ਭਿੱਖੀਵਿੰਡ 'ਚ ਦੁਕਾਨ ਨੂੰ ਲੱਗੀ ਅੱਗ, ਮਾਲਕ ਨੇ ਕਰੋੜਾਂ ਦੇ ਨੁਕਸਾਨ ਲਈ ਬਿਜਲੀ ਵਿਭਾਗ ਨੂੰ ਠਹਿਰਾਇਆ ਜ਼ਿੰਮੇਵਾਰ
Tuesday, Sep 05, 2023 - 01:27 PM (IST)
ਭਿੱਖੀਵਿੰਡ (ਭਾਟੀਆ)- ਕਸਬਾ ਭਿੱਖੀਵਿੰਡ 'ਚ ਸਥਿਤ ਕਮਲ ਬੂਟ ਹਾਊਸ ਨਾਂ ਦੀ ਦੁਕਾਨ 'ਚ ਸਵੇਰੇ ਤੜਕਸਾਰ ਭਿਆਨਕ ਅੱਗ ਲੱਗਣ ਦੀ ਖ਼ਬਰ ਪ੍ਰਾਪਤ ਹੋਈ ਹੈ। ਵਰਣਨਯੋਗ ਹੈ ਕਿ ਅੱਗ ਲੱਗਣ ਤੋਂ ਇੱਕ ਘੰਟਾ ਬਾਅਦ ਨਗਰ ਕੌਂਸਲ ਪੱਟੀ ਦੇ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ ਅਤੇ ਉਸ ਤੋਂ 2 ਘੰਟੇ ਬਾਅਦ ਤਰਨ ਤਾਰਨ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚੀਆਂ, ਪਰ ਅੱਗ ਦੀਆਂ ਲਾਟਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਸਨ ।
ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਦੋ ਘਰਾਂ 'ਚ ਵਿਛਾਏ ਸੱਥਰ, ਗੁਰਦੁਆਰਾ ਟਾਹਲਾ ਸਾਹਿਬ ਮੱਥਾ ਟੇਕਣ ਜਾ ਰਹੀਆਂ ਦੋ ਔਰਤਾਂ ਦੀ ਮੌਤ
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਮਲ ਬੂਟ ਹਾਊਸ ਦੁਕਾਨ ਦੇ ਮਾਲਕ ਹਰਜਿੰਦਰ ਸਿੰਘ ਪੁੱਤਰ ਅਜੀਤ ਸਿੰਘ ਅਤੇ ਰਾਜਦੀਪ ਸਿੰਘ ਪੁੱਤਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਬਿਜਲੀ ਵਿਭਾਗ ਦੀ ਅਣਗਿਹਲੀ ਕਾਰਨ ਉਨ੍ਹਾਂ ਦੀ ਦੁਕਾਨ ਸੜ੍ਹ ਕੇ ਸਵਾਹ ਹੋ ਗਈ । ਉਨ੍ਹਾਂ ਕਿਹਾ ਕਿ ਇਸ ਘਟਨਾ ਤੋਂ ਪਹਿਲਾਂ ਅਨੇਕਾਂ ਵਾਰ ਬਿਜਲੀ ਵਿਭਾਗ ਨੂੰ ਉਨ੍ਹਾਂ ਦੀ ਦੁਕਾਨ ਅੱਗੇ ਲੱਗੇ ਬਿਜਲੀ ਦੇ ਟ੍ਰਾਂਸਫ਼ਾਰਮਰ ਦੇ ਸ਼ਾਟ ਸਰਕਟ 'ਤੇ ਲੋੜ ਤੋਂ ਜ਼ਿਆਦਾ ਵੋਲਟੇਜ਼ ਕੱਢਣ ਸੰਬੰਧੀ ਸੂਚਿਤ ਕੀਤਾ ਸੀ, ਪਰ ਵਿਭਾਗ ਦੇ ਕਿਸੇ ਵੀ ਅਧਿਕਾਰੀ ਨੇ ਉਨ੍ਹਾਂ ਦੀ ਇਸ ਮੁਸ਼ਕਿਲ ਦਾ ਹੱਲ ਕੱਢਣਾ ਜ਼ਰੂਰੀ ਨਹੀਂ ਸਮਝਿਆ । ਉਨ੍ਹਾਂ ਕਿਹਾ ਕਿ ਇਸ ਟ੍ਰਾਂਸਫਾਰਮਰ ਦਾ ਇੱਕ ਫੇਸ ਸਿੱਧਾ ਕੀਤਾ ਹੋਇਆ ਹੈ ਅਤੇ 8 ਮਹੀਨੇ ਪਹਿਲਾਂ ਵੀ ਇਸ ਟ੍ਰਾਂਸਫ਼ਾਰਮਰ ਵੱਲੋਂ ਵੱਧ ਬਿਜਲੀ ਕੱਢਣ ਕਾਰਨ ਉਨ੍ਹਾਂ ਦੇ ਨਜ਼ਦੀਕ ਕੁਲਦੀਪ ਸ਼ਾਹ ਦੀ ਕੱਪੜੇ ਵਾਲੀ ਦੁਕਾਨ ਨੂੰ ਅੱਗ ਲੱਗੀ ਸੀ ਅਤੇ ਹੁਣ ਅੱਜ ਉਨ੍ਹਾਂ ਦੀ ਦੁਕਾਨ ਨੂੰ ਅੱਗ ਲੱਗਣ ਕਾਰਨ ਕਰੀਬ 2 ਕਰੋੜ ਰੁਪਏ ਦਾ ਨੁਕਸਾਨ ਹੋ ਗਿਆ ਹੈ।
ਇਹ ਵੀ ਪੜ੍ਹੋ- ਨੰਗਲ 'ਚ ਸਰਕਾਰੀ ਮੁਲਾਜ਼ਮ ਦੀ ਮਿਲੀ ਲਾਸ਼, ਇਕ ਦਿਨ ’ਚ 3 ਜਣਿਆਂ ਦੀ ਮੌਤ ਨੇ ਫੈਲਾਈ ਸਨਸਨੀ
ਇੱਥੇ ਵੱਡੀ ਗੱਲ ਇਹ ਵੀ ਹੈ ਕਿ ਹਲਕਾ ਖੇਮਕਰਨ ਜੋ ਬਾਰਡਰ 'ਤੇ ਵੱਸਿਆ ਹੋਇਆ ਹੈ, ਕੋਲ ਫਾਇਰ ਬ੍ਰਿਗੇਡ ਦੀ ਕੋਈ ਵੀ ਗੱਡੀ ਮੌਜੂਦ ਨਹੀਂ ਹੈ। ਇਸ ਮੌਕੇ ਰਾਜੇਸ਼ ਚੋਪੜਾ 'ਤੇ ਕੁਲਦੀਪ ਚੋਪੜਾ ਨੇ ਦੱਸਿਆ ਕਿ ਇਸ ਟ੍ਰਾਂਸਫਾਰਮਰ ਕਾਰਨ ਉਨ੍ਹਾਂ ਨੂੰ ਆ ਰਹੀ ਮੁਸ਼ਕਿਲ ਸੰਬੰਧੀ ਲਿਖਤੀ ਦਰਖ਼ਾਸਤਾਂ ਬਿਜਲੀ ਵਿਭਾਗ ਭਿੱਖੀਵਿੰਡ ਨੂੰ ਦਿੱਤੀਆਂ ਗਈਆਂ ਹਨ, ਪਰ ਵਿਭਾਗ ਨੇ ਉਨ੍ਹਾਂ ਦੀਆਂ ਦਿੱਤੀਆਂ ਦਰਖ਼ਾਸਤਾਂ 'ਤੇ ਕੋਈ ਵੀ ਠੋਸ ਕਾਰਵਾਈ ਨਹੀਂ ਕੀਤੀ ਹੈ। ਉਨ੍ਹਾਂ ਦੱਸਿਆ ਕਿ 8 ਮਹੀਨੇ ਪਹਿਲਾਂ ਵੀ ਉਨ੍ਹਾਂ ਦੀ ਕੱਪੜੇ ਦੀ ਦੁਕਾਨ ਨੂੰ ਅੱਗ ਲੱਗੀ ਸੀ, ਜਿਸ ਨਾਲ ਉਨ੍ਹਾਂ ਦਾ ਕਰੀਬ 1 ਕਰੋੜ ਦਾ ਨੁਕਸਾਨ ਹੋਇਆ ਸੀ, ਪਰ ਵਿਭਾਗ ਵੱਲੋਂ ਫਿਰ ਵੀ ਇਸ ਟ੍ਰਾਂਸਫਾਰਮਰ ਦਾ ਕੋਈ ਹੱਲ ਨਹੀਂ ਕੀਤਾ ਗਿਆ।
ਇਹ ਵੀ ਪੜ੍ਹੋ- ਕੁੜੀ ਦੀ ਫਾਹੇ ਨਾਲ ਲਟਕਦੀ ਮਿਲੀ ਲਾਸ਼, ਪਿਓ ਨੇ ਕਿਹਾ ਮੇਰੀ ਪਤਨੀ ਨੇ ਭਾਬੀਆਂ ਨਾਲ ਮਿਲ ਕੀਤਾ ਕਤਲ
ਇਸ ਮੌਕੇ ਉਨ੍ਹਾਂ ਬਿਜਲੀ ਵਿਭਾਗ ਦੇ ਅਧਿਕਾਰੀਆਂ ਵੱਲੋਂ ਵਰਤੀ ਗਈ ਲਾਪਰਵਾਹੀ ਖ਼ਿਲਾਫ਼ ਠੋਸ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮੌਕੇ ਪੀੜ੍ਹਤ ਪਰਿਵਾਰ ਅਤੇ ਸਮੂਹ ਮਾਰਕੀਟ ਦੇ ਦੁਕਾਨਦਾਰਾਂ ਵੱਲੋਂ ਜਿੱਥੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਵੀ ਕੀਤੀ ਜਾ ਰਹੀ ਹੈ, ਉੱਥੇ ਦੁਕਾਨਦਾਰ ਨੂੰ ਹੋਏ ਨੁਕਸਾਨ 'ਤੇ ਮੁਆਵਜ਼ੇ ਦੀ ਵੀ ਮੰਗ ਕੀਤੀ ਜਾ ਰਹੀ ਹੈ । ਇਸ ਸਬੰਧੀ ਹਲਕਾ ਖੇਮਕਰਨ ਦੇ ਵਿਧਾਇਕ ਸਰਵਨ ਸਿੰਘ ਧੁੰਨ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸਦੀ ਜਾਂਚ ਕਰਵਾਈ ਜਾਵੇਗੀ। ਜੇਕਰ ਬਿਜਲੀ ਵਿਭਾਗ ਦੀ ਅਣਗਿਹਲੀ ਕਾਰਨ ਅੱਗ ਲੱਗੀ ਹੈ ਤਾਂ ਉਹਨਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ।
ਕੀ ਕਹਿੰਦੇ ਹਨ ਪੰਜਾਬ ਪਾਵਰਕੌਮ ਦੇ ਡਾਇਰੈਕਟਰ ਜਸਬੀਰ ਸਿੰਘ ਸੁਰਸਿੰਘ
ਜਦੋਂ ਉਹਨਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ । ਜੇਕਰ ਕੋਈ ਬਿਜਲੀ ਵਿਭਾਗ ਦੀ ਕੋਈ ਲਾਪਰਵਾਹੀ ਸਾਹਮਣੇ ਆਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8