣ ’ਚ ਸਹਾਈ ਹੁੰਦੇ ਹਨ। ਇਸ ਬੀਮਾਰੀ ਦੇ ਕਣ ਗਰਮੀਆਂ ਦੌਰਾਨ ਪਹਾੜਾਂ ’ਚ ਬੀਜੀ ਕਣਕ ਦੀ ਫ਼ਸਲ ’ਤੇ ਵਧਦੇ ਰਹਿੰਦੇ ਹਨ ਅਤੇ ਬਾਅਦ ’ਚ ਦਸੰਬਰ-ਜਨਵਰੀ ਮਹੀਨੇ ਦੌਰਾਨ ਪੰਜਾਬ ’ਚ ਨੀਮ ਪਹਾੜੀ ਜ਼ਿਲ੍ਹਿਆਂ ’ਚ ਹਮਲਾ ਕਰ ਦਿੰਦੇ ਹਨ, ਜਿਥੋਂ ਇਹ ਕਣ ਹੋਰਨਾਂ ਇਲਾਕਿਆਂ ’ਚ ਫ਼ੈਲ ਜਾਂਦੇ ਹਨ।

ਕਿਵੇਂ ਕੀਤਾ ਜਾਵੇ ਬਚਾਅ?

ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਪੀਲੀ ਕੁੰਗੀ ਤੋਂ ਬਚਾਅ ਲਈ ਜ਼ਰੂਰੀ ਹੈ ਕਿ ਕਿਸਾਨ ਸਿਰਫ਼ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਿਫਾਰਿਸ਼ਸ਼ੁਦਾ ਰੋਗ ਰਹਿਤ ਕਿਸਮਾਂ ਜਿਵੇਂ ਪੀ. ਬੀ. ਡਬਲਯੂ. 824, 826, 869, 803, ਡੀ. ਬੀ. ਡਬਲਯੂ. 222, 187, ਪੀ. ਬੀ. ਡਬਲਯੂ. 725, ਪੀ. ਬੀ. ਡਬਲਯੂ. 677, ਪੀ. ਬੀ. ਡਬਲਯੂ. 660, ਦੀ ਹੀ ਕਾਸ਼ਤ ਕਰਿਆ ਕਰਨ ਕਿਉਂਕਿ ਇਹ ਕਿਸਮਾਂ ਪੀਲੀ ਕੁੰਗੀ ਦੀ ਜਾਤੀ 78 ਐੱਸ 84 ਦਾ ਟਾਕਰਾ ਕਰਨ ਦੀ ਸਮਰੱਥਾ ਰੱਖਦੀਆਂ ਹਨ। ਨੀਮ ਪਹਾੜੀ ਜ਼ਿਲਿਆਂ ’ਚ ਅਕਤੂਬਰ ਮਹੀਨੇ ਦੌਰਾਨ ਕਣਕ ਦੀ ਬਿਜਾਈ ਨਾ ਕੀਤੀ ਜਾਵੇ। ਕਿਸਾਨਾਂ ਨੂੰ ਚਾਹੀਦਾ ਹੈ ਕਿ ਦਸੰਬਰ ਮਹੀਨੇ ਤੋਂ ਬਾਅਦ ਪਾਣੀ ਲਾਉਣ ਜਾਂ ਬਾਰਿਸ਼ ਹੋਣ ਤੋਂ ਬਾਅਦ ਆਪਣੇ ਖੇਤਾਂ ਦਾ ਨਿਰੰਤਰ ਨਿਰੀਖਣ ਕਰਦੇ ਰਹਿਣ ਅਤੇ ਜਦੋਂ ਵੀ ਪੀਲੀ ਕੁੰਗੀ ਦੇ ਹਮਲੇ ਦੇ ਸ਼ੁਰੂਆਤੀ ਲੱਛਣ ਦਿਖਾਈ ਦੇਣ ਤਾਂ ਤੁਰੰਤ 200 ਗ੍ਰਾਮ ਟੈਬੂਕੋਨਾਜ਼ੋਲ ਜਾਂ 200 ਮਿ. ਲਿ. ਪ੍ਰੋਪੀਕੋਨਾਜ਼ੋਲ ਜਾਂ 200 ਮਿਲੀ ਲਿਟਰ ਪਾਈਰੈਕਲੋਸਟ੍ਰੋਬਿਨ+ਇਪੋਕਸੀਕਪਨਾਜ਼ੋਲ 18.3 ਈ. ਸੀ. ਜਾਂ 200 ਮਿਲੀ ਲਿਟਰ ਐਜ਼ੋਕਸੀਸਟ੍ਰੋਬਿਨ +ਟੈਬੂਕੋਨਾਜ਼ੋਲ ਜਾਂ 120 ਗ੍ਰਾਮ ਟਰਾਈਫਲੋਕਸੀਸਟਰੋਬਿਨ+ਟੈਬੂਕੋਨਾਜ਼ੋਲ 75 ਡਬਲਯੂ. ਜੀ. ਪ੍ਰਤੀ ਏਕੜ ਨੂੰ 200 ਲਿਟਰ ਪਾਣੀ ’ਚ ਘੋਲ ਕੇ ਛਿੜਕਾਅ ਕਰ ਦੇਣਾ ਚਾਹੀਦਾ ਹੈ। ਜੇਕਰ ਪੀਲੀ ਕੁੰਗੀ ਦਾ ਹਮਲਾ ਸੁਰੂਆਤੀ ਦੌਰ ’ਚ ਹੈ ਤਾਂ ਉੱਲੀਨਾਸ਼ਕ ਦਾ ਛਿੜਕਾਅ ਧੌੜੀਆਂ ’ਚ ਹੀ ਕੀਤਾ ਜਾ ਸਕਦਾ ਹੈ ਤਾਂ ਜੋ ਸ਼ੁਰੂਆਤੀ ਦੌਰ ’ਚ ਹੀ ਪੀਲੀ ਕੁੰਗੀ ਦੇ ਅਗਾਂਹੂ ਫੈਲਾਅ ਨੂੰ ਰੋਕਿਆ ਜਾ ਸਕੇ। ਗੰਭੀਰ ਹਾਲਾਤ ’ਚ ਦੂਜਾ ਛਿੜਕਾਅ 15 ਦਿਨ ਦੇ ਵਕਫ਼ੇ ’ਤੇ ਕਰੋ ਤਾਂ ਜੋ ਟੀ. ਸੀ. ਵਾਲਾ ਪੱਤਾ ਬੀਮਾਰੀ ਰਹਿਤ ਰਹਿ ਸਕੇ।

ਇਹ ਵੀ ਪੜ੍ਹੋ : ਪੰਜਾਬ 'ਚ ਧੁੰਦ ਤੇ ਠੰਡ ਦਾ ਲਗਾਤਾਰ ਪ੍ਰਕੋਪ, ਮੌਸਮ ਵਿਭਾਗ ਨੇ ਐਤਵਾਰ ਤੱਕ ਜਾਰੀ ਕੀਤਾ ਅਲਰਟ

ਹੋਰ ਕਾਰਨਾਂ ਕਰ ਕੇ ਵੀ ਪੀਲੀ ਹੋ ਸਕਦੀ ਹੈ ਕਣਕ

ਕਈ ਵਾਰ ਕਿਸਾਨ ਕਣਕ ਦੀ ਫ਼ਸਲ ਦੇ ਪੌਦਿਆਂ ਦੇ ਪੱਤੇ ਪੀਲੇ ਹੋਣ ’ਤੇ ਪੀਲੀ ਕੁੰਗੀ ਦੇ ਭੁਲੇਖੇ ਦਵਾਈ ਦਾ ਛਿੜਕਾੳ ਸ਼ੁਰੂ ਕਰ ਦਿੰਦੇ ਹਨ, ਜਿਸ ਨਾਲ ਸਮੇਂ ਦੀ ਬਰਬਾਦੀ ਦੇ ਨਾਲ-ਨਾਲ ਖੇਤੀ ਲਾਗਤ ਖਰਚੇ ਵੀ ਵਧਦੇ ਹਨ। ਕਣਕ ਦੀ ਫ਼ਸਲ ਗੰਧਕ, ਨਾਈਟਰੋਜਨ, ਜ਼ਿੰਕ ਦੀ ਘਾਟ ਕਾਰਨ ਵੀ ਪੀਲੀ ਹੋ ਸਕਦੀ ਹੈ। ਇਸ ਲਈ ਕਿਸਾਨਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਜਦੋਂ ਵੀ ਖੇਤਾਂ ’ਚ ਪੌਦਿਆਂ ਦੇ ਪੱਤੇ ਪੀਲੇ ਦਿਖਾਈ ਦੇਣ ਤਾਂ ਪ੍ਰਭਾਵਿਤ ਬੂਟਿਆਂ ਨੂੰ ਜੜ੍ਹਾਂ ਅਤੇ ਮਿੱਟੀ ਸਮੇਤ ਪੁੱਟ ਕੇ ਖੇਤੀ ਮਾਹਿਰਾਂ ਕੋਲ ਲਿਜਾ ਕੇ ਪਛਾਣ ਕਰਵਾਉਣ ਉਪਰੰਤ ਹੀ ਸਿਫਾਰਿਸ਼ਾਂ ਅਨੁਸਾਰ ਦਵਾਈਆਂ ਦਾ ਛਿੜਕਾਅ ਕਰਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News