ਪਾਕਿਸਤਾਨ ਤੋਂ 17 ਕਿਲੋ 240 ਗ੍ਰਾਮ ਹੈਰੋਇਨ ਮੰਗਵਾਉਣ ਵਾਲੇ ਦੋ ਸਮੱਗਲਰ ਕਾਬੂ

07/06/2019 12:42:12 AM

ਭਿੱਖੀਵਿੰਡ/ਖਾਲਡ਼ਾ,(ਭਾਟੀਆ)- ਥਾਣਾ ਖਾਲਡ਼ਾ ਦੀ ਪੁਲਸ ਨੇ ਪਾਕਿਸਤਾਨ ਤੋਂ 17 ਕਿਲੋ 240 ਹੈਰੋਇਨ ਮੰਗਵਾਉਣ ਵਾਲੇ ਦੋ ਨਸ਼ਾ ਸਮੱਗਲਰਾਂ ਨੂੰ ਕਾਬੂ ਕਰਦਿਆਂ ਵੱਡੀ ਕਾਮਯਾਬੀ ਹਾਸਲ ਕੀਤੀ ਹੈ, ਜਦਕਿ ਇਨ੍ਹਾਂ ਦਾ ਇਕ ਸਾਥੀ ਅਜੇ ਫਰਾਰ ਚੱਲ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਪੁਲਸ ਕਪਤਾਨ ਭਿੱਖੀਵਿੰਡ ਸੁਲੱਖਣ ਸਿੰਘ ਮਾਨ ਨੇ ਦੱਸਿਆ ਕਿ ਜ਼ਿਲਾ ਪੁਲਸ ਮੁਖੀ ਤਰਨਤਾਰਨ ਕੁਲਦੀਪ ਸਿੰਘ ਚਾਹਲ ਦੇ ਨਿਰਦੇਸ਼ ’ਤੇ ਨਸ਼ਿਆਂ ਖਿਲਾਫ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਇਹ ਕਾਮਯਾਬੀ ਹਾਸਲ ਹੋਈ ਹੈ। ਉਨ੍ਹਾਂ ਕਿਹਾ ਕਿ ਐੱਸ. ਐੱਚ. ਓ. ਖਾਲਡ਼ਾ ਹਰਪ੍ਰੀਤ ਸਿੰਘ ਵਿਰਕ ਵੱਲੋਂ ਭਾਰਤ-ਪਾਕਿ ਅੰਤਰਰਾਸ਼ਟਰੀ ਸਰਹੱਦ ’ਤੇ ਪਿੰਡ ਵਾਂ ਤਾਰਾ ਸਿੰਘ ਨੇਡ਼ੇ ਦਸੰਬਰ 2018 ਵਿਚ ਪਾਕਿਸਤਾਨ ਵਲੋਂ ਭਾਰਤ ਆਈ 17 ਕਿਲੋ 240 ਗ੍ਰਾਮ ਹੈਰੋਇਨ ਅਤੇ ਹਥਿਆਰਾਂ ਸਬੰਧੀ ਜਾਂਚ ਕੀਤੀ ਜਾ ਰਹੀ ਸੀ। ਜਾਂਚ ਦੌਰਾਨ ਵਾਂ ਤਾਰਾ ਸਿੰਘ ਨਿਵਾਸੀ ਇਕ ਵਿਅਕਤੀ ਨੇ ਐੱਸ.ਐੱਚ.ਓ. ਖਾਲਡ਼ਾ ਨੂੰ ਦੱਸਿਆ ਕਿ ਉਹ ਹੈਰੋਇਨ ਵਾਂ ਤਾਰਾ ਸਿੰਘ ਨਿਵਾਸੀ ਤਿੰਨ ਵਿਅਕਤੀਆਂ ਹਰਜਿੰਦਰ ਸਿੰਘ ਹਥੌਡ਼ੀ ਪੁੱਤਰ ਪ੍ਰਤਾਪ ਸਿੰਘ, ਜ਼ੋਰਾ ਸਿੰਘ ਪੁੱਤਰ ਬਾਜ ਸਿੰਘ, ਪ੍ਰਤਾਪ ਸਿੰਘ ਪੁੱਤਰ ਮਹਿੰਦਰ ਸਿੰਘ ਵੱਲੋਂ ਮੰਗਵਾਈ ਗਈ ਸੀ, ਜਿਸ ਦੇ ਬਿਆਨ ਅਦਾਲਤ ਵਿਚ ਵੀ ਦਰਜ ਕਰਵਾਉਣ ਉਪਰੰਤ ਉਕਤ ਵਿਅਕਤੀਆਂ ਨੂੰ ਪਹਿਲਾਂ ਦਰਜ ਮੁਕੱਦਮੇ ਵਿਚ ਨਾਮਜ਼ਦ ਕਰ ਕੇ ਦੋ ਵਿਅਕਤੀਆਂ ਹਰਜਿੰਦਰ ਸਿੰਘ ਹਥੌਡ਼ੀ ਅਤੇ ਜ਼ੋਰਾ ਸਿੰਘ ਨੂੰ ਕਾਬੂ ਕਰ ਲਿਆ ਗਿਆ ਹੈ, ਜਦਕਿ ਪ੍ਰਤਾਪ ਸਿੰਘ ਪੁਲਸ ਦੀ ਗ੍ਰਿਫਤ ਤੋਂ ਬਾਹਰ ਚੱਲ ਰਿਹਾ ਹੈ। ਡੀ. ਐੱਸ. ਪੀ. ਮਾਨ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਨ੍ਹਾਂ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਥੋਂ ਹੋਰ ਵੀ ਕਈ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਜ਼ਿਕਰਯੋਗ ਹੈ ਕਿ 23 ਦਸੰਬਰ 2018 ਨੂੰ ਤਡ਼ਕੇ ਭਾਰਤ-ਪਾਕਿ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ’ਚੋਂ ਪਾਕਿਸਤਾਨ ਵਲੋਂ ਭੇਜੀ ਪਾਈਪ ਨੂੰ ਭਾਰਤ ਪਾਸੇ ਕੁਝ ਸਮੱਗਲਰ ਖਿੱਚ ਰਹੇ ਸਨ, ਜਿਸ ਦਾ ਪਤਾ ਲੱਗਣ ’ਤੇ ਬੀ. ਐੱਸ. ਐੱਫ. ਦੀ 87 ਬਟਾਲੀਅਨ ਦੇ ਜਵਾਨਾਂ ਨੇ ਸਮੱਗਲਰਾਂ ਨੂੰ ਲਲਕਾਰਿਆ ਅਤੇ ਫਾਇਰਿੰਗ ਕੀਤੀ, ਜਿਸ ਕਰ ਕੇ ਪਾਕਿਸਤਾਨੀ ਸਮੱਗਲਰ ਵਾਪਸ ਦੌਡ਼ ਗਏ ਅਤੇ ਭਾਰਤੀ ਸਮੱਗਲਰ ਮੌਕੇ ਤੋਂ ਭੱਜਣ ਵਿਚ ਕਾਮਯਾਬ ਹੋ ਗਏ। ਤਲਾਸ਼ੀ ਦੌਰਾਨ ਮੌਕੇ ਤੋਂ ਬੀ. ਐੱਸ. ਐੱਫ. ਨੂੰ ਪਾਈਪ ’ਚੋਂ 17 ਕਿਲੋ 240 ਗ੍ਰਾਮ ਹੈਰੋਇਨ ਅਤੇ ਇਕ ਮੋਡੀਫਾਈਡ ਕੀਤੀ ਹੋਈ ਬੰਦੂਕ, 6 ਕਾਰਤੂਸ, ਇਕ ਮੈਗਜ਼ੀਨ ਜਦਕਿ ਬਾਰੇਟਾ ਪਿਸਟਲ ਜੋ ਕਿ ਖੈਬਰ ਆਰਮਜ਼ ਕੰਪਨੀ ਦਾ ਬਣਿਆ ਹੋਇਆ ਬਰਾਮਦ ਹੋਏ ਸਨ, ਜਿਸ ਦੇ ਆਧਾਰ ’ਤੇ ਥਾਣਾ ਖਾਲਡ਼ਾ ਵਿਖੇ ਮੁਕੱਦਮਾ ਦਰਜ ਹੋਇਆ ਸੀ।


Bharat Thapa

Content Editor

Related News