ਅਕਾਲੀ ਆਗੂ ਦੇ ਗੇਟ ਅੱਗੇ ਅਣਪਛਾਤਿਆਂ ਨੇ ਚਲਾਈਆਂ ਗੋਲੀਆਂ, ਲੋਕਾਂ ’ਚ ਸਹਿਮ
Sunday, Dec 22, 2024 - 11:28 AM (IST)

ਝਬਾਲ (ਨਰਿੰਦਰ)-ਥਾਣਾ ਝਬਾਲ ਅਧੀਨ ਆਉਂਦੇ ਪਿੰਡ ਸੋਹਲ ਵਿਖੇ ਬੀਤੀ ਰਾਤ ਦੋ ਮੂੰਹ ਬੰਨ੍ਹੀ ਆਏ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਪਿੰਡ ਦੇ ਅਕਾਲੀ ਆਗੂ ਅਤੇ ਆੜ੍ਹਤੀ ਬਲਵਿੰਦਰ ਸਿੰਘ ਪੱਪੂ ਦੇ ਗੇਟ ਅੱਗੇ ਗੋਲੀਆਂ ਚਲਾਈਆਂ ਜੋ ਉਨ੍ਹਾਂ ਦੇ ਗੇਟ ਵਿਚ ਲੱਗੀਆ। ਸਾਰੀ ਘਟਨਾ ਸੀ.ਸੀ.ਟੀ.ਵੀ.ਕੈਮਰੇ ਵਿਚ ਕੈਦ ਹੋ ਗਈ। ਇਸ ਸਬੰਧੀ ਅਕਾਲੀ ਆਗੂ ਅਤੇ ਆੜ੍ਹਤੀ ਬਲਵਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਸੁੱਤੇ ਪਏ ਸਨ ਤਾਂ ਤਕਰੀਬਨ 11 ਵਜੇ ਰਾਤ ਨੂੰ ਉਨ੍ਹਾਂ ਦੇ ਬਾਹਰਲੇ ਗੇਟ ਅੱਗੇ ਗੋਲੀ ਚੱਲਣ ਦੀ ਆਵਾਜ਼ ਆਈ, ਜਿਸ ’ਤੇ ਜਦੋਂ ਉਨ੍ਹਾਂ ਸੀ.ਸੀ.ਟੀ.ਵੀ. ਕੈਮਰੇ ਦੋ ਘਰ ਵਿੱਚ ਲੱਗੇ ਹਨ, ਵਿਚ ਵੇਖਿਆ ਤਾਂ ਮੂੰਹ ਬੰਨ੍ਹੀ ਦੋ ਅਣਪਛਾਤੇ ਬੂਹੇ ਅੱਗੇ ਗੋਲੀਆਂ ਚਲਾ ਰਹੇ ਸਨ।
ਗੋਲੀਆਂ ਚਲਾਉਣ ਉਪਰੰਤ ਅਣਪਛਾਤੇ ਵਿਅਕਤੀ ਮੋਟਰਸਾਈਕਲ ’ਤੇ ਫਰਾਰ ਹੋ ਗਏ। ਘਟਨਾ ਦਾ ਪਤਾ ਚੱਲਦਿਆਂ ਹੀ ਪੁਲਸ ਦੇ ਉੱਚ ਅਧਿਕਾਰੀ ਮੌਕੇ ’ਤੇ ਪਹੁੰਚੇ ਅਤੇ ਸੀ.ਸੀ.ਟੀ.ਵੀ. ਰਿਕਾਰਡਿੰਗ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਥਾਣਾ ਮੁਖੀ ਪਰਮਜੀਤ ਸਿੰਘ ਵਿਰਦੀ ਨੇ ਕਿਹਾ ਕਿ ਪੁਲਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।