ਬਾਪ ਨੂੰ ਪੁੱਤਰ ਦੇ ਘਰ ਛੱਡਣ ਗਈ ਟੀਮ ਖਾਲੀ ਹੱਥ ਪਰਤੀ, ਨੂੰਹ ਬੋਲੀ : ਪਹਿਲਾਂ ਹੀ ਕਿਰਾਏ ’ਤੇ ਰਹਿੰਦੇ ਹਾਂ
Saturday, Jun 17, 2023 - 01:49 PM (IST)

ਅੰਮ੍ਰਿਤਸਰ (ਨੀਰਜ)- ਸੀਨੀਅਰ ਸਿਟੀਜ਼ਨਜ਼ ਐਂਡ ਪੇਰੈਂਟਸ ਵੈੱਲਫ਼ੇਅਰ ਐਕਟ ਤਹਿਤ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਨੇ ਪਿਛਲੇ ਕਈ ਸਾਲਾਂ ਤੋਂ ਕੈਨੇਡੀ ਐਵੇਨਿਊ ਪਾਰਕ ਵਿਚ ਸੌਂ ਕੇ ਗੁਜ਼ਾਰਾ ਕਰ ਰਹੇ 76 ਸਾਲਾ ਵਿਨੋਦ ਕੋਹਲੀ ਦੇ ਹੱਕ ਵਿਚ ਫ਼ੈਸਲਾ ਸੁਣਾਇਆ ਸੀ ਅਤੇ ਐੱਸ. ਡੀ. ਐੱਮ.-2 ਸਿਮਰਨਦੀਪ ਸਿੰਘ ਨੂੰ ਕੋਹਲੀ ਨੂੰ ਘਰ ਵਾੜਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।
ਜਾਣਕਾਰੀ ਮੁਤਾਬਕ ਸ਼ੁੱਕਰਵਾਰ ਸਵੇਰੇ ਐੱਸ. ਡੀ. ਐੱਮ.-2 ਵੱਲੋਂ ਬਣਾਈ ਗਈ ਟੀਮ, ਜਿਸ ਵਿਚ ਕਾਨੂੰਨਗੋ ਮਨਜਿੰਦਰ ਸਿੰਘ, ਪਟਵਾਰੀ ਅਤੇ ਸਬੰਧਤ ਥਾਣੇ ਦੀ ਟੀਮ ਵਿਨੋਦ ਕੋਹਲੀ ਨੂੰ ਉਸ ਦੇ ਮੁੰਡੇ ਘਰ ਦਾਖ਼ਲ ਕਰਵਾਉਣ ਲਈ ਗਈ ਸੀ ਪਰ ਪੁੱਤ ਦੀ ਪਤਨੀ ਨੇ ਵਿਨੋਦ ਕੋਹਲੀ ਨੂੰ ਘਰ ’ਚ ਰੱਖਣ ਲਈ ਸਾਫ਼ ਮਨ੍ਹਾ ਕਰ ਦਿੱਤਾ। ਕੋਹਲੀ ਦਾ ਪੁੱਤ ਪਹਿਲਾਂ ਹੀ ਘਰ ਨਹੀਂ ਸੀ, ਅਜਿਹੇ ਵਿਚ ਐੱਸ. ਡੀ. ਐੱਮ. ਦੀ ਟੀਮ ਨੇ ਆਲੇ-ਦੁਆਲੇ ਦੇ ਲੋਕਾਂ ਦੇ ਬਿਆਨ ਦਰਜ ਕਰ ਕੇ ਅਤੇ ਨੂੰਹ ਦੇ ਬਿਆਨ ਦਰਜ ਕਰ ਕੇ ਵਾਪਸ ਐੱਸ. ਡੀ. ਐੱਮ. ਦਫ਼ਤਰ ਪਰਤ ਗਈ। ਇਸ ਘਟਨਾ ਤੋਂ ਪਹਿਲਾਂ ਹੀ ਬੁਰੀ ਤਰ੍ਹਾਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਵਿਨੋਦ ਕੋਹਲੀ ਹੋਰ ਟੁੱਟ ਗਿਆ ਅਤੇ ਆਪਣੇ ਪੁੱਤ ਨੂੰ ਕੋਸਦਾ ਹੋਇਆ ਨਜ਼ਰ ਆਇਆ।
ਇਹ ਵੀ ਪੜ੍ਹੋ- ਪੰਜਾਬ ਦੇ 7 ਜ਼ਿਲ੍ਹਿਆਂ ’ਚ ਸ਼ੁਰੂ ਹੋਈ ਝੋਨੇ ਦੀ ਲਵਾਈ, ਪਹਿਲੇ ਦਿਨ ਹੀ ਰਜਬਾਹਿਆਂ ’ਚ ਪਹੁੰਚਿਆ ਨਹਿਰੀ ਪਾਣੀ
ਪੁੱਤ ਦੀ ਪਤਨੀ ਨੇ ਕਿਹਾ ਕਿ ਪਹਿਲਾਂ ਹੀ ਕਿਰਾਏ ’ਤੇ ਰਹਿੰਦੇ ਹਾਂ
ਵਿਨੋਦ ਕੋਹਲੀ ਦੇ ਪੁੱਤ ਦੀ ਪਤਨੀ ਨੇ ਤਰਕ ਦਿੱਤਾ ਕਿ ਉਹ ਪਹਿਲਾਂ ਹੀ ਕਿਰਾਏ ’ਤੇ ਰਹਿੰਦੇ ਹਨ ਅਤੇ ਉਨ੍ਹਾਂ ਕੋਲ ਆਪਣਾ ਕੋਈ ਘਰ ਨਹੀਂ ਹੈ। ਉਹ ਕੋਹਲੀ ਨੂੰ ਖ਼ਰਚਾ ਦੇਣ ਲਈ ਤਿਆਰ ਹੈ ਪਰ ਉਸ ਨੂੰ ਕਿਰਾਏ ’ਤੇ ਵੱਖਰਾ ਕਮਰਾ ਦਿੱਤਾ ਜਾਵੇਗਾ ਪਰ ਘਰ ਵਿਚ ਨਹੀਂ ਰੱਖ ਸਕਦੇ। ਵਿਨੋਦ ਕੋਹਲੀ ’ਤੇ ਉਸ ਦੀ ਨੂੰਹ ਨੇ ਕੁਝ ਅਜਿਹੇ ਦੋਸ਼ ਵੀ ਲਾਏ ਜੋ ਬਰਦਾਸ਼ਤ ਤੋਂ ਬਾਹਰ ਸਨ ਅਤੇ ਉਸ ਦਾ ਕੋਈ ਸਬੂਤ ਵੀ ਨਹੀਂ ਸੀ।
ਇਹ ਵੀ ਪੜ੍ਹੋ- ਗਿਆਨੀ ਰਘਬੀਰ ਸਿੰਘ ਨੂੰ ਜਥੇਦਾਰ ਥਾਪਣ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਪੋਸਟ
ਐੱਸ. ਡੀ. ਐੱਮ. ਨੇ ਕੱਢਿਆ ਤਿੰਨ ਮਹੀਨਿਆਂ ਦੀ ਜੇਲ੍ਹ ਦਾ ਨੋਟਿਸ
ਵਿਨੋਦ ਕੋਹਲੀ ਦੇ ਮਾਮਲੇ ਵਿਚ ਐੱਸ. ਡੀ. ਐੱਮ. ਸਿਮਰਨਦੀਪ ਸਿੰਘ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਸੀਨੀਅਰ ਸਿਟੀਜ਼ਨਜ਼ ਐਂਡ ਪੇਰੈਂਟਸ ਵੈਲਫ਼ੇਅਰ ਐਕਟ ਤਹਿਤ ਬਜ਼ੁਰਗਾਂ ਦੇ ਹੱਕ ਵਿਚ ਹੀ ਫ਼ੈਸਲਾ ਸੁਣਾਇਆ ਜਾਂਦਾ ਹੈ। ਅਜਿਹੇ ਵਿਚ ਵਿਨੋਦ ਕੋਹਲੀ ਦੇ ਪੁੱਤਰ ਨੂੰ ਤਿੰਨ ਮਹੀਨੇ ਦੀ ਜੇਲ੍ਹ ਕੱਟਣ ਸਬੰਧੀ ਨੋਟਿਸ ਵੀ ਜਾਰੀ ਕੀਤਾ ਜਾ ਚੁੱਕਾ ਹੈ ਅਤੇ ਇਸ ਲਈ ਸਬੰਧਤ ਪੁਲਸ ਥਾਣੇ ਦੇ ਐੱਸ. ਐੱਚ. ਓ. ਤੋਂ ਇਲਾਵਾ ਪੁਲਸ ਦੇ ਸੀਨੀਅਰ ਅਧਿਕਾਰੀਆਂ ਨੂੰ ਵੀ ਜਾਣੂੰ ਕਰਵਾਇਆ ਜਾ ਚੁੱਕਿਆ ਹੈ।
ਇਹ ਵੀ ਪੜ੍ਹੋ- ਦਿੱਲੀ-ਕਟੜਾ ਐਕਸਪ੍ਰੈਸ ਵੇਅ ਨੂੰ ਲੈ ਕੇ ਅਹਿਮ ਖ਼ਬਰ, ਗੁਰਦਾਸਪੁਰ ਦੀਆਂ 20 ਪੰਚਾਇਤਾਂ ਨੇ ਪਾਏ ਇਹ ਮਤੇ
ਫਿਰ ਤੋਂ ਡੀ. ਸੀ. ਅਮਿਤ ਤਲਵਾੜ ਦੀ ਸ਼ਰਨ ’ਚ ਵਿਨੋਦ ਕੋਹਲੀ
ਚਾਰ-ਪੰਜ ਸਾਲ ਬਾਅਦ ਆਪਣੇ ਪੁੱਤ ਵੱਲੋਂ ਇਕ ਵਾਰ ਫਿਰ ਠੁਕਰਾਏ ਜਾਣ ਤੋਂ ਬਾਅਦ ਵਿਨੋਦ ਕੋਹਲੀ ਇਕ ਵਾਰ ਫਿਰ ਡੀ. ਸੀ. ਅਮਿਤ ਤਲਵਾੜ ਦੀ ਸ਼ਰਨ ਵਿਚ ਪਹੁੰਚ ਗਏ ਹਨ। ਡੀ. ਸੀ. ਤਲਵਾੜ ਨੇ ਕੋਹਲੀ ਨੂੰ ਜੱਫੀ ਪਾ ਕੇ ਭਰੋਸਾ ਦਿਵਾਇਆ ਕਿ ਉਸ ਨਾਲ ਇਨਸਾਫ਼ ਕੀਤਾ ਜਾਵੇਗਾ ਅਤੇ ਉਸ ਨੂੰ ਘਰ ਦਾਖ਼ਲ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਪ੍ਰਸ਼ਾਸਨ ਵੱਲੋਂ ਹਰ ਸੰਭਵ ਮਦਦ ਕੀਤੀ ਜਾਵੇਗੀ। ਕੋਹਲੀ ਨੂੰ ਡੀ .ਸੀ. ਤਲਵਾੜ ’ਤੇ ਭਰੋਸਾ ਹੈ ਕਿ ਉਹ ਉਸ ਨੂੰ ਇਨਸਾਫ਼ ਜ਼ਰੂਰ ਦਿਵਾਉਣਗੇ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।