ਨੈਸ਼ਨਲ ਹਾਈਵੇ ’ਤੇ ਸੰਘਣੀ ਧੁੰਦ ਕਾਰਨ ਟਰੱਕ ਅਤੇ ਕਾਰਾਂ ਟਕਰਾਈਆਂ, ਹਾਦਸੇ ''ਚ ਟਰੱਕ ਚਾਲਕ ਦੀਆਂ ਦੋਵੇਂ ਲੱਤਾਂ ਟੁੱਟੀਆਂ
Tuesday, Jan 03, 2023 - 12:10 PM (IST)

ਬਟਾਲਾ (ਸਾਹਿਲ, ਬਲਜੀਤ)- ਸੰਘਣੀ ਧੁੰਦ ਕਾਰਨ ਨੈਸ਼ਨਲ ਹਾਈਵੇ ’ਤੇ ਟਰੱਕਾਂ ਅਤੇ ਕਾਰਾਂ ਦੇ ਟਕਰਾਉਣ ਕਰਕੇ ਭਾਰੀ ਮਾਲੀ ਨੁਕਸਾਨ ਹੋਣ ਦਾ ਸਮਾਚਾਰ ਮਿਲਿਆ ਹੈ, ਜਦਕਿ ਇਕ ਟਰੱਕ ਚਾਲਕ ਦੀਆਂ ਦੋਵੇਂ ਲੱਤਾਂ ਟੁੱਟਣ ਕਰਕੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਇਸ ਸਬੰਧੀ ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਦੇ ਮੁਤਾਬਕ ਇਕ ਟਿੱਪਰ ਟਰੱਕ ਜੋ ਕਿ ਰੇਤ ਨਾਲ ਭਰਿਆ ਸੀ, ਪਠਾਨਕੋਟ ਤੋਂ ਅੰਮ੍ਰਿਤਸਰ ਨੂੰ ਜਾ ਰਿਹਾ ਸੀ। ਜਦੋਂ ਇਹ ਨੈਸ਼ਨਲ ਹਾਈਵੇ ਸਥਿਤ ਬਟਾਲਾ ਬਾਈਪਾਸ ’ਤੇ ਪਹੁੰਚਿਆ ਤਾਂ ਪਈ ਸੰਘਣੀ ਧੁੰਦ ਕਾਰਨ ਇਸ ਟਿੱਪਰ ਟਰੱਕ ਦੇ ਪਿੱਛੇ ਇਕ ਹੋਰ ਰੇਤ ਨਾਲ ਹੀ ਲੱਦਿਆ ਟਿੱਪਰ ਟਰੱਕ ਜਿਸ ਨੂੰ ਜਸਪਾਲ ਸਿੰਘ ਪੁੱਤਰ ਯੂਨਸ ਵਾਸੀ ਪਿੰਡ ਬੜੌਏ, ਨੇੜੇ ਧਾਰੀਵਾਲ ਚਲਾ ਰਿਹਾ ਸੀ, ਨਾਲ ਅਚਾਨਕ ਜ਼ੋਰਦਾਰ ਢੰਗ ਨਾਲ ਟਕਰਾਅ ਗਿਆ। ਜਿਸ ਦੇ ਸਿੱਟੇ ਵਜੋਂ ਜਸਪਾਲ ਆਪਣੇ ਟਿੱਪਰ ਟਰੱਕ ਵਿਚ ਬੁਰੀ ਤਰ੍ਹਾਂ ਫ਼ਸਣ ਨਾਲ ਇਸ ਦੀਆਂ ਦੋਵੇਂ ਲੱਤਾਂ ਟੁੱਟ ਗਈਆਂ ਅਤੇ ਇਹ ਗੰਭੀਰ ਜ਼ਖ਼ਮੀ ਹੋ ਗਿਆ।
ਇਹ ਵੀ ਪੜ੍ਹੋ- ਪੰਜਾਬ ਸਰਹੱਦ 'ਤੇ ਬੀ. ਐੱਸ. ਐੱਫ਼. ਨੇ ਪਾਕਿਸਤਾਨੀ ਘੁਸਪੈਠੀਆ ਕੀਤਾ ਢੇਰ
ਇਹ ਵੀ ਪਤਾ ਲੱਗਾ ਹੈ ਕਿ ਇਨ੍ਹਾਂ ਟਿੱਪਰ ਟਰੱਕਾਂ ਦੇ ਟਕਰਾਉਣ ਤੋਂ ਬਾਅਦ ਇਨ੍ਹਾਂ ਦੇ ਪਿੱਛੇ ਇਕ ਹੋਰ ਕਾਰ ਟਕਰਾਉਣ ਕਰਕੇ ਕਾਫ਼ੀ ਟੁੱਟ ਭੱਜ ਗਈ। ਓਧਰ, ਇਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪਹੁੰਚੇ ਥਾਣਾ ਸਦਰ ਦੇ ਏ.ਐੱਸ.ਆਈ ਪਰਗਟ ਸਿੰਘ ਨੇ ਲੋਕਾਂ ਅਤੇ ਪੁਲਸ ਦੀ ਮਦਦ ਨਾਲ ਉਕਤ ਟਿੱਪਰ ਚਾਲਕ ਨੂੰ ਗੰਭੀਰ ਹਾਲਤ ਵਿਚ ਕਰੇਨ ਦੀ ਮਦਦ ਨਾਲ ਟਿੱਪਰ ਟਰੱਕਾਂ ਨੂੰ ਅਲੱਗ ਕਰਦੇ ਹੋਏ ਬਾਹਰ ਕੱਢਿਆ ਅਤੇ ਮੌਕੇ ’ਤੇ ਪਹੁੰਚੀ 108 ਐਂਬੂਲੈਂਸ ਦੇ ਮੁਲਾਜ਼ਮਾਂ ਨੇ ਉਕਤ ਡਰਾਈਵਰ ਨੂੰ ਤੁਰੰਤ ਫ਼ਸਟ ਏਡ ਦਿੰਦਿਆਂ ਸਿਵਲ ਹਸਪਤਾਲ ਬਟਾਲਾ ਵਿਖੇ ਇਲਾਜ ਲਈ ਭਰਤੀ ਕਰਵਾਇਆ।
ਇਹ ਵੀ ਪੜ੍ਹੋ- ਆਪ' ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਦੇ ਪੁੱਤ ਨੇ ਨਵੇਂ ਸਾਲ ਦੀ ਪਾਰਟੀ 'ਚ ਚਲਾਈ ਗੋਲ਼ੀ, ਮਚੀ ਹਫ਼ੜਾ-ਦਫ਼ੜੀ
ਇੰਝ ਹੀ, ਇਸੇ ਹਾਈਵੇ ’ਤੇ ਇਕ ਸਵਿਫ਼ਟ ਕਾਰ ਜਿਸ ਨੂੰ ਸੰਦੀਪ ਸ਼ਰਮਾ ਪੁੱਤਰ ਕੁਲਦੀਪ ਸ਼ਰਮਾ ਵਾਸੀ ਪਿੰਡ ਧੌਲਪੁਰ ਚਲਾ ਰਿਹਾ ਸੀ, ਨੂੰ ਪਿੱਛੋਂ ਆਏ ਟਰੱਕ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸਦੇ ਸਿੱਟੇ ਵਜੋਂ ਕਾਰ ਪਿੱਛੋਂ ਕਾਫ਼ੀ ਨੁਕਸਾਨੀ ਗਈ। ਜਦਕਿ ਇਸੇ ਤਰ੍ਹਾਂ, ਕੁਝ ਹੀ ਦੂਰੀ ’ਤੇ ਇਕ ਹੋਰ ਕਾਰ ਪਈ ਧੁੰਦ ਕਰਕੇ ਆਪਣੇ ਤੋਂ ਅਗਲੀ ਕਾਰ ਨਾਲ ਟਕਰਾਉਣ ਕਰਕੇ ਨੁਕਸਾਨੀ ਗਈ ਸੀ ਤੇ ਜਿਸ ਕਾਰ ਨਾਲ ਇਹ ਕਾਰ ਟਕਰਾਈ ਸੀ, ਉਹ ਕਾਰ ਚਾਲਕ ਕਾਰ ਭਜਾ ਕੇ ਮੌਕੇ ’ਤੋਂ ਲੈ ਜਾ ਚੁੱਕਾ ਸੀ। ਓਧਰ, ਦੂਜੇ ਪਾਸੇ ਇਕ ਹੋਰ ਹਾਦਸੇ ਵਿਚ ਦੋ ਹੋਰ ਟਰੱਕ ਆਪਸ ਵਿਚ ਟਕਰਾਏ ਹੋਏ ਸਨ। ਇਥੇ ਇਹ ਵੀ ਦੱਸ ਦਈਏ ਕਿ ਉਕਤ ਸਾਰੇ ਟਕਰਾਏ ਵਾਹਨ ਅੰਮ੍ਰਿਤਸਰ ਵੱਲ ਹੀ ਇਕੋਂ ਦਿਸ਼ਾ ਵਿਚ ਜਾ ਰਹੇ ਸਨ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।