ਨਿਗਮ ਦੀ ਕਾਰਵਾਈ ਦਾ ਵਿਰੋਧ : ਰੇਹੜੀ ਵਾਲਿਆਂ ਨੇ ਮਿੱਟੀ ਦਾ ਤੇਲ ਪਾ ਕੇ ਖੁਦ ਨੂੰ ਅੱਗ ਲਾਉਣ ਦੀ ਕੀਤੀ ਕੋਸ਼ਿਸ਼

Sunday, Dec 18, 2022 - 11:56 AM (IST)

ਨਿਗਮ ਦੀ ਕਾਰਵਾਈ ਦਾ ਵਿਰੋਧ : ਰੇਹੜੀ ਵਾਲਿਆਂ ਨੇ ਮਿੱਟੀ ਦਾ ਤੇਲ ਪਾ ਕੇ ਖੁਦ ਨੂੰ ਅੱਗ ਲਾਉਣ ਦੀ ਕੀਤੀ ਕੋਸ਼ਿਸ਼

ਅੰਮ੍ਰਿਤਸਰ (ਰਮਨ)- ਸ਼ਹਿਰ ਨੂੰ ਨਾਜਾਇਜ਼ ਕਬਜ਼ਿਆਂ ਤੋਂ ਮੁਕਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਥਾਂ-ਥਾਂ ’ਤੇ ਲੱਗਦੀਆਂ ਰੇਹੜੀਆਂ-ਫੜ੍ਹੀਆਂ ਨੂੰ ਹਟਾ ਕੇ ਇਕ ਜਗ੍ਹਾ ’ਤੇ ਤਬਦੀਲ ਕਰਨ ਦਾ ਉਪਰਾਲਾ ਕੀਤਾ ਗਿਆ ਹੈ। ਪਿਛਲੇ ਦਿਨੀਂ ਸ਼ਹਿਰ ’ਚ ਟ੍ਰੈਫਿਕ ਦੀ ਸਥਿਤੀ ਬਹੁਤ ਮਾੜੀ ਹੋ ਗਈ ਸੀ, ਜਿਸ ਕਾਰਨ ਜ਼ਿਲ੍ਹਾ, ਪੁਲਸ ਅਤੇ ਨਿਗਮ ਪ੍ਰਸ਼ਾਸਨ ਨੇ ਸ਼ਹਿਰ ’ਚ ਸਖ਼ਤੀ ਕਰਦੇ ਹੋਏ ਸੜਕਾਂ ’ਤੇ ਗਲਤ ਤਰੀਕੇ ਨਾਲ ਰੇਹੜੀਆਂ ਲਾਉਣ ਵਾਲਿਆਂ ਨੂੰ ਉਥੋਂ ਹਟਾ ਕੇ ਇਕ ਜਗ੍ਹਾ ਲਾਉਣ ਦਾ ਫ਼ੈਸਲਾ ਲਿਆ ਗਿਆ ਸੀ। ਜਿਸ ’ਚ ਪਹਿਲਾ ਪਾਇਲਟ ਪ੍ਰਾਜੈਕਟ ਹਾਲ ਗੇਟ ਤੋਂ ਮਹਾ ਸਿੰਘ ਗੇਟ ਚੌਕ ਤੱਕ ਲਿਆ ਗਿਆ ਸੀ, ਜਿਸ ਵਿਚੋਂ ਕੁਝ ਰੇਹੜੀਆਂ ਪੁਰਾਣੀ ਸਬਜ਼ੀ ਮੰਡੀ ਨੇੜੇ ਅਤੇ ਕੁਝ ਸੂਰਿਆ ਤਾਰਾ ਚੰਦਾ ਸਿਨੇਮਾ ਨੇੜੇ ਲਾਈਆਂ ਗਈਆਂ, ਜਿਸ ਦਾ ਵੀ ਵਿਰੋਧ ਹੋਇਆ।

ਇਹ ਵੀ ਪੜ੍ਹੋ- ਅੱਤਵਾਦੀ ਹਰਵਿੰਦਰ ਰਿੰਦਾ ਨੂੰ ਲੈ ਕੇ ਹੁਣ ਸਾਹਮਣੇ ਆਈ ਇਹ ਗੱਲ

ਬੀਤੇ ਦਿਨ ਨੂੰ ਜਦੋਂ ਅਸਟੇਟ ਅਫ਼ਸਰ ਧਰਮਿੰਦਰਜੀਤ ਸਿੰਘ ਅਤੇ ਥਾਣਾ ਇੰਚਾਰਜ ਰਾਜਵਿੰਦਰ ਕੌਰ ਨੇ ਬੱਸ ਸਟੈਂਡ ਨੇੜੇ ਰੇਹੜੀਆਂ ਵਾਲਿਆਂ ਖ਼ਿਲਾਫ਼ ਕਾਰਵਾਈ ਕੀਤੀ ਤਾਂ ਲੋਕਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਖੁਦ ’ਤੇ ਮਿੱਟੀ ਦਾ ਤੇਲ ਪਾ ਕੇ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਗਈ। ਉਥੇ ਖੜ੍ਹੀ ਨਿਗਮ ਅਤੇ ਪੁਲਸ ਟੀਮ ਨੇ ਉਨ੍ਹਾਂ ਨੂੰ ਅੱਗ ਨਹੀਂ ਲਾਉਣ ਦਿੱਤੀ, ਜਿਸ ’ਤੇ ਡਿਊਟੀ ਮੈਜਿਸਟਰੇਟ ਨੇ ਇਸ ਦੀ ਰਿਪੋਰਟ ਡੀ. ਸੀ. ਨੂੰ ਸੌਂਪ ਦਿੱਤੀ, ਜਿਸ ਕਾਰਨ ਟੀਮ ਕੁਝ ਸਮੇਂ ਲਈ ਰੁਕ ਗਈ। ਰੇਹੜੀ ਵਾਲਿਆਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਉਨ੍ਹਾਂ ਨਾਲ ਅਜਿਹਾ ਵਤੀਰਾ ਕਰੇਗਾ ਤਾਂ ਉਨ੍ਹਾਂ ਦਾ ਕਾਰੋਬਾਰ ਠੱਪ ਹੋ ਜਾਵੇਗਾ, ਉਹ ਆਪਣੇ ਪਰਿਵਾਰਾਂ ਦਾ ਪਾਲਣ-ਪੋਸ਼ਣ ਕਿਵੇਂ ਕਰਨਗੇ।

ਇਹ ਵੀ ਪੜ੍ਹੋ- ਬਹਿਬਲ ਇਨਸਾਫ਼ ਮੋਰਚੇ 'ਤੇ ਪਹੁੰਚੇ ਸੁਖਪਾਲ ਖਹਿਰਾ, ਮੰਗਿਆ ਕੁਲਤਾਰ ਸੰਧਵਾਂ ਦਾ ਅਸਤੀਫ਼ਾ

ਇਸ ਦੇ ਨਾਲ ਹੀ ਅਸਟੇਟ ਵਿਭਾਗ ਦੀ ਟੀਮ ਨੇ ਰਾਮਬਾਗ ਨੇੜੇ ਬਣ ਰਹੀ ਇਕ ਦੁਕਾਨ ’ਤੇ ਵੀ ਕਾਰਵਾਈ ਕੀਤੀ। ਅਸਟੇਟ ਅਫ਼ਸਰ ਨੇ ਕਿਹਾ ਕਿ ਸ਼ਹਿਰ ’ਚ ਰੇਹੜੀ-ਫੜ੍ਹੀ ਵਾਲਿਆਂ ਕਾਰਨ ਟ੍ਰੈਫ਼ਿਕ ਜਾਮ ਲੱਗ ਰਿਹਾ ਹੈ, ਜਿਸ ਨੂੰ ਲੱਗਣ ਨਹੀਂ ਦਿੱਤਾ ਜਾਵੇਗਾ। ਜਿਸ ਨਾਲ ਲੋਕ ਵੀ ਸਮਝਣ ਅਤੇ ਪ੍ਰਸ਼ਾਸਨ ਦਾ ਸਾਥ ਦੇਣ। ਉਨ੍ਹਾਂ ਕਿਹਾ ਕਿ ਜਦੋਂ ਬਾਹਰੋਂ ਆਉਣ ਵਾਲੇ ਯਾਤਰੀਆਂ ਨੂੰ ਸ਼ਹਿਰ ’ਚ ਟ੍ਰੈਫ਼ਿਕ ਜਾਮ ਲੱਗੇ ਮਿਲਣਗੇ ਤਾਂ ਉਹ ਦੁਬਾਰਾ ਇੱਥੇ ਨਹੀਂ ਆਉਣਗੇ ਅਤੇ ਅੰਮ੍ਰਿਤਸਰ ਸ਼ਹਿਰ ਪ੍ਰਤੀ ਦੇਸ਼-ਵਿਦੇਸ਼ ’ਚ ਗਲਤ ਸੰਦੇਸ਼ ਜਾਵੇਗਾ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News