ਭਾਈ ਨਿਰਮਲ ਸਿੰਘ ਖਾਲਸਾ ਦੇ ਸਸਕਾਰ ਵਲੀ ਜਗ੍ਹਾ ਕਿਸੇ ਦੀ ਨਿੱਜੀ, ਨਾ ਕਿ ਪੰਚਾਇਤੀ
Sunday, Apr 05, 2020 - 09:39 PM (IST)
ਅੰਮ੍ਰਿਤਸਰ, (ਅਣਜਾਣ)- ਕੋਰੋਨਾ ਵਾਇਰਸ ਤੋਂ ਪੀੜਤ ਹੋਣ ਕਾਰਣ ਅਕਾਲ ਚਲਾਣਾ ਕਰ ਚੁੱਕੇ ਪਦਮਸ਼੍ਰੀ ਭਾਈ ਨਿਰਮਲ ਸਿੰਘ ਖਾਲਸਾ ਦੇ ਅੰਤਿਮ ਸੰਸਕਾਰ ਵਾਲੀ ਜਗ੍ਹਾ ਬਾਰੇ ਨਵਾਂ ਖੁਲਾਸਾ ਹੋਇਆ ਹੈ। ਜਿਸ ਜਗ੍ਹਾ 'ਤੇ ਭਾਈ ਖਾਲਸਾ ਦਾ ਸਸਕਾਰ ਕੀਤਾ ਗਿਆ, ਉਹ ਪੰਚਾਇਤੀ ਨਹੀਂ ਬਲਕਿ ਕਿਸੇ ਦੀ ਨਿੱਜੀ ਜਗ੍ਹਾ ਹੈ। ਇਹ ਜਾਣਕਾਰੀ ਦਿੰਦਿਆਂ ਵੇਰਕਾ ਵਾਸੀ ਹਰਮਨਪ੍ਰੀਤ ਸਿੰਘ ਜੋ ਇਸ ਜ਼ਮੀਨ ਦੇ ਮਾਲਕ ਹਨ, ਨੇ ਜਗ ਬਾਣੀ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਕੁੱਲ 2 ਕਨਾਲ 7 ਮਰਲੇ ਇਸ ਜ਼ਮੀਨ ਦੇ ਹੋਰ ਵੀ ਭਾਈਵਾਲ ਹਨ ਅਤੇ ਪਾਵਰ ਆਫ਼ ਅਟਾਰਨੀ ਨਵਤੇਜ ਸਿੰਘ ਬਿੱਟੂ ਦੇ ਨਾਂ 'ਤੇ ਹੈ। ਸਾਨੂੰ ਪਤਾ ਲੱਗ ਗਿਆ ਸੀ ਪਰ ਅਸੀਂ ਕੁਝ ਨਹੀਂ ਕਿਹਾ ਕਿਉਂਕਿ ਇਹ ਸੇਵਾ ਦਾ ਕੰਮ ਸੀ।
ਉਨ੍ਹਾਂ ਦੱਸਿਆ ਕਿ ਪੰਚਾਇਤੀ ਜ਼ਮੀਨ ਸਾਡੀ ਜ਼ਮੀਨ ਤੋਂ ਦੂਸਰੇ ਹੱਥ 3-4 ਕਿੱਲੇ ਹਟਵੀਂ ਹੈ, ਸਸਕਾਰ ਰੋਡ ਦੇ ਆਪੋਜ਼ਿਟ ਜਗ੍ਹਾ 'ਤੇ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਲਾਕੇ ਦੇ ਕੌਂਸਲਰ ਮਾ. ਬਲਦੇਵ ਸਿੰਘ ਵੇਰਕਾ ਅਤੇ ਹੋਰ ਮੋਹਤਬਰਾਂ ਨੇ ਪ੍ਰਸ਼ਾਸਨ ਨੂੰ ਪੰਚਾਇਤੀ ਜ਼ਮੀਨ ਦਿਖਾਈ ਸੀ ਪਰ ਪਤਾ ਨਹੀਂ ਕਿਸ ਕਾਰਣ ਪ੍ਰਸ਼ਾਸਨ ਨੇ ਉਸ ਥਾਂ ਦੀ ਬਜਾਏ ਨਿੱਜੀ ਜ਼ਮੀਨ 'ਤੇ ਸਸਕਾਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਦੀ ਸ਼੍ਰੋਮਣੀ ਕਮੇਟੀ ਮੈਂਬਰ ਹਰਜਾਪ ਸਿੰਘ ਸੁਲਤਾਨਵਿੰਡ ਨਾਲ ਸ਼ਨੀਵਾਰ ਗੱਲਬਾਤ ਹੋ ਚੁੱਕੀ ਹੈ ਕਿਉਂਕਿ ਪੂਰੇ ਵਿਸ਼ਵ 'ਚ ਭਾਈ ਨਿਰਮਲ ਸਿੰਘ ਖਾਲਸਾ ਦੇ ਅੰਤਿਮ ਸੰਸਕਾਰ ਵਾਲੀ ਜਗ੍ਹਾ 'ਤੇ ਯਾਦਗਾਰ ਬਣਾਉਣ ਦੀ ਆਵਾਜ਼ ਉੱਠ ਰਹੀ ਹੈ। ਇਸ ਲਈ ਅਸੀਂ ਸ਼੍ਰੋਮਣੀ ਕਮੇਟੀ ਨੂੰ ਜ਼ਮੀਨ ਦੇਣ ਬਾਰੇ ਵੀ ਪੇਸ਼ਕਸ਼ ਕਰ ਚੁੱਕੇ ਹਾਂ, ਜੇਕਰ ਕਮੇਟੀ ਚਾਹੇ ਤਾਂ ਜ਼ਮੀਨ ਲੈ ਸਕਦੀ ਹੈ।
ਸੰਗਤ ਵੇਰਕਾ ਨਿਵਾਸੀਆਂ ਬਾਰੇ ਪਾਏ ਭਰਮ-ਭੁਲੇਖੇ ਦੂਰ ਕਰੇ :
ਉਨ੍ਹਾਂ ਕਿਹਾ ਕਿ ਕੁਝ ਵਿਅਕਤੀਆਂ ਵੱਲੋਂ ਜੇਕਰ ਨਾਂਹ ਕੀਤੀ ਗਈ ਤਾਂ ਉਹ ਉਨ੍ਹਾਂ ਦੇ ਮਨ ਦਾ ਡਰ ਸੀ ਕਿਉਂਕਿ ਮਾਹੌਲ ਹੀ ਇਸ ਤਰ੍ਹਾਂ ਦਾ ਸੀ ਪਰ ਸਾਰੇ ਪਿੰਡ ਦਾ ਕਸੂਰ ਕੱਢਣਾ ਨਿਆਂ ਵਾਲੀ ਗੱਲ ਨਹੀਂ। ਆਖਿਰਕਾਰ ਪਿੰਡ ਵਾਲਿਆਂ ਨੇ ਹੀ ਭਾਈ ਸਾਹਿਬ ਦੇ ਸਤਿਕਾਰ ਵਜੋਂ ਜਗ੍ਹਾ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰਮਾਤਮਾ ਜੋ ਕਰਦਾ, ਚੰਗਾ ਹੀ ਕਰਦਾ ਹੈ, ਜੇਕਰ ਸ਼ਮਸ਼ਾਨਘਾਟ 'ਚ ਸਸਕਾਰ ਹੁੰਦਾ ਤਾਂ ਉਥੇ ਯਾਦਗਾਰ ਨਹੀਂ ਬਣ ਸਕਦੀ ਸੀ, ਸ਼ਾਇਦ ਇਸੇ ਲਈ ਵਾਹਿਗੁਰੂ ਨੇ ਇਹ ਜਗ੍ਹਾ ਉਨ੍ਹਾਂ ਦੀ ਅੰਤਿਮ ਅਰਦਾਸ ਲਈ ਚੁਣੀ ਹੋਵੇਗੀ। ਉਨ੍ਹਾਂ ਪੂਰੇ ਵਿਸ਼ਵ ਦੀਆਂ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਵੇਰਕਾ ਵਾਸੀ ਭਾਈ ਨਿਰਮਲ ਸਿੰਘ ਖਾਲਸਾ ਦਾ ਬਹੁਤ ਸਤਿਕਾਰ ਕਰਦੇ ਹਨ, ਸੰਗਤਾਂ ਆਪਣੇ ਮਨਾਂ 'ਚ ਪਾਏ ਭਰਮ-ਭੁਲੇਖੇ ਦੂਰ ਕਰਨ।
ਮਾਮਲਾ ਪ੍ਰਧਾਨ ਸਾਹਿਬ ਦੇ ਨੋਟਿਸ 'ਚ ਲਿਆਂਦਾ ਗਿਐ : ਹਰਜਾਪ ਸਿੰਘ
ਇਸ ਸਬੰਧੀ ਗੱਲਬਾਤ ਕਰਦਿਆਂ ਮੈਂਬਰ ਸ਼੍ਰੋਮਣੀ ਕਮੇਟੀ ਹਰਜਾਪ ਸਿੰਘ ਸੁਲਤਾਨਵਿੰਡ ਨੇ ਕਿਹਾ ਕਿ ਹਰਮਨਪ੍ਰੀਤ ਸਿੰਘ ਵੱਲੋਂ ਦਿੱਤੀ ਸਾਰੀ ਜਾਣਕਾਰੀ ਅਤੇ ਉਨ੍ਹਾਂ ਵੱਲੋਂ ਪ੍ਰਗਟਾਈ ਇੱਛਾ ਬਾਰੇ ਮੈਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਧਿਆਨ 'ਚ ਲਿਆ ਦਿੱਤਾ ਹੈ। ਇਸ ਬਾਰੇ ਬਹੁਤ ਜਲਦ ਵਿਚਾਰ ਕਰ ਕੇ ਅਗਲਾ ਫੈਸਲਾ ਲਿਆ ਜਾਵੇਗਾ। ਕੁਝ ਲੋਕਾਂ ਵੱਲੋਂ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਭਾਈ ਨਿਰਮਲ ਸਿੰਘ ਖਾਲਸਾ ਦੇ ਅੰਤਿਮ ਸੰਸਕਾਰ 'ਚ ਸ਼੍ਰੋਮਣੀ ਕਮੇਟੀ ਵੱਲੋਂ ਕੋਈ ਵੀ ਅਧਿਕਾਰੀ ਨਹੀਂ ਪਹੁੰਚਿਆ, ਜੋ ਸਰਾਸਰ ਗਲਤ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਮਲਕੀਤ ਸਿੰਘ ਵੱਲੋਂ ਭਾਈ ਸਾਹਿਬ ਦੀ ਅੰਤਿਮ ਅਰਦਾਸ ਕੀਤੀ ਗਈ ਹੈ।