ਪਰਮਾਨੈਂਟ ਰੈਜ਼ੀਡੈਂਟਸ ਨੂੰ ਵਾਪਸ ਲਿਜਾਣ ਲਈ ਤਿਆਰ ਨਹੀਂ ਕੈਨੇਡੀਅਨ ਅੰਬੈਸੀ
Sunday, Apr 12, 2020 - 10:37 PM (IST)
ਅੰਮ੍ਰਿਤਸਰ, (ਮਮਤਾ)- ਕੋਰੋਨਾ ਦੀ ਮਾਰ ਜਿਥੇ ਪੂਰੇ ਵਿਸ਼ਵ ਦੇ ਦੇਸ਼ ਝੱਲ ਰਹੇ ਹਨ, ਉਥੇ ਹੀ ਭਾਰਤ ’ਚ ਫਸੇ ਕੈਨੇਡਾ ਤੋਂ ਆਏ ਪਰਮਾਨੈਂਟ ਰੈਜ਼ੀਡੈਂਟਸ ਪਿਛਲੇ ਲਗਭਗ 2-3 ਮਹੀਨਿਆਂ ਤੋਂ ਆਪਣੇ ਪਰਿਵਾਰਾਂ ਤੋਂ ਵਿਛਡ਼ੇ ਬੈਠੇ ਹਨ ਅਤੇ ਉਨ੍ਹਾਂ ਦੀ ਸੁਣਵਾਈ ਨਾ ਹੀ ਕੈਨੇਡਾ ਸਰਕਾਰ ਅਤੇ ਨਾ ਹੀ ਕੈਨੇਡੀਅਨ ਅੰਬੈਸੀ ਵੱਲੋਂ ਹੋ ਰਹੀ ਹੈ। ਇਹ ਜਾਣਕਾਰੀ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਬੈਠੇ ਲਗਭਗ 3 ਹਜ਼ਾਰ ਦੇ ਕਰੀਬ ਪਰਮਾਨੈਂਟ ਰੈਜ਼ੀਡੈਂਟਸ ਵੱਲੋਂ ਸੋਸ਼ਲ ਮੀਡੀਆ ਦੇ ਬਣਾਏ ਗਏ ਗਰੁੱਪ ’ਚ ਦਿੱਤੀ ਜਾ ਰਹੀ ਹੈ। ਇਨ੍ਹਾਂ ਵੱਲੋਂ ਲਗਾਤਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਉਥੋਂ ਦੇ ਵਿਦੇਸ਼ ਮੰਤਰੀ ਅਤੇ ਕੌਂਸਲੇਟ ਜਨਰਲ ਨੂੰ ਵੀ ਈ-ਮੇਲ ਰਾਹੀਂ ਪੱਤਰ ਲਿਖ ਕੇ ਅਪੀਲ ਕੀਤੀ ਜਾ ਰਹੀ ਹੈ। ਅੰਮ੍ਰਿਤਸਰ ’ਚ ਕੈਨੇਡਾ ਤੋਂ ਪਰਮਾਨੈਂਟ ਰੈਜ਼ੀਡੈਂਟਸ ਗੁਰਪਾਲ ਸਿੰਘ ਤੇ ਗੁਰਪਿੰਦਰ ਕੌਰ ਮਾਨ ਤੋਂ ਇਲਾਵਾ ਚੰਡੀਗਡ਼੍ਹ ਤੋਂ ਅਭਿਨਵ ਰਾਣਾ, ਨਵਦੀਪ ਸਿੰਘ, ਸਿੰਮੀ ਸੈਣੀ, ਮੁੰਬਈ ਤੋਂ ਸੰਦੀਪ ਸਿੰਘ ਚੋਪਡ਼ਾ ਅਤੇ ਜਲੰਧਰ ਤੋਂ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਉਹ ਜਨਵਰੀ ਅਤੇ ਫਰਵਰੀ ’ਚ ਭਾਰਤ ਆਏ ਸਨ ਅਤੇ ਮਾਰਚ ’ਚ ਵਾਪਸੀ ਕਰਨੀ ਸੀ ਪਰ ਇਕਦਮ ਕੋਰੋਨਾ ਮਹਾਮਾਰੀ ਕਰ ਕੇ ਹੋਏ ਲਾਕਡਾਊਨ ਤੋਂ ਬਾਅਦ ਉਹ ਇਥੇ ਫਸ ਗਏ, ਜਦਕਿ ਉਨ੍ਹਾਂ ਦੇ ਪਰਿਵਾਰ ਕਿਸੇ ਦੀ ਪਤਨੀ ਅਤੇ ਬੱਚੇ, ਕਿਸੇ ਦੇ ਮਾਂ-ਬਾਪ ਕੈਨੇਡਾ ਵਿਚ ਹਨ ਅਤੇ ਉਹ ਉਨ੍ਹਾਂ ਦੀ ਸੁੱਖ-ਸਾਂਦ ਨੂੰ ਲੈ ਕੇ ਕਾਫੀ ਚਿੰਤਾ ’ਚ ਵੀ ਹਨ।
ਉਨ੍ਹਾਂ ਦੱਸਿਆ ਕਿ ਕੈਨੇਡੀਅਨ ਸਰਕਾਰ ਵੱਲੋਂ ਚਾਹੇ ਏਅਰ ਇੰਡੀਆ ਤੋਂ ਇਲਾਵਾ ਕੁਝ ਇਕ ਐੱਨ. ਜੀ. ਓ. ਵੱਲੋਂ ਵੀ ਚਾਰਟਰਡ ਉਡਾਣਾਂ ਭੇਜ ਕੇ ਕੈਨੇਡੀਅਨ ਸਿਟੀਜ਼ਨ ਨੂੰ ਵਾਪਸ ਲਿਜਾਣ ਲਈ ਉਪਰਾਲੇ ਕੀਤੇ ਜਾ ਰਹੇ ਹਨ ਪਰ ਇਨ੍ਹਾਂ ’ਚ ਪਰਮਾਨੈਂਟ ਰੈਜ਼ੀਡੈਂਟਸ ਨੂੰ ਸ਼ਾਮਲ ਨਹੀਂ ਕੀਤਾ ਜਾ ਰਿਹਾ। ਗੁਰਪਾਲ ਸਿੰਘ ਨੇ ਦੱਸਿਆ ਕਿ ਕੈਨੇਡਾ ਸਰਕਾਰ ਵੱਲੋਂ ਭੇਜੀਆਂ ਜਾ ਰਹੀਆਂ ਚਾਰਟਰਡ ਫਲਾਈਟਾਂ ’ਚ ਇਥੇ ਬੈਠੇ ਪਰਮਾਨੈਂਟ ਰੈਜ਼ੀਡੈਂਟਸ ਮਹਿੰਗੀ ਟਿਕਟ ਖਰੀਦ ਕੇ ਜਾਣ ਦੀ ਤਿਆਰੀ ’ਚ ਹਨ ਪਰ ਕੈਨੇਡੀਅਨ ਅੰਬੈਸੀ ਵੱਲੋਂ ਉਨ੍ਹਾਂ ਨੂੰ ਜਾਣ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਰਹੀ।
ਗੁਰਪਾਲ ਸਿੰਘ ਦਾ ਕਹਿਣਾ ਹੈ ਕਿ ਪਰਮਾਨੈਂਟ ਰੈਜ਼ੀਡੈਂਟਸ ਵੀ ਕੈਨੇਡਾ ਦੇ ਪੱਕੇ ਤੌਰ ’ਤੇ ਵਸਨੀਕ ਅਤੇ ਗ੍ਰੀਨ ਕਾਰਡ ਹੋਲਡਰ ਹਨ। ਇਸ ਦੇ ਬਾਵਜੂਦ ਕੈਨੇਡਾ ਸਰਕਾਰ ਵੱਲੋਂ ਉਨ੍ਹਾਂ ਨਾਲ ਵੱਡੇ ਪੱਧਰ ’ਤੇ ਵਿਤਕਰਾ ਕੀਤਾ ਜਾ ਰਿਹਾ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਕਈ ਪੱਤਰ ਵੀ ਭੇਜੇ ਗਏ ਹਨ ਅਤੇ ਬਜ਼ੁਰਗਾਂ, ਬੱਚਿਆਂ ਅਤੇ ਔਰਤਾਂ ਨੂੰ ਵਾਪਸ ਭੇਜਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਉਨ੍ਹਾਂ ਨੂੰ ਕੋਈ ਸਹੀ ਜਵਾਬ ਨਹੀਂ ਮਿਲ ਰਿਹਾ। ਉਨ੍ਹਾਂ ਇਹ ਵੀ ਕਿਹਾ ਕਿ ਦੂਸਰੇ ਦੇਸ਼ਾਂ ਵੱਲੋਂ ਵੀ ਭਾਰਤ ’ਚ ਬੈਠੇ ਪਰਮਾਨੈਂਟ ਰੈਜ਼ੀਡੈਂਟਸ ਨੂੰ ਲਿਜਾਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਅਤੇ 13 ਤੋਂ ਲੈ ਕੇ 19 ਅਪ੍ਰੈਲ ਤੱਕ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਤੋਂ ਵਿਸ਼ੇਸ਼ ਫਲਾਈਟਾਂ ਲੰਡਨ ਲਈ ਰਵਾਨਾ ਵੀ ਹੋ ਰਹੀਆਂ ਹਨ। ਉਨ੍ਹਾਂ ਇਸ ਗੱਲ ’ਤੇ ਰੋਸ ਜਤਾਇਆ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਇਕ ਪਾਸੇ ਪ੍ਰਵਾਸੀ ਭਾਰਤੀਆਂ ਨੂੰ ਸਹੂਲਤਾਂ ਦੇਣ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਜਦਕਿ ਦੂਜੇ ਪਾਸੇ ਉਨ੍ਹਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ।