ਦੋਪਹੀਆਂ ਵਾਹਨ ਚਾਲਕਾਂ ਨੂੰ ਹੁਣ ਹੈਲਮੇਟ ਪਹਿਨਾਉਣ ਦੀ ਪੁਲਸ ਨੇ ਵੀ ਛੱਡੀ ਜਿੱਦ !
Sunday, Jan 29, 2023 - 10:45 AM (IST)
ਗੁਰਦਾਸਪੁਰ (ਵਿਨੋਦ)- ਲੋਕਾਂ ਨੂੰ ਦੋਪਹੀਆਂ ਵਾਹਨ ਚਲਾਉਂਦੇ ਸਮੇਂ ਹੈਲਮੇਟ ਪਹਿਨਾਉਣ ’ਚ ਅਸਫ਼ਲ ਰਹਿਣ ਵਾਲੀ ਟ੍ਰੈਫ਼ਿਕ ਪੁਲਸ ਨੇ ਹੁਣ ਇਸ ਸਬੰਧੀ ਆਪਣੀ ਜਿੱਦ ਨੂੰ ਛੱਡ ਦਿੱਤਾ ਲੱਗਦਾ ਹੈ, ਕਿਉਂਕਿ ਜਦ ਰਿਕਾਰਡ ’ਤੇ ਨਜ਼ਰ ਮਾਰੀ ਜਾਵੇ ਤਾਂ ਕਾਫ਼ੀ ਸਮੇਂ ਤੋਂ ਹੈਲਮੇਟ ਸਬੰਧੀ ਟ੍ਰੈਫ਼ਿਕ ਪੁਲਸ ਨੇ ਚਲਾਨ ਨਹੀਂ ਕੱਟੇ। ਜਦਕਿ ਪੁਲਸ ਦਾ ਟ੍ਰੈਫ਼ਿਕ ਸਿੱਖਿਆ ਵਿੰਗ ਹਰ ਸੈਮੀਨਾਰ ’ਚ ਦੋਪਹੀਆਂ ਵਾਹਨ ਚਾਲਕਾਂ ਨੂੰ ਹੈਲਮੇਟ ਪਾਉਣ ਅਤੇ ਚਾਰ ਪਹੀਆਂ ਵਾਹਨ ਚਾਲਕਾਂ ਨੂੰ ਸੀਟ ਬੈਲਟ ਲਗਾਉਣ ਦੀ ਗੱਲ ਕਰਦਾ ਹੈ।
ਇਹ ਵੀ ਪੜ੍ਹੋ- ਮੋਟਰਸਾਈਕਲ ਸਵਾਰਾਂ ਨੇ ਸੜਕ ਕਿਨਾਰੇ ਖੜ੍ਹੇ ਨੌਜਵਾਨ ’ਤੇ ਚਲਾਈਆਂ ਗੋਲੀਆਂ, ਹਮਲਾਵਰ ਹੋਏ ਫ਼ਰਾਰ
ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਮੁੱਖ ਸ਼ਹਿਰ ਗੁਰਦਾਸਪੁਰ, ਬਟਾਲਾ, ਧਾਰੀਵਾਲ, ਦੀਨਾਨਗਰ, ਕਲਾਨੌਰ, ਡੇਰਾ ਬਾਬਾ ਨਾਨਕ, ਫਤਿਹਗੜ ਚੂੜੀਆਂ, ਦੋਰਾਂਗਲਾ ਅਤੇ ਬਹਿਰਾਮਪੁਰ ਆਦਿ ’ਚ ਵੇਖਿਆ ਜਾਵੇ ਤਾਂ ਸ਼ਾਇਦ ਇਕ ਪ੍ਰਤੀਸ਼ਤ ਤੋਂ ਵੀ ਘੱਟ ਦੋਪਹੀਆਂ ਵਾਹਨ ਚਲਾਉਣ ਵਾਲੇ ਹੈਲਮੇਟ ਪਾਉਂਦੇ ਦਿਖਾਈ ਦਿੰਦੇ ਹਨ।
ਪੁਲਸ ਅਧਿਕਾਰੀ ਅਤੇ ਟਰਾਂਸਪੋਰਟ ਵਿਭਾਗ ਵੱਲੋਂ ਕੀਤੀਆਂ ਜਾਣ ਵਾਲੀਆਂ ਮੀਟਿੰਗਾਂ, ਸੈਮੀਨਾਰ ਅਤੇ ਸਕੂਲਾਂ ’ਚ ਆਯੋਜਿਤ ਪ੍ਰੋਗਰਾਮਾਂ ’ਚ ਦੋਪਹੀਆਂ ਵਾਹਨ ਚਲਾਉਂਦੇ ਸਮੇਂ ਹੈਲਮਟ ਪਾਉਣ ਨੂੰ ਆਪਣੇ ਜੀਵਨ ਦਾ ਅੰਗ ਬਣਾਉਣ ਲਈ ਜ਼ੋਰ ਦਿੱਤਾ ਜਾਂਦਾ ਹੈ ਪਰ ਲੱਗਦਾ ਹੈ ਕਿ ਪੁਲਸ ਦੇ ਟ੍ਰੈਫ਼ਿਕ ਵਿੰਗ ਨੇ ਇਸ ਆਦੇਸ਼ ਤੋਂ ਆਪਣੇ ਆਪ ਨੂੰ ਦੂਰ ਕਰ ਰੱਖਿਆ ਹੈ। ਇਹੀ ਕਾਰਨ ਹੈ ਕਿ ਮੋਟਰਸਾਈਕਲ ਸਵਾਰ ਹੁਣ ਆਪਣੀ ਸੁਰੱਖਿਆ ਦੀ ਪ੍ਰਵਾਹ ਕੀਤੇ ਬਿਨਾਂ ਅਤੇ ਜ਼ੁਰਮਾਨੇ ਦੀ ਚਿੰਤਾ ਕੀਤੇ ਬਿਨਾਂ ਜ਼ਿਲ੍ਹਾ ਗੁਰਦਾਸਪੁਰ ’ਚ ਆਮ ਬਿਨਾਂ ਹੈਲਮਟ ਦੇ ਘੁੰਮਦੇ ਵੇਖੇ ਜਾਂਦੇ ਹਨ।
ਕੀ ਕਹਿਣਾ ਹੈ ਲੋਕਾਂ ਦਾ
ਇਸ ਸਬੰਧੀ ਲੋਕਾਂ ਦਾ ਦੋਸ਼ ਹੈ ਕਿ ਜੋ ਟ੍ਰੈਫ਼ਿਕ ਪੁਲਸ ਦੇ ਕਰਮਚਾਰੀ ਜਾਂ ਟਰਾਂਸਪੋਰਟ ਵਿਭਾਗ ਦੇ ਕਰਮਚਾਰੀ ਚੌਕਾਂ ’ਚ ਆਵਾਜਾਈ ਨਿਯਮਾਂ ਦੀ ਲੋਕਾਂ ਤੋਂ ਪਾਲਣਾ ਕਰਵਾਉਣ ਸਮੇਤ ਹੋਰ ਡਿਊਟੀ ਕੰਮਾਂ ਲਈ ਮੋਟਰਸਾਈਕਲ ਆਦਿ ’ਤੇ ਆਉਂਦੇ-ਜਾਂਦੇ ਸਮੇਂ ਕਦੀ ਹੈਲਮੇਟ ਨਹੀਂ ਪਾਉਂਦੇ। ਜਦ ਉਹ ਹੈਲਮੇਟ ਨਹੀਂ ਪਾਉਂਦੇ ਤਾਂ ਉਨ੍ਹਾਂ ਨੂੰ ਲੋਕਾਂ ਨੂੰ ਹੈਲਮੇਟ ਪਾਉਣ ਲਈ ਕਹਿਣ ਦਾ ਅਧਿਕਾਰ ਨਹੀਂ ਹੈ। ਇਸ ਤਰ੍ਹਾਂ ਸ਼ਹਿਰ ਵਿਚ ਪੁਲਸ ਦੀ ਈਗਲ ਵਿੰਗ ਦੀਆਂ ਕੁੜੀਆਂ ਵੀ ਐਕਟਿਵਾ ’ਤੇ ਘੁੰਮਦੀਆਂ ਵੇਖੀਆ ਜਾਂਦੀਆਂ ਹਨ ਪਰ ਉਨ੍ਹਾਂ ’ਚ ਇਕ ਨੇ ਵੀ ਹੈਲਮੇਟ ਨਹੀਂ ਪਾਇਆ ਹੁੰਦਾ। ਸਭ ਤੋਂ ਪਹਿਲਾ ਤਾਂ ਪੁਲਸ ਕਰਮਚਾਰੀ ਖੁਦ ਹੈਲਮੇਟ ਪਾ ਕੇ ਉਦਹਾਰਨ ਪੇਸ਼ ਕਰਨ।
ਇਹ ਵੀ ਪੜ੍ਹੋ- ਨਸ਼ੇ 'ਚ ਟੱਲੀ ਪੰਜਾਬ ਪੁਲਸ ਮੁਲਾਜ਼ਮ ਦਾ ਕਾਰਾ, ਟਰੈਕਟਰ ਸਵਾਰ ਨੌਜਵਾਨ ਨੂੰ ਜ਼ਖ਼ਮੀ ਕਰਕੇ ਕੀਤਾ ਹਾਈ ਵੋਲਟੇਜ਼ ਡਰਾਮਾ
ਆਵਾਜਾਈ ਨਿਯਮਾਂ ਦੀ ਪਾਲਣਾ ਕਰਨਾ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ, ਚਾਹੇ ਉਹ ਪੁਲਸ ਕਰਮਚਾਰੀ ਹੋਵੇ ਜਾਂ ਆਮ ਨਾਗਰਿਕ। ਇਸ ਲਈ ਸਭ ਤੋਂ ਪਹਿਲਾ ਤਾਂ ਹਰ ਵਾਹਨ ਲਈ ਗਤੀ ਸੀਮਾ ਦੇ ਬੋਰਡ ਲਗਾਏ ਜਾਣੇ ਜ਼ਰੂਰੀ ਹੈ। ਦੋਪਹੀਆਂ ਵਾਹਨ ਚਾਲਕਾਂ ਨੂੰ ਹੈਲਮੇਟ ਪਾ ਕੇ ਹੀ ਵਾਹਨ ਚਲਾਉਣਾ ਚਾਹੀਦਾ ਹੈ। ਅਸੀਂ ਹੈਲਮੇਟ ਨਿਯਮ ਨੂੰ ਲਾਗੂ ਕਰਨ ਲਈ ਯੋਜਨਾ ਬਣਾ ਰਹੇ ਹਨ ਅਤੇ ਸ਼ਹਿਰ ਦੇ ਬਾਹਰੀ ਇਲਾਕਿਆਂ ’ਚ ਤਾਂ ਇਸ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਸਖ਼ਤ ਜ਼ਰੂਰਤ ਹੈ। ਜਲਦੀ ਹੀ ਜ਼ਿਲ੍ਹਾ ਪੁਲਸ ਗੁਰਦਾਸਪੁਰ ਵਿਚ ਇਹ ਨਿਯਮ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਬੀਤੇ ਸਮੇਂ ’ਚ ਟ੍ਰੈਫਿਕ ਨਿਯਮਾਂ ਨੂੰ ਲਾਗੂ ਕਰਨ ਲਈ ਚਲਾਏ ਅਭਿਆਨ ਅਸਫ਼ਲ ਹੋਣ ਸਬੰਧੀ ਉਨ੍ਹਾਂ ਨੇ ਕਿਹਾ ਕਿ ਹੁਣ ਪੁਲਸ ਸਕੂਲਾਂ, ਯੂਨੀਵਰਸਿਟੀ ਅਤੇ ਹੋਰ ਖ਼ੇਤਰਾਂ ’ਚ ਲੋਕਾਂ ਨੂੰ ਜਾਗਰੂਕ ਕਰਨ ਜਾ ਰਹੀ ਹੈ ਤਾਂ ਕਿ ਲੋਕ ਹੈਲਮੇਟ ਅਤੇ ਸੀਟ ਬੈਲਟ ਦੇ ਨਾਲ-ਨਾਲ ਆਵਾਜਾਈ ਨਿਯਮਾਂ ਨੂੰ ਸਮਝ ਸਕਣ ਅਤੇ ਨਿਯਮਾਂ ਦੀ ਪਾਲਣਾ ਕਰਨ। ਇਕ ਚੰਗਾ ਹੈਲਮੇਟ ਹੀ ਦੋਪਹੀਆਂ ਵਾਹਨ ਚਾਲਕਾਂ ਨੂੰ ਸਿਰ ਦੀ ਸੱਟ ਤੋਂ ਬਚਾ ਸਕਦਾ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।