ਸੁਰ ਸਿੰਘ ਵਿਖੇ ਇਕੋ ਰਾਤ ਚੋਰਾਂ ਨੇ 2 ਦੁਕਾਨਾਂ ’ਤੇ ਕੀਤਾ ਹੱਥ ਸਾਫ, ਘਟਨਾ cctv ''ਚ ਕੈਦ

Tuesday, Mar 25, 2025 - 11:25 AM (IST)

ਸੁਰ ਸਿੰਘ ਵਿਖੇ ਇਕੋ ਰਾਤ ਚੋਰਾਂ ਨੇ 2 ਦੁਕਾਨਾਂ ’ਤੇ ਕੀਤਾ ਹੱਥ ਸਾਫ, ਘਟਨਾ cctv ''ਚ ਕੈਦ

ਸੁਰਸਿੰਘ (ਗੁਰਪ੍ਰੀਤ ਢਿੱਲੋਂ)-ਪੁਲਸ ਥਾਣਾ ਭਿੱਖੀਵਿੰਡ ਅਧੀਨ ਆਉਂਦੇ ਇਤਿਹਾਸਿਕ ਨਗਰ ਸੁਰਸਿੰਘ ਦੇ ਮੇਨ ਚੌਕ ਵਿਖੇ ਅਣਪਛਾਤੇ ਚੋਰਾਂ ਵੱਲੋਂ ਦੋ ਦੁਕਾਨਾਂ ਦੇ ਸ਼ਟਰ ਤੋਡ਼ ਕੇ ਨਕਦੀ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਮੈਡੀਕਲ ਸਟੋਰ ਮੇਨ ਚੌਂਕ ਸੁਰ ਸਿੰਘ ਅਤੇ ਜਨਰਲ ਸਟੋਰ ਦੀਆਂ ਦੁਕਾਨਾਂ ’ਤੇ ਬੀਤੀ ਰਾਤ ਤੜਕੇ 3 ਵਜੇ ਅਣਪਛਾਤੇ ਚੋਰਾਂ ਵੱਲੋਂ ਸ਼ਟਰ ਤੋੜ ਕੇ ਨਕਦੀ ਚੋਰੀ ਕਰ ਲਈ ਗਈ। ਜਾਣਕਾਰੀ ਦਿੰਦਿਆਂ ਸ਼ਮਸ਼ੇਰ ਸਿੰਘ ਸ਼ੇਰਾ ਅਤੇ ਡਾ. ਗੁਰਬਿੰਦਰ ਸਿੰਘ ਨੇ ਦੱਸਿਆ ਕਿ ਅਣਪਛਾਤੇ ਚੋਰਾਂ ਵੱਲੋਂ ਬੇਖੌਫ ਹੋ ਕੇ ਜਨਰਲ ਸਟੋਰ ਤੇ ਮੈਡੀਕਲ ਸਟੋਰ ਦੀਆਂ ਦੁਕਾਨਾਂ ਦੇ ਤਾਲੇ ਤੋੜ ਕੇ ਚੌਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ।

ਉਨ੍ਹਾਂ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਐਤਵਾਰ ਰਾਤ ਨੂੰ ਆਪਣੀ ਦੁਕਾਨ ਬੰਦ ਕਰ ਕੇ ਗਏ ਤੇ ਜਦ ਸਵੇਰੇ ਆ ਕੇ ਦੇਖਿਆ ਤਾਂ ਦੁਕਾਨ ਦੇ ਜ਼ਿੰਦਰੇ ਟੁੱਟੇ ਪਏ ਸਨ ਅਤੇ ਚੋਰ ਗੱਲੇ ’ਚ ਰੱਖੇ ਕਰੀਬ ਪੰਜ ਹਜ਼ਾਰ ਰੁਪਏ ਚੋਰੀ ਕਰ ਲਏ। ਇਸੇ ਤਰ੍ਹਾਂ ਮੈਡੀਕਲ ਸਟੋਰ ਦੇ ਅੰਦਰੋਂ ਵੀ ਅਣਪਛਾਤੇ ਚੋਰਾਂ ਵੱਲੋਂ ਚਾਰ ਹਜ਼ਾਰ ਰੁਪਏ ਦੀ ਨਗਦੀ ਚੋਰੀ ਕਰ ਲਈ ਗਈ। ਪੀੜਤ ਦੁਕਾਨਦਾਰਾਂ ਨੇ ਦੱਸਿਆ ਕਿ ਪੁਲਸ ਨੂੰ ਮੌਕੇ ’ਤੇ ਹੀ ਸੂਚਿਤ ਕਰ ਦਿੱਤਾ ਗਿਆ ਸੀ। ਡਿਊਟੀ ਅਫਸਰ ਏ.ਐੱਸ. ਆਈ, ਲਖਬੀਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਚੋਰਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।

ਸਥਾਨਕ ਵਾਸੀਆਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕਰਦਿਆਂ ਕਿਹਾ ਕਿ ਚੋਰਾਂ ਵੱਲੋਂ ਨਿੱਤ ਦਿਨ ਹੀ ਕਿਸੇ ਨਾ ਕਿਸੇ ਘਟਨਾ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ। ਇਸ ਕਰਕੇ ਉਨ੍ਹਾਂ ਪੰਜਾਬ ਪੁਲਸ ਤੋਂ ਮੰਗ ਕੀਤੀ ਕਿ ਪਿੰਡ ਸੁਰ ਸਿੰਘ ਅੰਦਰ ਰਾਤ ਦੀ ਗਸ਼ਤ ਵਧਾਈ ਜਾਵੇ ਤਾਂ ਜੋ ਚੋਰ ਕਿਸੇ ਵੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਨਾ ਦੇ ਸਕਣ।


author

Shivani Bassan

Content Editor

Related News