ਫੈਕਟਰੀ ਨੂੰ ਬੰਦ ਕਰਾਉਣ ਲਈ ਕੀਤਾ ਰੋਸ ਪ੍ਰਦਰਸ਼ਨ

12/07/2018 5:06:28 AM

 ਬਟਾਲਾ, (ਗੋਰਾਇਆ)- ਬਟਾਲਾ ਨਗਰ ਕੌਂਸਲ ਵਾਰਡ ਨੰ. 26 ਤਹਿਤ ਪਿੰਡ ਅੱਲੋਵਾਲ ਦੀ ਰਿਹਾਇਸੀ ਆਬਾਦੀ ਦੇ ਨਾਲ ਲੱਗ ਰਹੀ  ਇੰਡਸਟਰੀ ਢਲਾਈ ਦੀ ਭੱਠੀ ਤੋਂ ਪ੍ਰਦੂਸ਼ਣ ਦੀ ਸਮੱਸਿਆ ਨੂੰ ਲੈ ਕੇ ਐੱਮ.ਸੀ. ਬਲਵਿੰਦਰ ਸਿੰਘ ਚੱਠਾ ਦੀ ਅਗਵਾਈ ਹੇਠ ਭਾਰੀ ਰੋਸ ਪ੍ਰਦਰਸ਼ਨ ਕੀਤਾ ਅਤੇ ਫੈਕਟਰੀ ਨੂੰ ਇੱਥੋਂ ਤੁਰੰਤ ਹਟਾਉਣ ਦੀ ਮੰਗ ਨੂੰ ਲੈ ਕੇ ਪ੍ਰਦੂਸ਼ਣ ਬੋਰਡ ਪੰਜਾਬ , ਨਗਰ ਕੌਂਸਲ ਅਤੇ ਐੱਸ.ਡੀ.ਐੱਮ. ਦਫ਼ਤਰ ਬਟਾਲਾ ਤੱਕ ਮੰਗ ਪੱਤਰ ਦਿੱਤੇ ਗਏ। ਇਸ ਸਬੰਧ ’ਚ ਪ੍ਰਦੂਸ਼ਣ ਬੋਰਡ ਦਫ਼ਤਰ ਬਟਾਲਾ ਵੱਲੋਂ ਪਿੰਡ ਵਾਸੀਆਂ ਨੂੰ ਯਕੀਨ ਦਿਵਾਇਆ ਗਿਆ ਹੈ ਕਿ ਇਸ ਲੱਗ ਰਹੀ ਢਲਾਈ ਦੀ ਭੱਠੀ ਵਾਲੀ  ਫੈਕਟਰੀ ਨੂੰ ਕਾਨੂੰਨੀ ਨੋਟਿਸ ਜਾਰੀ ਕੀਤਾ ਗਿਆ ਹੈ, ਅੱਜ ਇਸ ਸਬੰਧ ’ਚ ਐੱਮ.ਸੀ. ਬਲਵਿੰਦਰ ਸਿੰਘ ਚੱਠਾ, ਐੱਮ.ਸੀ. ਭੁਪਿੰਦਰ ਸਿੰਘ ਲਾਡੀ, ਐੱਮ.ਸੀ. ਸਤਪਾਲ ਮਾਸਟਰ, ਐੱਮ.ਸੀ. ਕੁਲਦੀਪ ਸਿੰਘ ਭੱਟੂ, ਐੱਮ.ਸੀ. ਗੁਰਿੰਦਰ ਸਿੰਘ ਨੀਲੂ ਦੀ ਅਗਵਾਈ ਹੇਠ ਇਸ ਸਮੱਸਿਆ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਐੱਸ.ਡੀ.ਐੱਮ. ਬਟਾਲਾ ਨੂੰ ਮਿਲਿਆ ਗਿਆ, ਜਿਸ ’ਚ ਮੰਗ ਕੀਤੀ ਕਿ ਇਸ ਢਲਾਈ ਦੀ ਭੱਠੀ ਤੋਂ ਨਿਕਲਣ ਵਾਲੇ ਪ੍ਰਦੁੂਸ਼ਣ ਨਾਲ ਵਾਤਾਵਰਣ ਪ੍ਰਦੂਸ਼ਿਤ ਹੋਣ ਦਾ ਭਾਰੀ ਖ਼ਤਰਾ ਬਣ ਗਿਆ ਹੈ। ਇਹ ਫੈਕਟਰੀ ਸੁਹਗਾਨਾ ਮਸੀਨਜ਼ ਦੇ ਨਾਮ ਤੋਂ ਰੇਲਵੇ ਕਰਾਸਿੰਗ ਧੀਰ ਰੋਡ ਬਟਾਲਾ ਵਿਖੇ ਲਾਈ ਜਾ ਰਹੀ ਹੈ, ਫੈਕਟਰੀ ਦੇ ਮਾਲਿਕ ਜਤਿੰਦਰ ਮੋਹਨ ਨਾਲ ਜਦ ਸੰਪਰਕ ਕੀਤਾ ਗਿਆ ਹੈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਸਾਰੀਆਂ ਕਾਨੂੰਨੀ ਮੱਦਾਂ ਪਾਸ ਕਰਵਾ ਕੇ ਐੱਨ..ਓ .ਸੀ. ਲਿਆ ਹੈ ਤੇ ਪੱਕੇ ਤੌਰ ਤੇ ਬਿਜਲੀ ਦਾ ਕੁਨੈਕਸ਼ਨ ਵੀ ਲੈ ਲਿਆ ਹੈ। ਅੱਜ ਰੋਸ ਪ੍ਰਦਰਸ਼ਨ ’ਚ ਸ਼ਾਮਲ ਪਿੰਡ ਵਾਸੀਆਂ ਹਰਪਾਲ ਸਿੰਘ, ਪ੍ਰੀਤਮ ਸਿੰਘ, ਦਲਬੀਰ ਸਿੰਘ, ਬਲਵੰਤ ਸਿੰਘ, ਜੋਗਿੰਦਰ ਸਿੰਘ, ਲਖਬੀਰ ਸਿੰਘ, ਸੁਖਵਿੰਦਰ ਸਿੰਘ, ਸੁਰਜੀਤ ਸਿੰਘ, ਬਲਵਿੰਦਰ ਸਿੰਘ, ਅਮਰਜੀਤ ਸਿੰਘ, ਅਰਜੁਨ ਸਿੰਘ, ਲਖਵਿੰਦਰ ਸਿੰਘ, ਹਰਮਨਪ੍ਰੀਤ ਸਿੰਘ, ਤਰਸੇਮ ਲਾਲ, ਜਗਦੀਸ , ਲਖਬੀਰ ਸਿੰਘ, ਕੁਲਵਿੰਦਰ ਸਿੰਘ, ਦਰਸ਼ਨ ਸਿੰਘ ਆਦਿ ਨੇ ਦਸਤਖਤਾਂ ਹੇਠ ਜਾਰੀ ਕੀਤੇ ਗਏ ਹਲਫ਼ਨਾਮੇ ’ਚ ਕਿਹਾ ਕਿ ਇਹ ਫੈਕਟਰੀ ਵਾਲੀ ਜਗ੍ਹਾ ’ਤੇ ਪਹਿਲਾਂ  ਮਾਲਕਾਂ ਵੱਲੋਂ ਕਿਹਾ ਗਿਆ ਸੀ ਇੱਥੇ ਧਾਰਮਿਕ ਸਥਾਨ ਬਣਾਇਆ ਜਾਣਾ ਹੈ ਪਰ ਉਸਦੇ ਬਾਅਦ ਇਨ੍ਹਾਂ ਵੱਲੋਂ ਢਲਾਈ ਦੀ ਭੱਠੀ ਵਾਲੀ ਚਿੱਮਨੀ ਲਗਾ ਦਿੱਤੀ ਗਈ ਜਿਸ ਤੋਂ ਪਿੰਡ ਵਾਸੀਆਂ ਨੂੰ ਪਤਾ ਲੱਗਾ ਤੇ ਇਸ ਫੈਕਟਰੀ ਨੂੰ ਬੰਦ ਕਰਾਉਣ ਲਈ ਰੋਸ ਮੁਜ਼ਾਹਰਾ ਕਰਨਾ ਪਿਆ। ਇਸ ਸਬੰਧ ’ਚ ਐੱਮ.ਸੀ. ਬਲਵਿੰਦਰ ਸਿੰਘ ਚੱਠਾ ਤੇ ਹੋਰ ਸਾਥੀ ਕੌਂਸਲਰਾਂ ਨੇ ਜਗਬਾਣੀ ਦਫ਼ਤਰ ਵਿਖੇ ਲਿਖਤੀ ਰੂਪ ’ਚ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਇਸ ਫੈਕਟਰੀ ਨੂੰ ਬੰਦ ਕਰਾਉਣ ਦਾ ਵਿਸ਼ਵਾਸ ਦਿਵਾਇਆ ਗਿਆ ਹੈ । ਪਰ ਇਸ ਦੇ ਬਾਵਜੂਦ ਵੀ ਫੈਕਟਰੀ ਮਾਲਿਕ ਕੋਈ ਵੀ ਗੱਲ ਮੰਨਣ ਜਾਂ ਸੁਣਨ  ਲਈ ਤਿਆਰ ਨਹੀਂ । ਉਕਤ ਆਗੁਆਂ ਨੇ ਡੀ.ਸੀ. ਗੁਰਦਾਸਪੁਰ , ਐੱਸ.ਡੀ.ਐੱਮ. ਬਟਾਲਾ, ਪ੍ਰਦੂਸਣ਼ ਬੋਰਡ ਦੇ ਐੱਸ.ਸੀ. ਤੇ ਹੋਰ ਉੱਚਿਤ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਢਲਾਈ ਦੀ ਫੈਕਟਰੀ ਨੂੰ ਤੁਰੰਤ ਬੰਦ ਕਰਵਾਇਆ ਜਾਵੇ। 
 


Related News