ਭਾਰਤ-ਪਾਕਿ ਸਰਹੱਦ ਕੋਲ ਵੱਗਦੇ ਉੱਝ ਦਰਿਆ ’ਚ ਪਾਣੀ ਦਾ ਵਧਿਆ ਪੱਧਰ, ਬਣੇ ਹੜ੍ਹ ਵਰਗੇ ਹਾਲਾਤ

08/16/2022 6:45:05 PM

ਬਮਿਆਲ (ਮੁਨੀਸ਼) : ਭਾਰਤ-ਪਾਕਿ ਸਰਹੱਦ ਕੋਲ ਵਗਦਾ ਉਂਝ ਦਰਿਆ ਸੋਮਵਾਰ ਨੂੰ ਇਕ ਵਾਰ ਫਿਰ ਉਫਾਨ ’ਤੇ ਆ ਗਿਆ ਹੈ। ਦਰਿਆ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ 70 ਹਜ਼ਾਰ ਕਿਊਸਿਕ ਜ਼ਿਆਦਾ ਹੋਣ ’ਤੇ ਦਰਿਆ ਤੋਂ ਬਾਹਰ ਨਿਕਲਣਾ ਸ਼ੁਰੂ ਹੋ ਗਿਆ ਹੈ। ਸੋਮਵਾਰ ਨੂੰ ਪਾਣੀ ਦਾ ਜਲਪੱਧਰ 170000 ਕਿਊਸਿਕ ਰਿਕਾਰਡ ਕੀਤਾ ਗਿਆ। ਪਾਣੀ ਦੇ ਬਹਾਅ ਵਿਚ ਗੁੱਜਰਾਂ ਦੇ ਕਰੀਬ ਅੱਧਾ ਦਰਜਨ ਡੇਰੇ ਵੀ ਪਾਣੀ ਦੀ ਲਪੇਟ ਵਿਚ ਆ ਗਏ। ਇਸ ਦੌਰਾਨ ਗੁੱਜਰ ਫਿਰਕੇ ਦੇ ਲੋਕਾਂ ਵੱਲੋਂ ਆਪਣੇ ਪਸ਼ੂ ਅਤੇ ਪਰਿਵਾਰਿਕ ਮੈਂਬਰਾਂ ਨੂੰ ਸੁਰੱਖਿਆ ਠਿਕਾਣਿਆਂ ’ਤੇ ਲੈ ਜਾਇਆ ਗਿਆ। ਪਾਣੀ ਦੇ ਤੇਜ਼ ਬਹਾਅ ਕਾਰਨ ਕਈ ਏਕੜ ਫ਼ਸਲ ਪ੍ਰਭਾਵਿਤ ਹੋ ਗਈ ਹੈ।

ਜਾਣਕਾਰੀ ਅਨੁਸਾਰ ਦਰਿਆ ਦੇ ਪਾਣੀ ਦਾ ਪੱਧਰ ਸਵੇਰੇ 6.30 ਵਜੇ ਹੀ ਵਧਣਾ ਸ਼ੁਰੂ ਹੋ ਗਿਆ ਸੀ। ਸਵੇਰ ਦੇ ਸਮੇਂ ਪਾਣੀ ਦਾ ਪੱਧਰ 40 ਹਜ਼ਾਰ ਕਿਊਸਿਕ ਦੇ ਆਸਪਾਸ ਸੀ। 11 ਵਜੇ ਜੇ. ਐਂਡ. ਕੇ. ਦੇ ਰਾਜ ਬਾਗ ਤੋਂ ਦਰਿਆ ਵਿਚ 90 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ, ਜਿੱਥੇ 12 ਵਜੇ ਤੱਕ ਪਾਣੀ ਵਧ ਕੇ 105000 ਕਿਊਸਿਕ ਹੋ ਗਿਆ, ਜਿਸ ਤੋਂ ਬਾਅਦ ਦੁਪਹਿਰ 3 ਵਜੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ 40 ਹਜ਼ਾਰ ਕਿਊਸਿਕ ਜ਼ਿਆਦਾ ਹੋ ਗਿਆ ਅਤੇ ਪਾਣੀ ਦਾ ਰੁਖ ਦਰਿਆ ਦੇ ਬਾਹਰ ਨਿਕਲ ਗਿਆ। ਫਿਰ ਸ਼ਾਮ 5 ਵਜੇ ਇੱਥੇ ਹੜ ਵਰਗੇ ਹਾਲਾਤ ਪੈਦਾ ਹੁੰਦੇ ਦਿਖਾਈ ਦੇਣੇ ਸ਼ੁਰੂ ਹੋ ਗਏ, ਕਿਉਂਕਿ ਸ਼ਾਮ 5 ਵਜੇ ਪਾਣੀ ਦਾ ਜਲ ਪੱਧਰ 170000 ਕਿਊਸਿਕ ਪਹੁੰਚ ਗਿਆ। ਇਸ ਕਾਰਨ ਪਾਣੀ ਦੇ ਤੇਜ਼ ਬਹਾਅ ਦੇ ਚੱਲਦੇ ਪਾਣੀ ਦਾ ਰੁਖ ਬਮਿਆਲ ਵੱਲ ਵੱਧ ਗਿਆ।

ਭਾਰਤ-ਪਾਕਿ ਸਰਹੱਦ ਤੋਂ ਲੈ ਕੇ ਪੁਲਸ ਚੌਕੀ ਪਾਣੀ ’ਚ ਡੁੱਬੀ
ਜਾਣਕਾਰੀ ਅਨੁਸਾਰ ਪਾਣੀ ਦੇ ਤੇਜ਼ ਵਹਾਅ ਕਾਰਨ ਭਾਰਤ-ਪਾਕਿ ਸਰਹੱਦ ਤੋਂ ਲੈ ਕੇ ਪੁਲਸ ਚੌਕੀ ਪਾਣੀ ਵਿਚ ਡੁੱਬ ਗਈ। ਇਸ ਦੌਰਾਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਦਰਿਆ ਦਾ ਪਾਣੀ ਬਮਿਆਲ ਦੇ ਚਾਂਦਨੀ ਚੌਕ ਤੱਕ ਪਹੁੰਚ ਗਿਆ। ਪਾਣੀ ਨਾਲ ਪੁਲਸ ਚੌਕੀ, ਸਬ ਤਹਿਸੀਲ ਦਫ਼ਤਰ, ਬੀ. ਡੀ. ਪੀ. ਓ. ਦਫ਼ਤਰ, ਰਾਧਾ ਸੁਆਮੀ ਸਤਿਸੰਗ ਭਵਨ, ਅਨਾਜ ਮੰਡੀ, ਕਮਿਊਨਿਟੀ ਹਾਲ, ਸਬ-ਇਮਾਰਤਾਂ ਵਿਚ ਪਾਣੀ ਵੜ ਜਾਣ ਨਾਲ ਹੜ੍ਹ ਵਰਗੇ ਹਾਲਾਤ ਪੈਦਾ ਹੋਣ ਦੀ ਅਸ਼ੰਕਾ ਪੈਦਾ ਹੋ ਗਈ, ਜਿਸ ਨਾਲ ਲੋਕਾਂ ’ਚ ਦਹਿਸ਼ਤ ਦਾ ਮਾਹੌਲ ਵੀ ਪੈਦਾ ਹੋ ਗਿਆ।

ਬੀ. ਐੱਸ. ਐੱਫ. ਜਵਾਨ ਮੁਸਤੈਦੀ ਨਾਲ ਕਰ ਰਹੇ ਡਿਊਟੀ
ਦੂਜੇ ਪਾਸੇ ਪਾਣੀ ਦੇ ਤੇਜ਼ ਬਹਾਅ ਸੀਮਾ ਸੁਰੱਖਿਆ ਬਲ ਦੀਆਂ ਕੁਝ ਇਮਾਰਤਾਂ ਨੁਕਸਾਨੀਆਂ ਗਈਆਂ, ਇਸ ਦੇ ਬਾਵਜੂਦ ਬੀ. ਐੱਸ. ਐੱਫ. ਜਵਾਨ ਜਾਨ ਜ਼ੋਖਮ ’ਚ ਪਾ ਕੇ ਆਪਣੀ ਡਿਊਟੀ ਪੂਰੀ ਮੁਸਤੈਦੀ ਦੇ ਨਾਲ ਕਰ ਰਹੇ ਹਨ ਤਾਂ ਕਿ ਹੜ੍ਹ ਦਾ ਫ਼ਾਇਦਾ ਉਠਾ ਕੇ ਪਾਕਿਸਤਾਨ ਕਿਸੇ ਪ੍ਰਕਾਰ ਦੀ ਨਾਪਾਕ ਹਰਕਤ ਨੂੰ ਅੰਜ਼ਾਮ ਨਾ ਦੇ ਸਕੇ। ਦੱਸ ਦੇਈਏ ਕਿ ਦਰਿਆ ਦੇ ਪਾਣੀ ਸਹਿਣ ਦੀ ਸਮਤਾ 100000 ਕਿਊਸਿਕ ਹੈ। ਇਸ ਤੋਂ ਜ਼ਿਆਦਾ ਪਾਣੀ ਆਉਣ ’ਤੇ ਪਾਣੀ ਦਰਿਆ ਤੋਂ ਬਾਹਰ ਨਿਕਲਣਾ ਸ਼ੁਰੂ ਹੋ ਜਾਂਦਾ ਹੈ।

ਲੋਕਾਂ ਨੇ ਪ੍ਰਸ਼ਾਸਨ ਅਤੇ ਸਰਕਾਰ ’ਤੇ ਅਣਦੇਖੀ ਦਾ ਲਗਾਇਆ ਦੋਸ਼
ਦੂਜੇ ਪਾਸੇ ਗੁੱਜਰ ਫਿਰਕੇ ਦੇ ਲੋਕਾਂ ਨੇ ਪ੍ਰਸ਼ਾਸਨ ਅਤੇ ਸਰਕਾਰ ’ਤੇ ਅਣਦੇਖੀ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਇਕ ਪਾਸੇ ਸਰਕਾਰ ਅਤੇ ਪ੍ਰਸ਼ਾਸਨ ਹੜ੍ਹ ਵਰਗੇ ਹਾਲਾਤ ਪੈਦਾ ਹੋਣ ਦੀ ਸਥਿਤੀ ਵਿਚ ਲੋਕਾਂ ਨੂੰ ਹਰ ਸਹਾਇਤਾ ਦਾ ਭਰੋਸਾ ਦਿਵਾਉਂਦਾ ਹੈ ਪਰ 15 ਅਗਸਤ ਦੇ ਦਿਨ ਖੇਤਰ ’ਚ ਕਈ ਅਧਿਕਾਰੀ ਅਤੇ ਹਲਕੇ ਦੇ ਨੇਤਾ ਪ੍ਰੋਗਰਾਮ ਵਿਚ ਪਹੁੰਚੇ ਹੋਏ ਸੀ। ਇਸ ਦੌਰਾਨ ਦਰਿਆ ਦਾ ਜਲ ਪੱਧਰ ਵੱਧ ਗਿਆ। ਖੇਤਰ ਵਿਚ ਹਾਜ਼ਰ ਹੋਣ ਦੇ ਬਾਵਜੂਦ ਕਿਸੇ ਵੀ ਪ੍ਰਸ਼ਾਸਨਿਕ ਅਧਿਕਾਰੀ ਅਤੇ ਨੇਤਾ ਵੱਲੋਂ ਦਰਿਆ ਦੇ ਪਾਣੀ ਨਾਲ ਪ੍ਰਭਾਵਿਤ ਗੁੱਜਰ ਫਿਰਕੇ ਦੇ ਲੋਕਾਂ ਨੂੰ ਮਿਲਣਾ ਵੀ ਮੁਨਾਸਿਬ ਨਹੀਂ ਸਮਝਿਆ ਕਿ ਉਨ੍ਹਾਂ ਦੇ ਡੇਰੇ ਪਾਣੀ ਦੀ ਲਪੇਟ ਵਿਚ ਆ ਚੁੱਕੇ ਸੀ ਅਤੇ ਉਹ ਲੋਕ ਆਪਣੇ ਪਰਿਵਾਰ ਸਮੇਤ ਸੜਕਾਂ ’ਤੇ ਪਹੁੰਚ ਗਏ ਸੀ।


rajwinder kaur

Content Editor

Related News