ਕਿਸਾਨ ਅੰਦੋਲਨ ਦੇ ਸੱਦੇ ''ਤੇ ਭਾਰਤ ਪੱਧਰੀ ਰੇਲ ਰੋਕੋ ਪ੍ਰਦਰਸ਼ਨ ਰਿਹਾ ਸਫ਼ਲ: ਕਿਸਾਨ ਆਗੂ

Sunday, Mar 10, 2024 - 04:42 PM (IST)

ਕੱਥੂਨੰਗਲ(ਤੱਗੜ)- ਕਿਸਾਨ ਮਜ਼ਦੂਰ ਮੰਗਾਂ ਨੂੰ ਲੈ ਕੇ ਕਿਸਾਨ ਅੰਦੋਲਨ ਵੱਲੋਂ 10 ਮਾਰਚ ਦੀ ਦੇਸ਼ ਪੱਧਰ 'ਤੇ ਰੇਲ ਰੋਕੋ ਦੇ ਸੱਦੇ ਦਾ ਅਸਰ ਪੂਰੇ ਦੇਸ਼ ਵਿੱਚ ਦਿਖਾਈ ਦਿੱਤਾ ਅਤੇ ਲਗਭਗ ਸਾਰੇ ਸੂਬਿਆਂ ਵਿੱਚ ਲੱਖਾਂ ਕਿਸਾਨ, ਮਜ਼ਦੂਰ, ਆਦਿਵਾਸੀ ਸਮੇਤ ਸਾਰੇ ਵਰਗਾਂ ਅਤੇ ਵੱਖ-ਵੱਖ ਸੰਗਠਨਾਂ ਵੱਲੋਂ ਪੂਰੇ ਜ਼ੋਰ ਨਾਲ ਇਸ ਸੱਦੇ ਨੂੰ ਲਾਗੂ ਕੀਤਾ ਗਿਆ। ਇਸ ਮੌਕੇ ਦੋਵਾਂ ਫੋਰਮਾਂ ਵੱਲੋਂ ਸਰਵਣ ਸਿੰਘ ਪੰਧੇਰ ਅਤੇ ਜਗਜੀਤ ਸਿੰਘ ਡੱਲੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਤਾਮਿਲਨਾਡੂ, ਮੱਧ ਪ੍ਰਦੇਸ਼, ਕਰਨਾਟਕ, ਪੰਜਾਬ, ਰਾਜਸਥਾਨ, ਹਰਿਆਣਾ, ਬਿਹਾਰ, ਉਤਰ ਪ੍ਰਦੇਸ਼, ਕੇਰਲਾ , ਪੱਛਮੀ ਬੰਗਾਲ, ਤੇਲੰਗਾਨਾ ਸਮੇਤ ਸਾਰੇ ਸੂਬਿਆਂ ਵਿੱਚ ਰੇਲਾਂ ਰੋਕੀਆਂ ਗਈਆਂ। ਉਨ੍ਹਾਂ ਕਿਹਾ ਕਿ ਅੰਦੋਲਨ ਲਗਾਤਾਰ ਵਿਸਥਾਰ ਲੈ ਰਿਹਾ ਹੈ ਅਤੇ ਇਸਦਾ ਦੇਸ਼ ਪੱਧਰੀ ਅਸਰ ਦੇਸ਼ ਅਤੇ ਦੁਨੀਆ 'ਤੇ ਜਾ ਰਿਹਾ ਹੈ, ਜਿਸਦੇ ਸਿੱਟੇ ਵਜੋਂ ਅੱਜ ਦੂਜੇ ਦੇਸ਼ਾਂ ਵਿੱਚ ਇਸ ਅੰਦੋਲਨ ਦੀ ਹਮਾਇਤ ਵਜੋਂ ਮਾਰਚ ਕੀਤੇ ਜਾ ਰਹੇ ਹਨ। 

ਇਹ ਵੀ ਪੜ੍ਹੋ : ਤਿੰਨ ਸਾਲਾਂ ਤੋਂ ਰਿਲੇਸ਼ਨ 'ਚ ਸੀ ਵਿਆਹੁਤਾ ਜੋੜਾ, ਹੁਣ ਕੁੜੀ ਨੇ ਮੁੰਡੇ 'ਤੇ ਲਾਏ ਇਹ ਗੰਭੀਰ ਇਲਜ਼ਾਮ

ਉਨ੍ਹਾਂ ਕਿਹਾ ਕਿ ਦੇਸ਼ ਨੇ ਇਸ ਰੇਲ ਰੋਕੋ ਰਾਹੀ ਸਾਬਿਤ ਕਰ ਦਿੱਤਾ ਹੈ ਕਿ ਪੂਰਾ ਦੇਸ਼ ਅੰਦੋਲਨ ਦੀਆਂ ਮੰਗਾਂ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਅੰਦੋਲਨ ਕਿਸੇ ਵੀ ਤਰ੍ਹਾਂ ਅੱਧੀਆਂ ਅਧੂਰੀਆਂ ਮੰਗਾਂ ਦੇ ਲਾਗੂ ਹੋਣ 'ਤੇ ਖ਼ਤਮ ਹੋਣ ਵਾਲਾ ਨਹੀਂ ਹੈ ਅਤੇ ਜਿੰਨੀ ਦੇਰ ਇਹਨਾਂ ਮੰਗਾਂ ਦੀ ਪ੍ਰਾਪਤੀ ਨਹੀਂ ਹੁੰਦੀ ਇਹ ਅੰਦੋਲਨ ਲਗਾਤਾਰ ਚਲਦਾ ਰਹੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੇ ਨੁਮਾਇੰਦਿਆਂ ਦਾ ਇਹ ਕਹਿਣਾ ਹੈ ਕਿ ਕਿਸਾਨ ਝੋਨਾ ਲਾਉਣਾ ਬੰਦ ਕਰਨ, ਜਦਕਿ ਸਾਡਾ ਕਹਿਣਾ ਹੈ ਕਿ ਜਦੋਂ ਸਾਰੀਆਂ ਫ਼ਸਲਾਂ ਦੀ ਖਰੀਦ ਐੱਮ. ਐੱਸ. ਪੀ. 'ਤੇ ਹੋਵੇਗੀ ਤਾਂ ਕਿਸਾਨ ਆਪਣੇ ਆਪ ਹੀ ਝੋਨੇ ਵਿੱਚੋਂ ਬਾਹਰ ਆ ਜਾਵੇਗਾ।ਉਨ੍ਹਾਂ ਕਿਹਾ ਕਿ ਅੱਜ ਵੀ ਅੰਦੋਲਨ ਕਰਨਾ ਸਾਡੀ ਅਣਖ ਦਾ ਸਵਾਲ ਨਹੀਂ ਬਲਕਿ ਮਜ਼ਬੂਰੀ ਹੈ। ਉਨ੍ਹਾਂ ਦੇਸ਼ ਸੱਦੇ ਨੂੰ ਲਾਗੂ ਕਰਨ ਵਾਲੀਆਂ ਸਭ ਜਥੇਬੰਦੀਆਂ ਅਤੇ ਵਰਗਾਂ ਸਮੇਤ ਸਭ ਦੇਸ਼ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਉਂਦੇ ਦਿਨਾਂ ਵਿੱਚ ਮੋਰਚੇ ਵੱਲੋਂ ਹੋਰ ਵੀ ਐਕਸ਼ਨ ਪ੍ਰੋਗਰਾਮ ਦਿੱਤੇ ਜਾਣ ਲਈ ਤਿਆਰ ਹਨ ਜੋ ਜਲਦ ਹੀ ਦੱਸੇ ਜਾਣਗੇ । 

ਇਹ ਵੀ ਪੜ੍ਹੋ : ਵੱਡੀ ਖ਼ਬਰ: ਕਿਸਾਨ ਜਥੇਬੰਦੀਆਂ ਵਲੋਂ ਅੱਜ ਪੰਜਾਬ ਭਰ 'ਚ ਰੇਲਾਂ ਰੋਕਣ ਦਾ ਫ਼ੈਸਲਾ

ਕੱਥੂਨੰਗਲ ਰੇਲਵੇ ਸਟੇਸ਼ਨ 'ਤੇ ਸੈਂਕੜੇ ਕਿਸਾਨਾਂ ਮਜ਼ਦੂਰਾਂ ਵੱਲੋਂ ਰੇਲ ਰੋਕੋ ਮੋਰਚੇ ਨੂੰ ਸਫ਼ਲ ਬਣਾਇਆ ਗਿਆ।ਇਸ ਮੌਕੇ 'ਤੇ ਜ਼ਿਲ੍ਹਾ ਆਗੂ ਬਲਦੇਵ ਸਿੰਘ ਬੱਗਾ, ਸਵਿੰਦਰ ਸਿੰਘ ਰੂਪੋਵਾਲੀ, ਸੁਖਦੇਵ ਸਿੰਘ ਕਾਜੀਕੋਟ ਜੋਨ ਸਕੱਤਰ, ਗੁਰਬਾਜ ਸਿੰਘ ਭੁੱਲਰ ਜੋਨ ਸਕੱਤਰ, ਵਰਿੰਦਰ ਸਿੰਘ ਕੱਥੂਨੰਗਲ ਜੋਨ ਪ੍ਰੈਸ ਸਕੱਤਰ,ਅਸ਼ੋਕ ਭਾਰਤੀ ਪ੍ਰੈਸ ਸਕੱਤਰ, ਆਦਿ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News