ਲੋਕਾਂ ਦੀ ਸੁਰੱਖਿਆ ਰੱਬ ਭਰੋਸੇ, ਐਂਟਰੀ ਪੁਆਇੰਟਾਂ ''ਤੇ ਰਾਤ ਸਮੇਂ ਕੋਈ ਵੀ ਪੁਲਸ ਕਰਮਚਾਰੀ ਨਹੀਂ ਹੁੰਦੈ ਤਾਇਨਾਤ
Saturday, Aug 02, 2025 - 01:07 PM (IST)

ਤਰਨਤਾਰਨ (ਰਮਨ ਚਾਵਲਾ)- ਇਕ ਪਾਸੇ ਆਜ਼ਾਦੀ ਦਿਹਾੜੇ ਨੂੰ ਮਨਾਉਣ ਸਬੰਧੀ ਪ੍ਰਸ਼ਾਸਨ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ ਪੁਲਸ ਪ੍ਰਸ਼ਾਸਨ ਵੱਲੋਂ ਗ੍ਰਹਿ ਵਿਭਾਗ ਦੇ ਆਦੇਸ਼ਾਂ ਤਹਿਤ ਕਿਸੇ ਅਣਸੁਖਾਵੀਂ ਘਟਨਾ ਦੇ ਵਾਪਰਨ ਤੋਂ ਰੋਕਣ ਨੂੰ ਲੈ ਕੇ ਸੁਰੱਖਿਆ ਪ੍ਰਬੰਧ ਸਖ਼ਤ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ ਪ੍ਰੰਤੂ ਸਥਾਨਕ ਗੁਰੂ ਨਗਰੀ ’ਚ ਜਿੱਥੇ ਦਿਨ ਵੇਲੇ ਲੁਟੇਰਿਆਂ ਅਤੇ ਚੋਰਾਂ ਦੇ ਹੌਸਲੇ ਬੁਲੰਦ ਨਜ਼ਰ ਆਉਂਦੇ ਹਨ, ਉਥੇ ਹੀ ਰਾਤ ਸਮੇਂ ਨਾਕਿਆਂ ਉਪਰ ਪੁਲਸ ਕਰਮਚਾਰੀ ਗਾਇਬ ਨਜ਼ਰ ਆ ਰਹੇ ਹਨ।
ਇਹ ਵੀ ਪੜ੍ਹੋ-ਪੰਜਾਬ ਦੇ ਇਸ ਇਲਾਕੇ 'ਚ ਅਚਾਨਕ ਸਰਕਾਰੀ ਤੇ ਗੈਰ ਸਰਕਾਰੀ ਸਕੂਲਾਂ 'ਚ ਛੁੱਟੀ ਦੇ ਹੁਕਮ
ਦੇਰ ਰਾਤ ਸਮੇਂ ਮੌਕੇ ਦੇ ਲਏ ਗਏ ਜਾਇਜ਼ੇ ਦੌਰਾਨ ਪੁਲਸ ਦੇ ਦਾਅਵੇ ਖੋਖਲੇ ਨਜ਼ਰ ਆਏ। ਸਥਾਨਕ ਸ਼ਹਿਰ ਵਾਸੀਆਂ ਦੀ ਪੁਲਸ ਦੇ ਮੁਖੀ ਪਾਸੋਂ ਮੰਗ ਹੈ ਕਿ ਸ਼ਹਿਰ ਵਿਚ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਸਖ਼ਤ ਕਰਦੇ ਹੋਏ ਮਾੜੇ ਅਨਸਰਾਂ ਉਪਰ ਨੱਥ ਪਾਈ ਜਾਵੇ। ਸ਼ਹਿਰ ਦੇ ਵੱਖ-ਵੱਖ ਮਹੱਲਿਆਂ ਅਤੇ ਗਲੀਆਂ ਵਿਚ ਲੋਕਾਂ ਦੇ ਘਰਾਂ ਨੂੰ ਚੋਰਾਂ ਵੱਲੋਂ ਜਿੱਥੇ ਦਿਨ ਵੇਲੇ ਨਿਸ਼ਾਨਾ ਬਣਾਏ ਜਾਣ ਦੀਆਂ ਵਾਰਦਾਤਾਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ, ਉਥੇ ਹੀ ਰਾਤ ਸਮੇਂ ਬੇਖੌਫ ਹੋ ਕੇ ਸੜਕਾਂ ਉਪਰ ਘੁੰਮਦੇ ਚੋਰਾਂ ਅਤੇ ਮਾੜੇ ਅਨਸਰਾਂ ਨੂੰ ਨੱਥ ਪਾਉਣ ਵਿਚ ਪੁਲਸ ਦੇ ਦਾਅਵੇ ਉਸ ਵੇਲੇ ਖੋਖਲੇ ਨਜ਼ਰ ਆਏ, ਜਦੋਂ ਵੱਖ-ਵੱਖ ਪ੍ਰਮੁੱਖ ਨਾਕਿਆਂ ਉਪਰ ਪੁਲਸ ਕਰਮਚਾਰੀ ਗਾਇਬ ਨਜ਼ਰ ਆਏ।
ਇਹ ਵੀ ਪੜ੍ਹੋ- ਜ਼ਿਲ੍ਹਾ ਪ੍ਰਸ਼ਾਸਨ ਗੁਰਦਾਸਪੁਰ ਵੱਲੋਂ ਨਿਵੇਕਲੀ ਪਹਿਲ, ਅੱਜ ਤੇ ਕੱਲ੍ਹ ਔਰਤਾਂ ਸਣੇ ਕਿਸਾਨਾਂ ਲਈ ਵਧੀਆ ਮੌਕਾ
ਦੇਰ ਰਾਤ ਕਰੀਬ 11.30 ਵਜੇ ਜੰਡਿਆਲਾ ਬਾਈਪਾਸ ਚੌਂਕ ਵਿਚ ਜਦੋਂ ਜਗਬਾਣੀ ਦੀ ਟੀਮ ਵੱਲੋਂ ਜਾਇਜ਼ਾ ਲਿਆ ਗਿਆ ਤਾਂ ਉਸ ਵੇਲੇ ਇਕ ਵੀ ਪੁਲਸ ਕਰਮਚਾਰੀ ਨਜ਼ਰ ਨਹੀਂ ਆਇਆ ਹਾਲਾਂਕਿ ਇਸ ਦੌਰਾਨ ਦੇਰ ਰਾਤ ਚੱਲਣ ਵਾਲੀਆਂ ਬੱਸਾਂ ਤੋਂ ਸਵਾਰੀਆਂ ਉਤਰਦੀਆਂ ਅਤੇ ਚੜ੍ਹਦੀਆਂ ਵੇਖੀਆਂ ਗਈਆਂ ਜੋ ਸਥਾਨਕ ਸ਼ਹਿਰ ਵਿਚ ਪੈਦਲ ਆਪਣੇ ਘਰਾਂ ਨੂੰ ਜਾਂਦੇ ਸਮੇਂ ਪੁਲਸ ਦੀ ਇਸ ਸੁਰੱਖਿਆ ਨੂੰ ਕੋਸਦੇ ਨਜ਼ਰ ਆਏ। ਇਸ ਦੌਰਾਨ ਘਰੋਂ ਦਵਾਈ ਲੈਣ ਦੀ ਸੂਰਤ ਵਿਚ ਨਿਕਲੇ ਨੌਜਵਾਨਾਂ ਨੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਇਸ ਚੌਂਕ ਵਿਚ ਕੋਈ ਵੀ ਪੁਲਸ ਕਰਮਚਾਰੀ ਤੈਨਾਤ ਨਹੀਂ ਹੈ, ਜਿਸਦੇ ਚੱਲਦਿਆਂ ਚੋਰਾਂ ਵੱਲੋਂ ਚੋਰੀ ਦੀਆਂ ਵਾਰਦਾਤਾਂ ਨੂੰ ਲਗਾਤਾਰ ਜਾਰੀ ਰੱਖਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਚੌਂਕ ਵਿਚ ਪੁਲਸ ਨੂੰ 24 ਘੰਟੇ ਨਾਕੇ ਉਪਰ ਤੈਨਾਤ ਰਹਿਣਾ ਚਾਹੀਦਾ ਹੈ।
ਇਹ ਵੀ ਪੜ੍ਹੋ- ਹੋਟਲ ’ਚ ਪੁਲਸ ਦੀ ਰੇਡ, ਮਾਲਕ ਸਮੇਤ 10 ਮੁਲਜ਼ਮ ਗ੍ਰਿਫ਼ਤਾਰ
ਇਸ ਤੋਂ ਬਾਅਦ 11.40 ਵਜੇ ਰਾਤ ਜਦੋਂ ਸਥਾਨਕ ਬੋਹੜੀ ਚੌਂਕ ਦਾ ਜਾਇਜ਼ਾ ਲਿਆ ਗਿਆ ਤਾਂ ਉਸ ਵੇਲੇ ਵੀ ਕੋਈ ਵੀ ਪੁਲਸ ਕਰਮਚਾਰੀ ਮੌਕੇ ’ਤੇ ਨਜ਼ਰ ਨਹੀਂ ਆਇਆ। ਸ੍ਰੀ ਦਰਬਾਰ ਸਾਹਿਬ ਨੂੰ ਜਾਣ ਵਾਲੇ ਰਸਤੇ ਅੱਡਾ ਬਾਜ਼ਾਰ, ਬੋਹੜੀ ਵਾਲੇ ਬਾਜ਼ਾਰ ਅਤੇ ਜੰਡਿਆਲਾ ਰੋਡ ਨੂੰ ਜਾਣ ਵਾਲੇ ਰਸਤੇ ਉਪਰ ਕੋਈ ਵੀ ਪੀ.ਸੀ.ਆਰ ਕਰਮਚਾਰੀ ਤੱਕ ਨਜ਼ਰ ਨਹੀਂ ਆਇਆ। ਪੁਲਸ ਪ੍ਰਸ਼ਾਸਨ ਵੱਲੋਂ ਰੋਜ਼ਾਨਾ ਸੋਸ਼ਲ ਮੀਡੀਆ ਦੇ ਆਪਣੇ ਨਿੱਜੀ ਪੇਜ ਉਪਰ ਸਾਰੀ ਰਾਤ ਲੱਗਣ ਵਾਲੇ ਨਾਕਿਆਂ ਦੀਆਂ ਫੋਟੋਆਂ ਅਪਲੋਡ ਕਰਦੇ ਹੋਏ ਵਾਹੋ ਵਾਹੀ ਖੱਟੀ ਜਾਂਦੀ ਹੈ ਪ੍ਰੰਤੂ ਅਸਲੀਅਤ ਵਿਚ ਇਹ ਨਾਕੇ ਕੁਝ ਸਮੇਂ ਤੱਕ ਲਗਾ ਕੇ ਫੋਟੋ ਖਿੱਚਣ ਤੋਂ ਬਾਅਦ ਖਤਮ ਹੋ ਜਾਂਦੇ ਹਨ।
ਇਹ ਵੀ ਪੜ੍ਹੋ- ਤਰਨਤਾਰਨ 'ਚ ਐਨਕਾਊਂਟਰ, ਇਕ ਬਦਮਾਸ਼ ਢੇਰ
ਇਸ ਤੋਂ ਬਾਅਦ ਜਗਬਾਣੀ ਦੀ ਟੀਮ ਵੱਲੋਂ ਅੰਮ੍ਰਿਤਸਰ ਬਾਈਪਾਸ ਚੌਂਕ ਜੋ ਵੱਖ-ਵੱਖ ਪਿੰਡਾਂ ਤੋਂ ਸ਼ਹਿਰ ਨੂੰ ਜੋੜਦਾ ਹੈ, ਵਿਖੇ ਜਾ ਕੇ ਮੌਕੇ ਦਾ ਜਾਇਜ਼ਾ ਲਿਆ ਗਿਆ। ਹੈਰਾਨੀ ਦੀ ਗੱਲ ਇਥੇ ਵੀ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਪੁਲਸ ਦੀ ਬਣਾਈ ਗਈ ਪੋਸਟ ਨੂੰ ਤਾਰਾਂ ਨਾਲ ਬੰਨ੍ਹ ਕੇ ਪੱਕੇ ਤੌਰ ਉਪਰ ਬੰਦ ਕੀਤਾ ਗਿਆ ਸੀ ਅਤੇ ਉਸ ਵਿਚ ਕੋਈ ਵੀ ਪੁਲਸ ਕਰਮਚਾਰੀ ਨਜ਼ਰ ਨਹੀਂ ਆਇਆ। ਰਾਤ ਕਰੀਬ 12 ਵਜੇ ਸ਼ਹਿਰ ਵਿਚ ਵੱਖ-ਵੱਖ ਵਾਹਨ ਬੇਰੋਕ-ਟੋਕ ਦਾਖਲ ਹੁੰਦੇ ਨਜ਼ਰ ਆਏ, ਜਿਨ੍ਹਾਂ ਵਿਚ ਕੋਈ ਅਪਰਾਧੀ ਕਿਸਮ ਦੇ ਵਿਅਕਤੀ ਵੀ ਹੋ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਜ਼ਾਦੀ ਦਿਵਸ ਨੂੰ ਲੈ ਕੇ ਜਿੱਥੇ ਦੇਸ਼ ਭਰ ਵਿਚ ਹਾਈ ਅਲਰਟ ਗ੍ਰਹਿ ਵਿਭਾਗ ਵੱਲੋਂ ਜਾਰੀ ਕਰ ਦਿੱਤਾ ਜਾਂਦਾ ਹੈ, ਉਥੇ ਹੀ ਇਸ ਸ਼ਹਿਰ ਦੇ ਚਾਰੇ ਪਾਸੇ ਲੱਗਣ ਵਾਲੇ ਨਾਕਿਆਂ ਉਪਰ ਪੁਲਸ ਦੇ ਕਰਮਚਾਰੀ ਕਿਉਂ ਗੈਰ ਹਾਜ਼ਰ ਹੋ ਜਾਂਦੇ ਹਨ, ਇਸ ਦੀ ਪੜਤਾਲ ਸਾਰੀ ਰਾਤ ਨਾਕਿਆਂ ਨੂੰ ਚੈੱਕ ਕਰਨ ਵਾਲੇ ਅਧਿਕਾਰੀਆਂ ਪਾਸੋਂ ਵੀ ਕੀਤੀ ਜਾਣੀ ਚਾਹੀਦੀ ਹੈ। ਇਸ ਸਬੰਧੀ ਜਦੋਂ ਜ਼ਿਲੇ ਦੇ ਐੱਸ.ਪੀ ਇਨਵੈਸਟੀਗੇਸ਼ਨ ਅਜੇ ਰਾਜ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਸਾਰੀ ਜਾਣਕਾਰੀ ਐੱਸ.ਐੱਸ.ਪੀ ਹੀ ਦੇਣਗੇ। ਜਦੋਂ ਐੱਸ.ਐੱਸ.ਪੀ ਦੀਪਕ ਪਾਰੀਕ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ।