ਬੇਹੱਦ ਮੁਸ਼ਕਲ ਤੇ ਚੁਣੌਤੀ ਭਰਿਆ ਹੈ ਸਟੋਰ ਕੀਤੇ ਅਨਾਜ ਨੂੰ ਕੀੜਿਆਂ ਤੋਂ ਬਚਾਉਣ ਦਾ ਕੰਮ

Monday, Sep 04, 2023 - 01:05 PM (IST)

ਬੇਹੱਦ ਮੁਸ਼ਕਲ ਤੇ ਚੁਣੌਤੀ ਭਰਿਆ ਹੈ ਸਟੋਰ ਕੀਤੇ ਅਨਾਜ ਨੂੰ ਕੀੜਿਆਂ ਤੋਂ ਬਚਾਉਣ ਦਾ ਕੰਮ

ਗੁਰਦਾਸਪੁਰ (ਹਰਮਨ)- ਕਿਸਾਨਾਂ ਵੱਲੋਂ ਵੱਖ-ਵੱਖ ਫ਼ਸਲਾਂ ਦੀ ਕਾਸ਼ਤ ਕਰ ਕੇ ਤਿਆਰ ਕੀਤੇ ਅਨਾਜ ਨੂੰ ਸੰਭਾਲਣਾ ਇਕ ਔਖਾ ਤੇ ਚੁਣੌਤੀ ਭਰਿਆ ਕੰਮ ਹੈ ਕਿਉਂਕਿ ਵੱਖ-ਵੱਖ ਅਨਾਜਾਂ ਦੇ ਦਾਣਿਆਂ ਨੂੰ ਜਦੋਂ ਮੰਡੀਕਰਨ ਜਾਂ ਖਾਣ ਵਾਸਤੇ ਸਟੋਰ ਕੀਤਾ ਜਾਂਦਾ ਹੈ ਤਾਂ ਅਕਸਰ ਘਰਾਂ ਵਿਚ ਕਈ ਕੀੜੇ-ਮਕੌੜੇ, ਉਲੀ ਅਤੇ ਸਿੱਲ ਵਰਗੀਆਂ ਸਮੱਸਿਆਂ ਅਨਾਜ ਨੂੰ ਲਪੇਟ ਵਿਚ ਲੈ ਕੇ ਇਸ ਦਾ ਵੱਡਾ ਨੁਕਸਾਨ ਕਰ ਦਿੱਤੀਆਂ ਹਨ। ਮਾਹਿਰਾਂ ਅਨੁਸਾਰ ਫ਼ਸਲ ਦੀ ਕਟਾਈ ਤੋਂ ਬਾਅਦ ਫ਼ਸਲ ਦੇ ਦਾਣਿਆਂ ਨੂੰ 9.33 ਫੀਸਦੀ ਨੁਕਸਾਨ ਹੁੰਦਾ ਹੈ, ਜਿਸ ’ਚੋਂ 6.58 ਫੀਸਦੀ ਨੁਕਸਾਨ ਕੀੜੇ, ਚੂਹੇ ਅਤੇ ਸੂਖਮਜੀਵ ਕਰਦੇ ਦਿੰਦੇ ਹਨ ਜਦੋਂ ਕਿ 2.55 ਫੀਸਦੀ ਨੁਕਸਾਨ ਕੀੜਿਆਂ ਕਰ ਕੇ ਹੁੰਦਾ ਹੈ। ਮਾਹਿਰਾਂ ਅਨੁਸਾਰ ਪੰਜਾਬ ਅੰਦਰ ਮਈ ਤੋਂ ਅਕਤੂਬਰ ਮਹੀਨੇ ’ਚ ਕੀੜਿਆਂ ਦੇ ਵੱਧਣ ਫੁੱਲਣ ਲਈ ਢੁਕਵਾਂ ਹੁੰਦਾ ਹੈ।

ਗੁਦਾਮਾਂ ’ਚ ਅਨਾਜ ਦਾ ਨੁਕਸਾਨ ਕਰਦੇ ਹਨ 20 ਤਰ੍ਹਾਂ ਦੇ ਕੀੜੇ

ਮਾਹਿਰਾਂ ਅਨੁਸਾਰ ਗੁਦਾਮਾਂ ’ਚ ਕੀੜਿਆਂ ਦੀਆਂ ਤਕਰੀਬਨ 20 ਪ੍ਰਜਾਤੀਆਂ ਅਨਾਜ ਨੂੰ ਨੁਕਸਾਨ ਪਹੁੰਚਾਉਂਦੀਆਂ। ਇਨ੍ਹਾਂ ’ਚੋਂ ਕੁਝ ਕੀੜੇ ਸਾਬਤ ਅਨਾਜ ਨੂੰ ਖਾਂਦੇ ਹਨ ਅਤੇ ਸੈਕੰਡਰੀ ਕੀੜੇ ਪ੍ਰੋਸੈਸ ਕੀਤੇ ਅਨਾਜ ਨੂੰ ਖ਼ਰਾਬ ਕਰਦੇ ਹਨ। ਇਹ ਕੀੜੇ ਸਟੋਰ ਕੀਤੇ ਅਨਾਜ ਨੂੰ ਸਿੱਧਾ ਖਾ ਕੇ ਉਨ੍ਹਾਂ ’ਚ ਮੋਰੀਆਂ ਕਰ ਦਿੰਦੇ ਹਨ ਅਤੇ ਅਨਾਜ ਨੂੰ ਪਾਊਡਰ ’ਚ ਤਬਦੀਲ ਕਰ ਦਿੰਦੇ ਹਨ। ਇਸ ਨਾਲ ਦਾਣਿਆਂ ਦੀ ਪੌਸ਼ਟਿਕਤਾ ਖ਼ਤਮ ਹੋ ਜਾਂਦੀ ਹੈ।

ਇਹ ਵੀ ਪੜ੍ਹੋ-  ਭਿਆਨਕ ਹਾਦਸੇ ਨੇ ਦੋ ਘਰਾਂ 'ਚ ਵਿਛਾਏ ਸੱਥਰ, ਗੁਰਦੁਆਰਾ ਟਾਹਲਾ ਸਾਹਿਬ ਮੱਥਾ ਟੇਕਣ ਜਾ ਰਹੀਆਂ ਦੋ ਔਰਤਾਂ ਦੀ ਮੌਤ

ਕਿਹੜੇ ਹਨ ਪ੍ਰਮੁੱਖ ਕੀੜੇ?

ਸਟੋਰ ਕੀਤੇ ਅਨਾਜ ਨੂੰ ਖ਼ਰਾਬ ਕਰਨ ਵਾਲੇ ਮੁੱਖ ਕੀੜਿਆਂ ਵਿਚ ਦਾਣਿਆਂ ਦਾ ਘੁਣ ਕਣਕ, ਚੌਲ ਅਤੇ ਮੱਕੀ ਦੇ ਦਾਣਿਆਂ ਦਾ ਨੁਕਸਾਨ ਕਰਦਾ ਹੈ। ਇਸ ਦੀਆਂ ਸੁੰਡੀਆਂ ਅਤੇ ਸੁਸਰੀ ਦਾਣਿਆਂ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਪਿੱਛੇ ਸਿਰਫ਼ ਖੋਲ੍ਹ ਰਹਿ ਜਾਂਦਾ ਹੈ। ਸੁੰਡੀ ਵਾਧੂ ਆਟੇ ਦੇ ਉੱਤੇ ਵਧਦੀ-ਫੁੱਲਦੀ ਹੈ, ਜਦੋਂਕਿ ਸੁਸਰੀ ਦਾਣਿਆਂ ਨੂੰ ਖਾ ਕੇ ਉਨ੍ਹਾਂ ਦਾ ਧੂੜਾ ਬਣਾ ਦਿੰਦੀ ਹੈ। ਇਸੇ ਤਰ੍ਹਾਂ ਖੱਪਰਾ ਭੂੰਡੀ ਕਣਕ, ਜਵਾਰ, ਦਾਲਾਂ, ਤੇਲ ਬੀਜ ਫ਼ਸਲਾਂ, ਚੌਲ ਅਤੇ ਮੱਕੀ ਦੇ ਦਾਣਿਆਂ ਦਾ ਨੁਕਸਾਨ ਕਰਦੀ ਹੈ। ਦਾਲਾਂ ਦਾ ਢੋਰਾ ਛੋਲੇ, ਮਸਰ, ਮੂੰਗੀ, ਮਾਂਹ ਦਾ ਮੁੱਖ ਕੀੜਾ ਹੈ। ਇਸ ਦੀ ਭੂੰਡੀ ਦਾਣਿਆਂ ਨੂੰ ਨਹੀਂ ਖਾਂਦੀ ਪਰ ਉਹ ਦਾਲਾਂ ਦੇ ਦਾਣਿਆਂ ’ਤੇ ਅੰਡੇ ਦਿੰਦੀ ਹੈ। ਅੰਡੇ ’ਚੋਂ ਨਿਕਲਦੇ ਹੀ ਸੁੰਡੀ ਦਾਣੇ ’ਚ ਵੜ ਜਾਂਦੀ ਹੈ ਅਤੇ ਉਥੇ ਹੀ ਆਪਣਾ ਪੂਰਾ ਸਮਾਂ ਬਿਤਾਉਂਦੀ ਹੈ। ਇਹ ਦਾਣੇ ਨੂੰ ਅੰਦਰੋਂ ਅੰਦਰ ਖਾ ਕੇ ਪੂਰੀ ਤਰ੍ਹਾਂ ਖਾਲੀ ਕਰ ਦਿੰਦੇ ਹਨ।

ਇਸ ਦੀ ਸੁੰਡੀ ਦਾਣਿਆਂ ਦਾ ਸਾਰਾ ਮਾਦਾ ਖਾ ਕੇ ਇਸ ਦੇ ਅੰਦਰ ਆਪਣਾ ਮਲ ਪਦਾਰਥ ਭਰ ਦਿੰਦੀ ਹੈ, ਜਿਸ ਕਾਰਨ ਦਾਣਿਆਂ ’ਚੋਂ ਬਦਬੂ ਆਉਂਦੀ ਹੈ। ਇਸ ਤਰ੍ਹਾਂ ਪ੍ਰਾਇਮਰੀ ਕੀੜਿਆਂ ਵਿਚ ਆਟੇ ਦੀ ਲਾਲ ਸੁਸਰੀ ਕਣਕ ਦੇ ਟੁੱਟੇ ਦਾਣੇ, ਆਟਾ, ਬਿਸਕੁਟ, ਰਸ, ਬਰੈਡ ਆਦਿ ਦਾ ਨੁਕਸਾਨ ਕਰਦਾ ਹੈ। ਇਸ ਦੀ ਸੁੰਡੀ ਅਤੇ ਸੁਸਰੀ ਟੁੱਟੇ ਹੋਏ ਦਾਣਿਆਂ ਨੂੰ, ਪੀਸੇ ਹੋਏ ਸਾਮਾਨ ਨੂੰ, ਆਟੇ ਨੂੰ ਅਤੇ ਦਾਣੇ ਦੇ ਉਗਣ ਵਾਲੇ ਹਿੱਸੇ ਦਾ ਨੁਕਸਾਨ ਕਰਦੇ ਹਨ। ਚੌਲਾਂ ਦਾ ਪਤੰਗਾਂ ਚੌਲ, ਜਵਾਰ, ਮੋਟਾ ਅਨਾਜ, ਦਾਲਾਂ, ਤੇਲ ਬੀਜ, ਮੇਵੇ, ਬਦਾਮ, ਅਖਰੋਟ, ਮਸਾਲੇ, ਬਰੈਡ, ਬਿਸਕੁਟ ਦਾ ਨੁਕਸਾਨ ਕਰਦਾ ਹੈ। ਇਸ ਦੀ ਸੁੰਡੀ ਟੁੱਟੇ ਹੋਏ ਦਾਣਿਆਂ ਨੂੰ ਖਾ ਕੇ ਇਨਾਂ ਦਾਣਿਆਂ ਨੂੰ ਆਪਣੇ ਮਲ ਪਦਾਰਥ ਅਤੇ ਰੇਸ਼ਮੀ ਧਾਗਿਆਂ ਨਾਲ ਜੋੜਦੀ ਹੈ, ਜਿਸ ਦਾ ਭਾਰ 2 ਕਿੱਲੋ ਤੱਕ ਵੀ ਚਲਾ ਜਾਂਦਾ ਹੈ। ਨਤੀਜੇ ਵਜੋਂ ਖਾਣ ਵਾਲੇ ਪਦਾਰਥ ਦੀ ਕੁਆਲਿਟੀ ਖ਼ਰਾਬ ਹੋ ਜਾਂਦੀ ਹੈ। ਆਰਾਦੰਦ ਭੂੰਡੀ ਚੌਲ, ਕਣਕ, ਮੱਕੀ, ਅਨਾਜ ਤੋਂ ਬਣੇ ਪਦਾਰਥ, ਤੇਲ ਬੀਜ ਅਤੇ ਡਰਾਈ ਫਰੂਟ ਆਦਿ ਦਾ ਨੁਕਸਾਨ ਕਰਦੀ ਹੈ। ਇਸ ਦੀ ਸੁੰਡੀ ਅਤੇ ਭੂੰਡੀ ਟੁੱਟੇ ਹੋਏ ਦਾਣਿਆਂ ਨੂੰ ਬਹੁਤ ਨੁਕਸਾਨ ਕਰਦੇ ਹਨ।

ਇਹ ਵੀ ਪੜ੍ਹੋ-  ਕੁੜੀ ਦੀ ਫਾਹੇ ਨਾਲ ਲਟਕਦੀ ਮਿਲੀ ਲਾਸ਼, ਪਿਓ ਨੇ ਕਿਹਾ ਮੇਰੀ ਪਤਨੀ ਨੇ ਭਾਬੀਆਂ ਨਾਲ ਮਿਲ ਕੀਤਾ ਕਤਲ

ਕਿਵੇਂ ਕੀਤੀ ਜਾਵੇ ਰੋਕਥਾਮ?

ਸਟੋਰ ਕੀਤੇ ਦਾਣਿਆਂ ਦੀ ਸੰਭਾਲ ਵਾਸਤੇ ਸਭ ਤੋਂ ਜ਼ਿਆਦਾ ਤੇ ਆਮ ਸਲਫਾਸ ਦੀ ਧੂਣੀ ਨੂੰ ਵਰਤਿਆ ਜਾਂਦਾ ਹੈ। ਇਹ ਤਰੀਕਾ ਹਰ ਉਸ ਜਗ੍ਹਾ ’ਤੇ ਵਰਤਿਆ ਜਾਂਦਾ ਹੈ, ਜਿਥੇ ਦਾਣੇ ਸਟੋਰ ਕੀਤੇ ਜਾਣੇ ਹਨ। ਭਾਵੇਂ ਉਹ ਖਾਣ ਵਾਸਤੇ, ਮੰਡੀਕਰਨ ਵਾਸਤੇ ਜਾਂ ਫਿਰ ਬੀਜ ਵਾਸਤੇ ਵਰਤੇ ਜਾਣੇ ਹੋਣ। ਗੁਦਾਮਾਂ ਦੀਆਂ ਸਭ ਤਰੇੜਾਂ, ਦਰਜਾਂ, ਮੋਰੀਆਂ ਅਤੇ ਖੁੱਡਾਂ ਆਦਿ ਨੂੰ ਚੰਗੀ ਤਰ੍ਹਾਂ ਸੀਮੈਂਟ ਜਾਂ ਮਿੱਟੀ ਦੇ ਗਾਰੇ ਨਾਲ ਬੰਦ ਕਰਨਾ ਚਾਹੀਦਾ ਹੈ। ਦਾਣੇ ਭੰਡਾਰ ਕਰਨ ਤੋਂ ਪਹਿਲਾਂ ਗੁਦਾਮਾਂ/ਸਟੋਰਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ।

ਸਟੋਰ ਕਰਨ ਤੋਂ ਪਹਿਲਾਂ ਦਾਣਿਆਂ ਨੂੰ ਚੰਗੀ ਤਰ੍ਹਾਂ ਸਾਫ਼ ਕਰਨਾ ਚਾਹੀਦਾ ਹੈ ਅਤੇ ਪੁਰਾਣੇ ਅਤੇ ਨਵੇਂ ਦਾਣਿਆਂ ਨੂੰ ਆਪਸ ’ਚ ਨਹੀਂ ਮਿਲਾਉਣਾ ਚਾਹੀਦਾ ਹੈ। ਸਟੋਰਾਂ ਨੂੰ ਬਣਾਉਂਦੇ ਸਮੇਂ ਧਿਆਨ ਰੱਖਣਾ ਚਾਹੀਦਾ ਹੈ ਕਿ ਉਨ੍ਹਾਂ ’ਚ ਸਿਲ/ਨਮੀਨਾ ਆ ਸਕੇ। ਦਾਣੇ ਭਰਨ ਤੋਂ ਪਹਿਲਾਂ ਟੀਨ ਦੇ ਡਰੰਮਾਂ ਨੂੰ ਚੰਗੀ ਤਰ੍ਹਾਂ ਸਾਫ ਕਰ ਕੇ 2-3 ਦਿਨ ਧੁੱਪੇ ਰੱਖਣਾ ਚਾਹੀਦਾ ਹੈ। ਦਾਣਿਆਂ ਵਿਚ ਨਮੀ ਦੀ ਮਾਤਰਾ 9 ਫੀਸਦੀ ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ। ਖਾਲੀ ਗੁਦਾਮਾਂ ਜਾਂ ਢੋਲਾਂ ਨੂੰ ਕੀੜਿਆਂ ਤੋਂ ਮੁਕਤ ਕਰਨ ਵਾਸਤੇ 100 ਮਿਲੀਲਿਟਰ ਸਾਇਥੀਅਨ 50 ਤਾਕਤ (ਮੈਲਾਥੀਅਨ ਪ੍ਰੀਮੀਅਮ ਗਰੇਡ) ਨੂੰ 10 ਲਿਟਰ ਪਾਣੀ ਵਿਚ ਘੋਲ ਕੇ ਛੱਤ, ਕੰਧਾਂ ਅਤੇ ਫਰਸ਼ ਤੇ ਛਿੜਕਾਅ ਕਰਨਾ ਚਾਹੀਦਾ ਹੈ ਜਾਂ 25 ਗੋਲੀਆਂ ਐਲੂਮੀਨੀਅਮ ਫ਼ਾਸਫਾਈਡ ਪ੍ਰਤੀ 100 ਘਣਮੀਟਰ ਜਗ੍ਹਾ ਦੇ ਹਿਸਾਬ ਨਾਲ ਹਵਾ ਬੰਦ ਕਮਰੇ ਵਿੱਚ ਧੂਣੀ ਦੇਣੀ ਚਾਹੀਦੀ ਹੈ, ਜਿਸ ਦੇ ਬਾਅਦ ਕਮਰੇ ਨੂੰ 7 ਦਿਨ ਤੱਕ ਨਹੀਂ ਖੋਲਣਾ ਚਾਹੀਦਾ ਸਟੋਰ ਕੀਤੀਆਂ ਦਾਲਾਂ ਨੂੰ ਢੋਰੇ ਤੋਂ ਬਚਾਉਣ ਵਾਸਤੇ ਉਹਨਾਂ ਉਪਰ 7 ਸੈਂਟੀਮੀਟਰ ਰੇਤ ਜਾਂ ਲੱਕੜੀ ਦੇ ਬੂਰੇ ਦੀ ਤਹਿ ਵਿਛਾ ਦੇਣੀ ਚਾਹੀਦੀ। ਕੀੜੇ ਲੱਗੇ ਦਾਣਿਆਂ ਲਈ ਫੋਸਟੌਕਸਿਨ ਜਾਂ ਡੈਲੀਸ਼ੀਆ ਜਾਂ ਸੈਲਫਾਸ (ਅਲੁਮੀਨੀਅਮਫ਼ਾਸਫਾਈਡ) ਦੀ ਤਿੰਨ ਗ੍ਰਾਮ ਦੀ ਇਕ ਗੋਲੀ ਇਕ ਟਨ ਦਾਣਿਆਂ ਲਈ ਵਰਤੋਂ ਜਾਂ 25 ਗੋਲੀਆਂ 100 ਘਣਮੀਟਰ ਥਾਂ ਲਈ ਵਰਤ ਕੇ ਹਵਾ ਬੰਦ ਕਮਰੇ ’ਚ ਧੂਣੀ ਦੇ ਕੇ ਕਮਰੇ ਨੂੰ 7 ਦਿਨ ਤੱਕ ਹਵਾ ਬੰਦ ਰੱਖੋ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News