ਹਸਪਤਾਲ ਦੇ ICU ਬਣੇ ਡਾਕਟਰਾਂ ਦੀ ਕਮਾਈ ਦਾ ਸਾਧਨ, ਮੁਫ਼ਤ ਮਿਲਣ ਵਾਲੀਆਂ ਦਵਾਈਆਂ ਮੰਗਵਾਈਆਂ ਜਾਂਦੀਆਂ ਬਾਹਰੋਂ

Saturday, Dec 02, 2023 - 02:51 PM (IST)

ਹਸਪਤਾਲ ਦੇ ICU ਬਣੇ ਡਾਕਟਰਾਂ ਦੀ ਕਮਾਈ ਦਾ ਸਾਧਨ, ਮੁਫ਼ਤ ਮਿਲਣ ਵਾਲੀਆਂ ਦਵਾਈਆਂ ਮੰਗਵਾਈਆਂ ਜਾਂਦੀਆਂ ਬਾਹਰੋਂ

ਅੰਮ੍ਰਿਤਸਰ (ਦਲਜੀਤ)- ਗੁਰੂ ਨਾਨਕ ਦੇਵ ਹਸਪਤਾਲ ਦੇ ਆਈ. ਸੀ. ਯੂ. ਕੁਝ ਡਾਕਟਰਾਂ ਦੀ ਕਮਾਈ ਦਾ ਸਾਧਨ ਬਣ ਗਏ ਹਨ। ਸਰਕਾਰ ਵੱਲੋਂ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆਂ ਦਵਾਈਆਂ ਮੁਫ਼ਤ ਦੇਣ ਦੀ ਬਜਾਏ ਡਾਕਟਰ ਕਮਿਸ਼ਨ ਦੀ ਖ਼ਾਤਰ ਮਰੀਜ਼ਾਂ ਦੇ ਪਰਿਵਾਰ ਵਾਲਿਆਂ ਤੋਂ ਬਹੁਤ ਸਾਰੀਆਂ ਦਵਾਈਆਂ ਮੰਗਵਾ ਰਹੇ ਹਨ, ਜਿਸ ਕਾਰਨ ਕਈ ਮਰੀਜ਼ਾਂ ਕੋਲ ਲੋੜ ਤੋਂ ਵੱਧ ਦਵਾਈਆਂ ਹਨ ਪਰ ਸੰਬੰਧਤ ਡਾਕਟਰ ਇਲਾਜ ਦੇ ਨਾਂ ’ਤੇ ਪਰਿਵਾਰ ਦੇ ਮੈਂਬਰਾਂ ਤੋਂ ਉਨ੍ਹਾਂ ਦੇ ਨਾਂ ’ਤੇ ਲਿਫ਼ਾਫ਼ੇ ਭਰ ਕੇ ਦਵਾਈਆਂ ਮੰਗਵਾਈਆਂ ਜਾਂਦੀਆਂ ਹਨ। ਜੇਕਰ ਕੋਈ ਪਰਿਵਾਰਕ ਮੈਂਬਰ ਸਬੰਧਤ ਡਾਕਟਰ ਨੂੰ ਦਵਾਈਆਂ ਦੀ ਵੱਧ ਮੰਗ ਕਰਨ ਬਾਰੇ ਦੱਸਦਾ ਹੈ ਤਾਂ ਇਹ ਡਾਕਟਰ ਸਿੱਧੀ ਗੱਲ ਨਾ ਕਰ ਕੇ ਪਰਿਵਾਰਕ ਮੈਂਬਰ ਨੂੰ ਜ਼ਲੀਲ ਕਰਦੇ ਹਨ। ਇਸੇ ਤਰ੍ਹਾਂ ਕਈ ਅਜਿਹੇ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੇ ਆਪਣੇ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਜਗ ਬਾਣੀ ਨੂੰ ਆਪਣੇ ਵਿਚਾਰ ਦੱਸੇ ਹਨ, ਜਦਕਿ ਦੂਜੇ ਪਾਸੇ ਆਈ. ਸੀ. ਯੂ. ਦੇ ਇੰਚਾਰਜ ਡਾ. ਵੀਨਾ ਚਤਰਥ ਨੇ ਦੱਸਿਆ ਕਿ ਜੋ ਦਵਾਈਆਂ ਸਰਕਾਰ ਕੋਲ ਉਪਲਬਧ ਨਹੀਂ ਹਨ, ਉਹ ਮਰੀਜ਼ ਦੀ ਕੀਮਤੀ ਜਾਨ ਬਚਾਉਣ ਲਈ ਬਾਹਰੋਂ ਮੰਗਵਾਈਆਂ ਜਾਂਦੀਆਂ ਹਨ।

 ਇਹ ਵੀ ਪੜ੍ਹੋ-  ਦੋ ਕਾਰਾਂ ਦੀ ਭਿਆਨਕ ਟੱਕਰ 'ਚ ਔਰਤ ਤੇ ਬੱਚਾ ਗੰਭੀਰ ਜ਼ਖ਼ਮੀ, ਮੰਤਰੀ ਧਾਲੀਵਾਲ ਨੇ ਪਹੁੰਚਾਏ ਹਸਪਤਾਲ

ਜਾਣਕਾਰੀ ਅਨੁਸਾਰ ਪੰਜਾਬ ਸਰਕਾਰ ਵੱਲੋਂ ਮਰੀਜ਼ਾਂ ਨੂੰ ਵਧੀਆ ਸੇਵਾਵਾਂ ਦੇਣ ਲਈ ਗੁਰੂ ਨਾਨਕ ਦੇਵ ਹਸਪਤਾਲ ਨੂੰ ਅਤਿ-ਆਧੁਨਿਕ ਤਕਨੀਕ ਨਾਲ ਲੈਸ ਕੀਤਾ ਜਾ ਰਿਹਾ ਹੈ। ਇੱਥੋਂ ਤੱਕ ਕਿ ਹਸਪਤਾਲ ਵਿਚ ਬਣੇ ਆਈ. ਸੀ. ਯੂ. ਨੂੰ ਹੋਰ ਬਿਹਤਰ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ। ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਵੀ ਮਰੀਜ਼ਾਂ ਨੂੰ ਵਧੀਆ ਸੇਵਾਵਾਂ ਦੇਣ ਸਬੰਧੀ ਸਥਾਨਕ ਪ੍ਰਸ਼ਾਸਨ ਨੂੰ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ ਹਨ ਪਰ ਅਫ਼ਸੋਸ ਦੀ ਗੱਲ ਹੈ ਕਿ ਮਰੀਜ਼ਾਂ ਦੀਆਂ ਕੀਮਤੀ ਜਾਨਾਂ ਬਚਾਉਣ ਦੇ ਨਾਲ-ਨਾਲ ਕੁਝ ਡਾਕਟਰ ਪ੍ਰਾਈਵੇਟ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਤੋਂ ਮੋਟੀ ਕਮਾਈ ਕਮਾਉਣ ਦੀ ਕੋਸ਼ਿਸ਼ ਦੇ ਨਾਲ-ਨਾਲ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ।

ਆਈ. ਸੀ. ਯੂ. ਵਿਚ ਦਾਖ਼ਲ ਅਤੇ ਹੁਣ ਆਈ. ਸੀ. ਯੂ. ਤੋਂ ਛੁੱਟੀ ਮਿਲਣ ਵਾਲੇ ਕਈ ਮਰੀਜ਼ਾਂ ਦੇ ਪਰਿਵਾਰਕ ਮੈਂਬਰਾਂ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਆਈ. ਸੀ. ਯੂ. ਕੁਝ ਡਾਕਟਰ ਬਹੁਤ ਲਾਲਚੀ ਹਨ। ਸਰਕਾਰੀ ਦਵਾਈਆਂ ਦੇਣ ਦੀ ਬਜਾਏ ਹਰ ਰੋਜ਼ ਪਰਚੀ ਦੇ ਕੇ ਕਈ ਦਵਾਈਆਂ ਉਨ੍ਹਾਂ ਤੋਂ ਬਾਹਰੋਂ ਮੰਗਵਾਉਂਦੇ ਹਨ। ਇਹ ਸਾਰਾ ਧੰਦਾ ਕਾਰੋਬਾਰ ਕੁਝ ਹੇਠਲੇ ਪੱਧਰ ਦੇ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਹੈ, ਸੰਭਵ ਹੈ ਕਿ ਇਸ ਵਿਚ ਵੱਡੇ ਅਧਿਕਾਰੀਆਂ ਦਾ ਵੀ ਹੱਥ ਹੋਵੇ, ਜਿਸ ਕਾਰਨ ਉਹ ਆਪਣੀ ਮਰਜ਼ੀ ਅਨੁਸਾਰ ਕੰਮ ਕਰਦੇ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੇ ਮਰੀਜ਼ਾਂ ਕੋਲ ਦਵਾਈਆਂ ਨਾਲ ਭਰੇ ਲਿਫਾਫੇ ਹਨ ਪਰ ਫਿਰ ਦਵਾਈਆਂ ਬਾਹਰੋਂ ਮੰਗਵਾਈਆਂ ਜਾਂਦੀਆਂ ਹਨ। 

 ਇਹ ਵੀ ਪੜ੍ਹੋ- ਗੁਰਦਾਸਪੁਰ 'ਚ ਰੈਲੀ ਦੇ ਮੱਦਨੇਜ਼ਰ ਪੁਲਸ ਨੇ ਡਾਇਵਰਟ ਕੀਤੀ ਟ੍ਰੈਫ਼ਿਕ, ਲੋਕਾਂ ਲਈ ਬਦਲਵੇਂ ਰੂਟ ਜਾਰੀ

ਇੱਥੋਂ ਤੱਕ ਕਿ ਇੱਕ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਉਹ ਬਹੁਤ ਪ੍ਰੇਸ਼ਾਨ ਹੈ, ਕਿਉਂਕਿ ਵਾਰ-ਵਾਰ ਬਾਹਰੋਂ ਦਵਾਈਆਂ ਮੰਗਵਾਉਣ ਕਰ ਕੇ ਉਸ ਨੂੰ ਕਿਸੇ ਤੋਂ ਵਿਆਜੀ ਪੈਸੇ ਲੈ ਕੇ ਆਪਣੇ ਮਰੀਜ਼ ਦਾ ਇਲਾਜ ਕਰਵਾਉਣਾ ਪੈ ਰਿਹਾ ਹੈ। ਸਰਕਾਰ ਕਹਿੰਦੀ ਹੈ ਕਿ ਇੱਥੇ ਮੁਫਤ ਇਲਾਜ ਹੈ ਪਰ ਜਦੋਂ ਅਸੀਂ ਇੱਥੇ ਆਉਂਦੇ ਹਾਂ ਤਾਂ ਦੇਖਦੇ ਹਾਂ ਕਿ ਮੁਫਤ ਇਲਾਜ ਕਰਵਾਉਣ ਦੀ ਬਜਾਏ ਮਰੀਜ਼ਾਂ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਜੇਕਰ ਉਹ ਕਿਸੇ ਵੀ ਉੱਚ ਅਧਿਕਾਰੀ ਨੂੰ ਇਸ ਸਬੰਧੀ ਸ਼ਿਕਾਇਤ ਕਰਦੇ ਹਨ ਤਾਂ ਡਾਕਟਰ ਕਹਿੰਦਾ ਹੈ ਕਿ ਤੁਹਾਡਾ ਮਰੀਜ਼ ਗੰਭੀਰ ਹੈ ਅਤੇ ਦਵਾਈ ਦੀ ਬਹੁਤ ਲੋੜ ਹੈ, ਇਸ ਤਰ੍ਹਾਂ ਕਹਿ ਕੇ ਉਨ੍ਹਾਂ ਨੂੰ ਡਰਾ ਦਿੰਦੇ ਹਨ।

ਇਸ ਸਬੰਧੀ ਜਦੋਂ ਹਸਪਤਾਲ ਆਈ. ਸੀ. ਯੂ. ਦੀ ਇੰਚਾਰਜ ਡਾ. ਵੀਨਾ ਚਤਰਥ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਰੀਜ਼ਾਂ ਨੂੰ ਐਂਟੀਬਾਇਓਟਿਕ ਅਤੇ ਹੋਰ ਦਵਾਈਆਂ ਸਰਕਾਰੀ ਤੌਰ ’ਤੇ ਮੁਹੱਈਆ ਹਨ। ਜੇਕਰ ਮਰੀਜ਼ ਦੀ ਕੀਮਤੀ ਜਾਨ ਬਚਾਉਣ ਲਈ ਕੋਈ ਦਵਾਈ ਚਾਹੀਦੀ ਹੈ ਜੋ ਸਰਕਾਰ ਕੋਲ ਨਹੀਂ ਹੈ ਤਾਂ ਉਹ ਪ੍ਰਾਈਵੇਟ ਸਟੋਰ ਤੋਂ ਖਰੀਦੀ ਜਾਂਦੀ ਹੈ। ਇਸ ਤੋਂ ਇਲਾਵਾ ਕੋਈ ਹੋਰ ਦਵਾਈ ਬਾਹਰੋਂ ਮੰਗਵਾਈ ਨਹੀਂ ਜਾਂਦੀ। ਮਰੀਜ਼ ਨੂੰ ਸਰਕਾਰ ਵਲੋਂ ਦਿੱਤੀਆਂ ਜਾਂਦੀਆਂ ਸਾਰੀਆਂ ਵਧੀਆ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।

 ਇਹ ਵੀ ਪੜ੍ਹੋ- ਸੁਲਤਾਨਪੁਰ ਲੋਧੀ ਮਾਮਲੇ 'ਚ ਰਾਜਪਾਲ ਨੂੰ ਮਿਲਿਆ ਅਕਾਲੀ ਵਫਦ, ਕੀਤੀ ਸੀ.ਬੀ.ਆਈ. ਜਾਂਚ ਦੀ ਮੰਗ

ਆਈ. ਸੀ. ਯੂ. ਦੇ ਨੇੜੇ ਮੰਡਰਾਉਂਦੇ ਰਹਿੰਦੇ ਪ੍ਰਾਈਵੇਟ ਲੈਬਾਂ ਅਤੇ ਪ੍ਰਾਈਵੇਟ ਸਟੋਰਾਂ ਦੇ ਕਰਮਚਾਰੀ

ਆਈ. ਸੀ. ਯੂ. ਮਰੀਜ਼ ਦੇ ਨਾਲ ਆਏ ਸਮਾਜ ਸੇਵੀ ਜੈ ਗੋਪਾਲ ਲਾਲੀ ਅਤੇ ਰਾਜਿੰਦਰ ਸ਼ਰਮਾ ਰਾਜੂ ਨੇ ਦੱਸਿਆ ਕਿ ਉਨ੍ਹਾਂ ਦਾ ਇਕ ਜਾਣਕਾਰ ਮਰੀਜ਼ ਆਈ. ਸੀ. ਯੂ. ਦਾਖਲ ਸੀ, ਜਦੋਂ ਉਹ ਮਰੀਜ਼ ਦਾ ਪਤਾ ਲੈਣ ਗਏ ਤਾਂ ਅਚਾਨਕ ਆਈ. ਸੀ. ਯੂ. ਅੰਦਰੋਂ ਡਾਕਟਰ ਨੇ ਮਰੀਜ਼ ਦੇ ਪਰਿਵਾਰ ਵਾਲਿਆਂ ਨੂੰ ਦਵਾਈਆਂ ਦੀ ਲੰਮੀ ਸੂਚੀ ਲਿਖ ਕੇ ਕਿਹਾ ਕਿ ਬਾਹਰ ਇਕ ਲੜਕਾ ਖੜ੍ਹਾ ਹੈ, ਉਸ ਨੂੰ ਲਿਸਟ ਦੇ ਦਿਓ, ਉਹ ਦਵਾਈਆਂ ਲਿਆ ਕੇ ਤੁਹਾਨੂੰ ਦੇ ਦੇਵੇਗਾ। ਲਾਲੀ ਅਤੇ ਰਾਜੂ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਮਰੀਜ਼ ਦੇ ਪਰਿਵਾਰ ਵਾਲਿਆਂ ਨੇ ਦੇਖਿਆ ਤਾਂ ਲੜਕਾ ਅਚਾਨਕ ਉਥੇ ਆ ਗਿਆ ਅਤੇ ਉਨ੍ਹਾਂ ਤੋਂ ਲਿਸਟ ਲੈ ਲਈ। ਇਸੇ ਤਰ੍ਹਾਂ ਕੁਝ ਹੋਰ ਲੜਕੇ ਵੀ ਉਥੇ ਆ ਗਏ ਅਤੇ ਹੋਰ ਮਰੀਜ਼ਾਂ ਤੋਂ ਸੂਚੀ ਲੈ ਕੇ ਚਲੇ ਗਏ। ਉਨ੍ਹਾਂ ਦੱਸਿਆ ਕਿ ਆਈ. ਸੀ. ਯੂ. ਅੰਦਰੋਂ ਕੁਝ ਡਾਕਟਰ ਪੈਸੇ ਕਮਾ ਕੇ ਮਰੀਜ਼ਾਂ ਦਾ ਸ਼ੋਸ਼ਣ ਕਰ ਰਹੇ ਹਨ। ਇਕ ਪਾਸੇ ਸਰਕਾਰ ਮੁਫ਼ਤ ਇਲਾਜ ਕਰਨ ਦੀ ਗੱਲ ਕਰ ਰਹੀ ਹੈ, ਦੂਜੇ ਪਾਸੇ ਸਰਕਾਰੀ ਹਸਪਤਾਲਾਂ ਵਿਚ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ ਅਤੇ ਉੱਚ ਅਧਿਕਾਰੀ ਕੁੰਭਕਰਨ ਦੀ ਨੀਂਦ ਸੁੱਤੇ ਪਏ ਹਨ। ਜੇਕਰ ਸਰਕਾਰ ਇਸ ਮਾਮਲੇ ਦੀ ਗੁਪਤ ਜਾਂਚ ਕਰੇ ਤਾਂ ਵੱਡੇ ਖੁਲਾਸੇ ਹੋ ਸਕਦੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News