ਸਰਕਾਰੀ ਸਕੂਲ ਦੀ ਕੰਧ ਪਾੜ ਕੇ ਚੋਰਾਂ ਨੇ ਉਡਾਈ ਐੱਲ.ਸੀ.ਡੀ
Thursday, Feb 06, 2025 - 05:42 PM (IST)
ਚੋਗਾਵਾਂ (ਹਰਜੀਤ ਭੰਗੂ)-ਸਥਾਨਕ ਕਸਬਾ ਚੋਗਾਵਾਂ ਤੋਂ ਇੱਕ ਕਿਲੋਮੀਟਰ ਦੀ ਦੂਰੀ 'ਤੇ ਸਥਿਤ ਪਿੰਡ ਟਪਿਆਲਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਦੀ ਪਿੱਛਲੀ ਕੰਧ ਪਾੜ ਕੇ ਚੋਰਾਂ ਵੱਲੋਂ ਐੱਲ.ਸੀ.ਡੀ ਅਤੇ ਹੋਰ ਸਮਾਨ ਚੋਰੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਮੁਖ ਅਧਿਆਪਕ ਮੈਡਮ ਸਰਬਜੀਤ ਕੌਰ, ਮੈਡਮ ਚਰਨਜੀਤ ਕੌਰ ਅਤੇ ਬਲਜੀਤ ਸਿੰਘ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਅੱਜ ਸਵੇਰੇ ਜਦੋਂ ਸਾਡੀ ਸਫ਼ਾਈ ਕਰਮਚਾਰੀ ਗੁਰਮੀਤ ਕੌਰ ਨੇ ਸਕੂਲ ਦੇ ਕਮਰੇ ਖੋਲ੍ਹੇ ਤਾਂ ਕਮਰੇ ਦੀ ਪਿਛਲੀ ਕੰਧ ਵਿਚ ਪਾੜ ਪਿਆ ਹੋਇਆ ਸੀ ਅਤੇ ਕਮਰੇ ਵਿਚੋਂ ਐੱਲ.ਸੀ.ਡੀ ਅਤੇ ਬੱਚਿਆ ਦੇ ਖਿਡੌਣੇ ਆਦਿ ਗੈਬ ਸਨ। ਇਸ ਤੋਂ ਇਲਾਵਾ ਚੋਰਾਂ ਵੱਲੋਂ ਪਾਣੀ ਵਾਲੀ ਟੈਂਕੀ ਦੀਆਂ ਵੀ ਸਾਰੀਆਂ ਪਾਈਪਾਂ ਵੀ ਚੋਰੀ ਕਰ ਲਈਆਂ। ਇਸ ਸਕੂਲ ਵਿਚ ਇਕ ਸਾਲ ਵਿਚ ਤੀਸਰੀ ਵਾਰ ਚੋਰੀ ਹੋ ਚੁੱਕੀ ਹੈ ਪਰ ਚੋਰਾਂ ਦਾ ਕੋਈ ਪਤਾ ਨਹੀਂ ਲੱਗ ਰਿਹਾ।
ਇੱਥੇ ਜ਼ਿਕਰਯੋਗ ਹੈ ਕਿ ਸਰਕਾਰੀ ਸਕੂਲਾਂ ਵਿਚ ਸਰਕਾਰ ਵੱਲੋਂ ਸਾਮਾਨ ਤਾਂ ਦਿੱਤਾ ਜਾ ਰਿਹਾ ਹੈ ਪਰ ਇਸ ਸਾਮਾਨ ਦੀ ਰਾਖੀ ਕਰਨ ਲਈ ਚੌਕੀਦਾਰ ਨਹੀਂ ਦਿੱਤੇ ਜਾ ਰਹੇ, ਜਿਸ ਕਾਰਨ ਸਰਕਾਰੀ ਸਕੂਲਾਂ ਵਿਚ ਆਏ ਦਿਨ ਚੋਰੀ ਦੀਆਂ ਘਟਨਾਵਾਂ ਵਾਪਰੀ ਰਹੀਆਂ ਹਨ।