ਹੂਰ ਵਿਖੇ ਤੀਆਂ ਦੀਆਂ ਰੌਣਕਾਂ, ਮਹਿਲਾਵਾਂ ਨੇ ਪੰਜਾਬੀ ਸੱਭਿਆਚਾਰ ਦੇ ਰੰਗਾਂ ਨਾਲ ਮਨਾਇਆ ਤਿਉਹਾਰ
Wednesday, Aug 12, 2026 - 02:10 AM (IST)
ਅੰਮ੍ਰਿਤਸਰ (ਸਰਬਜੀਤ) : ਸਾਵਣ ਦੇ ਮਹੀਨੇ ਦੀਆਂ ਖੁਸ਼ੀਆਂ ਅਤੇ ਪੰਜਾਬੀ ਸੱਭਿਆਚਾਰ ਦੀਆਂ ਪੁਰਾਤਨ ਰਵਾਇਤਾਂ ਨੂੰ ਸਮਰਪਿਤ ਤੀਆਂ ਦਾ ਤਿਉਹਾਰ ਹੂਰ ਡਿਜ਼ਾਈਨਰ ਵਿਖੇ ਬੜੇ ਹੀ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਡਿਜ਼ਾਈਨਰ ਰਾਖੀ ਮੋਹਨ ਦੀ ਰਹਿਨੁਮਾਈ ਹੇਠ ਕਰਵਾਏ ਗਏ ਇਸ ਵਿਸ਼ੇਸ਼ ਸਮਾਗਮ ਵਿੱਚ ਮਹਿਲਾਵਾਂ ਅਤੇ ਨਵ-ਵਿਆਹੀਆਂ ਨੇ ਉਤਸ਼ਾਹ ਨਾਲ ਸ਼ਿਰਕਤ ਕਰਦਿਆਂ ਤੀਆਂ ਦੇ ਰਵਾਇਤੀ ਰੰਗ ਨੂੰ ਹੋਰ ਵੀ ਖੂਬਸੂਰਤ ਬਣਾਇਆ। ਸਮਾਗਮ ਵਿੱਚ ਵਿਸ਼ੇਸ਼ ਤੌਰ ’ਤੇ ਸੀਨੀਅਰ ਕਾਂਗਰਸੀ ਆਗੂ ਮਮਤਾ ਦੱਤਾ ਨੇ ਪਹੁੰਚ ਕੇ ਮਹਿਲਾਵਾਂ ਅਤੇ ਨਵ-ਵਿਆਹੀਆਂ ਨਾਲ ਤੀਆਂ ਦੇ ਤਿਉਹਾਰ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਤਿਉਹਾਰ ਸਿਰਫ਼ ਖੁਸ਼ੀਆਂ ਮਨਾਉਣ ਦਾ ਸਾਧਨ ਹੀ ਨਹੀਂ, ਸਗੋਂ ਇਹ ਸਾਡੀ ਅਮੀਰ ਵਿਰਾਸਤ, ਸੱਭਿਆਚਾਰ ਅਤੇ ਪਰੰਪਰਾਵਾਂ ਦੀ ਪਛਾਣ ਵੀ ਹਨ।
ਮਮਤਾ ਦੱਤਾ ਨੇ ਕਿਹਾ ਕਿ ਅੱਜ ਦੇ ਆਧੁਨਿਕ ਦੌਰ ਵਿੱਚ ਨਵੀਂ ਪੀੜ੍ਹੀ ਪੱਛਮੀ ਸੱਭਿਆਚਾਰ ਵੱਲ ਵਧ ਰਹੀ ਹੈ, ਜੋ ਸਮੇਂ ਦੇ ਬਦਲਾਅ ਦਾ ਹਿੱਸਾ ਹੈ, ਪਰ ਇਸ ਦੇ ਨਾਲ ਹੀ ਨੌਜਵਾਨ ਪੀੜ੍ਹੀ ਨੂੰ ਆਪਣੇ ਸੱਭਿਆਚਾਰ ਅਤੇ ਪਰੰਪਰਾਗਤ ਤਿਉਹਾਰਾਂ ਬਾਰੇ ਜਾਣਕਾਰੀ ਹੋਣਾ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਤੀਆਂ ਵਰਗੇ ਤਿਉਹਾਰ ਸਾਡੀਆਂ ਧੀਆਂ ਅਤੇ ਮਹਿਲਾਵਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਦਾ ਸੁੰਦਰ ਮੌਕਾ ਪ੍ਰਦਾਨ ਕਰਦੇ ਹਨ। ਇਸ ਦੌਰਾਨ ਡਿਜ਼ਾਈਨਰ ਰਾਖੀ ਮੋਹਨ ਨੇ ਆਏ ਹੋਏ ਮਹਿਮਾਨਾਂ ਅਤੇ ਮਹਿਲਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਪੰਜਾਬੀ ਸੱਭਿਆਚਾਰ ਦੀਆਂ ਰਵਾਇਤਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਸਮਾਗਮ ਦੌਰਾਨ ਮਹਿਲਾਵਾਂ ਨੇ ਤੀਆਂ ਦੇ ਰਵਾਇਤੀ ਰੰਗਾਂ ਅਤੇ ਸੱਭਿਆਚਾਰਕ ਮਾਹੌਲ ਦਾ ਭਰਪੂਰ ਆਨੰਦ ਮਾਣਿਆ।
