ਪੌਰਨੋਗਰਾਫ਼ੀ ਦਾ ਨਬਾਲਗਾਂ ’ਚ ਤੇਜ਼ੀ ਨਾਲ ਵਧ ਰਿਹਾ ਰੁਝਾਨ, ਸਾਈਬਰ ਕ੍ਰਾਈਮ ਪੁਲਸ ਨੇ ਦਿੱਤੇ ਸਖ਼ਤ ਹੁਕਮ

Thursday, Oct 03, 2024 - 11:28 AM (IST)

ਤਰਨਤਾਰਨ (ਰਮਨ)- ਵੱਖ-ਵੱਖ ਸੋਸ਼ਲ ਮੀਡੀਆ ਅਤੇ ਸਾਇਟਾਂ ਉਪਰ ਚੱਲਣ ਵਾਲੀਆਂ ਪੌਰਨ ਵੀਡੀਓ ਅਤੇ ਨਬਾਲਗਾਂ ਦੀਆਂ ਨਿਊਡ ਵੀਡੀਓ ਨੂੰ ਸੋਸ਼ਲ ਮੀਡੀਆ ਉਪਰ ਸ਼ੇਅਰ ਕਰਨ ਨੂੰ ਲੈ ਕੇ ਸਾਈਬਰ ਕ੍ਰਾਈਮ ਵੱਲੋਂ ਸਖ਼ਤ ਕਾਰਵਾਈ ਕਰਨ ਸਬੰਧੀ ਜਿੱਥੇ ਜਾਗਰੂਕਤਾ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ, ਉਥੇ ਹੀ ਇਸ ਸਬੰਧੀ ਕਾਨੂੰਨੀ ਕਾਰਵਾਈ ਵੀ ਅਮਲ ਵਿਚ ਲਿਆਂਦੀ ਜਾਣੀ ਸ਼ੁਰੂ ਕਰ ਦਿੱਤੀ ਗਈ ਹੈ। ਅਜਿਹਾ ਹੀ ਇਕ ਮਾਮਲਾ ਜ਼ਿਲ੍ਹਾ ਤਰਨਤਾਰਨ ਵਿਚ ਸਾਹਮਣੇ ਆਇਆ ਹੈ, ਜਿੱਥੇ ਥਾਣਾ ਸਾਈਬਰ ਕ੍ਰਾਈਮ ਵੱਲੋਂ ਇਕ ਨਾਬਾਲਗ ਮੁੰਡੇ ਖ਼ਿਲਾਫ਼ ਇਸ ਲਈ ਪਰਚਾ ਦਰਜ ਕਰ ਲਿਆ ਗਿਆ ਕਿਉਂਕਿ ਉਸ ਦੇ ਮੋਬਾਈਲ ਵਿਚ ਪੌਰਨੋਗਰਾਫੀ ਦੇ ਲਿੰਕ ਨੂੰ ਅੱਗੇ ਸ਼ੇਅਰ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਸਾਈਬਰ ਕ੍ਰਾਈਮ ਪੁਲਸ ਵੱਲੋਂ ਹੁਣ ਕਿਸੇ ਵੀ ਨਾਬਾਲਗ ਦਾ ਮੋਬਾਈਲ ਕਿਸੇ ਸਮੇਂ ਵੀ ਚੈੱਕ ਕੀਤਾ ਜਾ ਸਕਦਾ ਹੈ, ਜਿਸ ਤਹਿਤ ਪੌਰਨ ਅਤੇ ਅਸ਼ਲੀਲ ਵੀਡੀਓ ਮੌਜੂਦ ਹੋਣ ਦੌਰਾਨ ਉਸ ਖ਼ਿਲਾਫ਼ ਤੁਰੰਤ ਕਾਰਵਾਈ ਕਰਨ ’ਚ ਦੇਰੀ ਨਹੀਂ ਕੀਤੀ ਜਾਵੇਗੀ।

ਇਹ ਵੀ ਪੜ੍ਹੋ-  ਪੰਜਾਬ 'ਚ ਮੌਸਮ ਦੀ ਤਬਦੀਲੀ ਨਾਲ ਇਹ ਵਾਇਰਸ ਸਰਗਰਮ, ਵੱਡੀ ਗਿਣਤੀ ’ਚ ਮਰੀਜ਼ ਆਉਣ ਲੱਗੇ ਲਪੇਟ ’ਚ

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਏ.ਡੀ.ਜੀ.ਪੀ ਸਾਈਬਰ ਕ੍ਰਾਈਮ ਪੰਜਾਬ ਵੀ.ਨਿਰਾਜਾ ਵੱਲੋਂ ਜਾਰੀ ਕੀਤੇ ਗਏ ਸਖਤ ਹੁਕਮਾਂ ਤਹਿਤ ਸੂਬੇ ਭਰ ਦੇ ਸਾਈਬਰ ਕ੍ਰਾਈਮ ਥਾਣਿਆਂ ਦੀ ਪੁਲਸ ਵੱਲੋਂ ਨਬਾਲਗਾਂ ਦੀਆਂ ਨਿਊਡ ਵੀਡੀਓ ਨੂੰ ਸੋਸ਼ਲ ਮੀਡੀਆ ਉਪਰ ਵਾਇਰਲ ਕਰਨ ਵਾਲਿਆਂ ਤੋਂ ਇਲਾਵਾ ਨਬਾਲਗਾਂ ਦੇ ਮੋਬਾਈਲਾਂ ਵਿਚ ਅਸ਼ਲੀਲ ਅਤੇ ਪੌਰਨ ਵੀਡੀਓ ਪਾਏ ਜਾਣ ਤਹਿਤ ਸਖ਼ਤ ਕਾਰਵਾਈ ਦੇ ਆਦੇਸ਼ ਜਾਰੀ ਕਰ ਦਿੱਤੇ ਗਏ ਹਨ। ਅੱਜ ਕੱਲ ਦੀ ਨੌਜਵਾਨ ਪੀੜ੍ਹੀ ਦੇ ਕੋਲ ਛੋਟੀ ਉਮਰ ਤੋਂ ਹੀ ਮੋਬਾਈਲ ਮੌਜੂਦ ਹੋ ਜਾਂਦੇ ਹਨ, ਜਿਨ੍ਹਾਂ ਵੱਲੋਂ ਜਿੱਥੇ ਪੜ੍ਹਾਈ ਲਈ ਵਰਤੇ ਜਾਣ ਵਾਲੇ ਇਸ ਮੋਬਾਈਲ ਨੂੰ ਹੌਲੀ-ਹੌਲੀ ਗਲਤ ਵਰਤੋਂ ਵਿਚ ਲਿਆਉਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ। ਨੌਜਵਾਨ ਅਤੇ ਨਾਬਾਲਗ ਮੁੰਡੇ ਅਤੇ ਕੁੜੀਆਂ ਵੱਲੋਂ ਆਪਣੀ ਮਾੜੀ ਸੰਗਤ ਦੇ ਸ਼ਿਕਾਰ ਹੋਣ ਦੌਰਾਨ ਅਸ਼ਲੀਲ ਵੀਡੀਓ ਤੇ ਫੋਟੋਆਂ ਵੱਲ ਰੁਝਾਨ ਵਧਣਾ ਸ਼ੁਰੂ ਹੋ ਜਾਂਦਾ ਹੈ। ਇਸ ਵੱਧ ਰਹੇ ਰੁਝਾਨ ਦੇ ਚੱਲਦਿਆਂ ਮੁੰਡਾ ਅਤੇ ਕੁੜੀ ਦੋਸਤੀ ਬਾਅਦ ਵਿਚ ਤੇ ਹੋਰ ਰਿਸ਼ਤੇ ਦਾ ਰੂਪ ਧਾਰਨ ਕਰਨਾ ਸ਼ੁਰੂ ਕਰ ਦਿੰਦੇ ਹੈ, ਜਿਸ ਨਾਲ ਆਉਣ ਵਾਲੇ ਸਮੇਂ ਵਿਚ ਬੱਚਿਆਂ ਦੇ ਮਾਪਿਆਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਨਬਾਲਗ ਉਮਰ ਵਿਚ ਅਜਿਹੀਆਂ ਅਸ਼ਲੀਲ ਵੀਡੀਓ ਅਤੇ ਫੋਟੋਆਂ ਨੂੰ ਵੇਖਣ ਤੋਂ ਬਾਅਦ ਬੱਚਿਆਂ ਦਾ ਪੜ੍ਹਾਈ ਤੋਂ ਵੀ ਮਨ ਦੂਰ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਉਨ੍ਹਾਂ ਦਾ ਖਿਆਲ ਸਿਰਫ਼ ਇਕੋ ਪਾਸੇ ਲੱਗ ਜਾਂਦਾ ਹੈ।

ਸਿਆਣੇ ਮਾਪੇ ਹਮੇਸ਼ਾ ਆਪਣੇ ਬੱਚਿਆਂ ਨੂੰ ਦਿੱਤੇ ਹੋਏ ਮੋਬਾਈਲਾਂ ਦਾ ਕੰਟਰੋਲ ਆਪਣੇ ਮੋਬਾਈਲ ਉਪਰ ਰੱਖਣ ਦੀ ਕੋਸ਼ਿਸ਼ ਕਰਦੇ ਹਨ, ਜਿਸ ਨਾਲ ਉਨ੍ਹਾਂ ਦੀਆਂ ਗਤੀਵਿਧੀਆਂ ਉਪਰ ਨਜ਼ਰ ਰੱਖੀ ਜਾ ਸਕਦੀ ਹੈ। ਭਾਵੇਂ ਕਿ ਭਾਰਤ ਸਰਕਾਰ ਵੱਲੋਂ ਦੇਸ਼ ਅੰਦਰ ਪੌਰਨ ਸਾਈਟਾਂ ਉਪਰ ਪੂਰਨ ਰੂਪ ਵਿਚ ਪਾਬੰਦੀ ਲਗਾਈ ਜਾ ਚੁੱਕੀ ਹੈ ਪ੍ਰੰਤੂ ਫਿਰ ਵੀ ਕੁਝ ਢੰਗ ਤਰੀਕਿਆਂ ਅਤੇ ਸੋਸ਼ਲ ਮੀਡੀਆ ਰਾਹੀਂ ਸ਼ੇਅਰ ਕਰਦੇ ਹੋਏ ਪੌਰਨ ਵੀਡੀਓ ਨੌਜਵਾਨ ਪੀੜ੍ਹੀ ਦੇ ਕੋਲ ਆਸਾਨੀ ਨਾਲ ਪੁੱਜ ਰਹੀਆਂ ਹਨ।       

ਇਹ ਵੀ ਪੜ੍ਹੋ- ਮੰਗਣੀ ਹੋਣ ਤੋਂ ਬਾਅਦ ਕੁੜੀ ਨੇ ਵਿਆਹ ਤੋਂ ਕੀਤਾ ਇਨਕਾਰ, ਮੰਗੇਤਰ ਨੇ ਉਹ ਕੀਤਾ ਜੋ ਸੋਚਿਆ ਨਾ ਸੀ

ਪੌਰਨ ਵੀਡੀਓ ਵੀ ਇਕ ਤਰ੍ਹਾਂ ਦਾ ਨਸ਼ਾ

ਮਨੋਰੋਗਾਂ ਦੇ ਮਾਹਿਰ ਅਤੇ ਮੁਕੇਸ਼ ਕਲੀਨਿਕ ਸਰਹਾਲੀ ਰੋਡ ਤਰਨਤਾਰਨ ਦੇ ਮਸ਼ਹੂਰ ਡਾਕਟਰ ਮੁਕੇਸ਼ ਕੁਮਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਦੇ ਸਮਾਜ ਵਿਚ ਨਾਬਾਲਗ ਮੁੰਡੇ ਅਤੇ ਕੁੜੀਆਂ ਵੱਲੋਂ ਪੌਰਨ ਵੀਡੀਓ ਅਤੇ ਪੌਰਨੋਗਰਾਫੀ ਦੇ ਲਿੰਕਾਂ ’ਚ ਰੁਝਾਨ ਰੱਖਣਾ ਇਕ ਤਰ੍ਹਾਂ ਦਾ ਨਸ਼ਾ ਬਣਦਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਨਬਾਲਗਾਂ ਨੂੰ ਇਸ ਦੇ ਬੁਰੇ ਪ੍ਰਭਾਵ ਅਤੇ ਸੈਕਸ ਸਬੰਧੀ ਮਨ ’ਚ ਪੈਦਾ ਹੋਣ ਵਾਲੇ ਸਵਾਲਾਂ ਸਬੰਧੀ ਮਾਪਿਆਂ ਅਤੇ ਸਕੂਲ ਦੇ ਪ੍ਰਬੰਧਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਾਡੇ ਦੇਸ਼ ਵਿਚ ਹੁਣ ਸਰਕਾਰ ਵੱਲੋਂ ਛੋਟੀ ਉਮਰ ਦੇ ਬੱਚਿਆਂ ਨੂੰ ਵੀ ਮਾੜਾ ਅਤੇ ਚੰਗਾ ਦੱਸਣ ਸਬੰਧੀ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਸਰਕਾਰ ਵੱਲੋਂ ਸੈਕਸ ਸਬੰਧੀ ਐਜੂਕੇਸ਼ਨ ਦੇਣ ਦੀ ਵੀ ਕੁਝ ਇਲਾਕਿਆਂ ਵਿੱਚ ਸ਼ੁਰੂਆਤ ਕਰ ਦਿੱਤੀ ਗਈ ਹੈ। ਪੌਰਨ ਅਡਿਕਸ਼ਨ ਹੋਣ ਦੀ ਸੂਰਤ ਵਿਚ ਬੱਚਿਆਂ ਨਾਲ ਮਾਪਿਆਂ ਨੂੰ ਦੋਸਤੀ ਵਾਲਾ ਮਾਹੌਲ ਬਣਾਉਂਦੇ ਹੋਏ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਪਹਿਲ ਕਦਮੀ ਕਰਨੀ ਚਾਹੀਦੀ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਐੱਸ.ਐੱਸ.ਪੀ ਗੌਰਵ ਤੂਰਾ ਨੇ ਦੱਸਿਆ ਕਿ ਏ.ਡੀ.ਜੀ.ਪੀ ਸਾਈਬਰ ਕ੍ਰਾਈਮ ਵੱਲੋਂ ਜਾਰੀ ਹੋਏ ਆਦੇਸ਼ਾਂ ਤਹਿਤ ਨਬਾਲਗਾਂ ਵੱਲੋਂ ਪੌਰਨੋਗਰਾਫੀ ਨੂੰ ਵੇਖਣਾ ਅਤੇ ਉਸਨੂੰ ਅੱਗੇ ਸ਼ੇਅਰ ਕਰਨਾ ਕਾਨੂੰਨੀ ਜੁਰਮ ਹੈ। ਉਨ੍ਹਾਂ ਦੱਸਿਆ ਕਿ ਇਸੇ ਸਬੰਧੀ ਸਾਈਬਰ ਕ੍ਰਾਈਮ ਤਰਨਤਾਰਨ ਦੇ ਥਾਣੇ ਵਿਚ ਜ਼ਿਲ੍ਹੇ ਦੇ ਨਿਵਾਸੀ ਇਕ ਨਾਬਾਲਗ ਮੁੰਡੇ ਖਿਲਾਫ ਧਾਰਾ 67 ਬੀ.ਆਈ.ਟੀ ਐਕਟ 15 ਪੋਕਸੋ ਐਕਟ ਤਹਿਤ ਪਰਚਾ ਦਰਜ ਕੀਤਾ ਗਿਆ ਹੈ, ਜਿਸ ਵਿਚ ਸਬੰਧਤ ਨਬਾਲਿਗ ਮੁੰਡੇ ਵੱਲੋਂ ਆਪਣੇ ਮੋਬਾਈਲ ਦੀ ਵਰਤੋਂ ਕਰਦੇ ਹੋਏ ਚਾਇਲਡ ਪੌਰਨੋਗਰਾਫੀ ਦੇ ਲਿੰਕਾਂ ਨੂੰ ਵਾਇਰਲ ਕਰਨਾ ਸਾਬਤ ਹੋਇਆ ਹੈ, ਜੋ ਉਸਦੇ ਮੋਬਾਈਲ ਵਿਚੋਂ ਪੁਲਸ ਨੇ ਬਰਾਮਦ ਵੀ ਕਰ ਲਏ ਹਨ।

ਇਹ ਵੀ ਪੜ੍ਹੋ- ਚਿੱਟੇ ਦਿਨ ਘਰ ਵੜ ਆਏ ਲੁਟੇਰਿਆਂ ਨਾਲ ਭਿੜ ਗਈ ਔਰਤ, ਵੀਡੀਓ ਦੇਖ ਖੜ੍ਹੇ ਹੋਣਗੇ ਰੌਂਗਟੇ

ਇਹ ਮਾਮਲਾ ਸਾਈਬਰ ਕਰਾਈਮ ਦੇ ਮੁਖੀ ਇੰਸਪੈਕਟਰ ਉਪਕਾਰ ਸਿੰਘ ਦੇ ਬਿਆਨਾਂ ਹੇਠ ਦਰਜ ਕੀਤਾ ਗਿਆ ਹੈ, ਜਿਨ੍ਹਾਂ ਵੱਲੋਂ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਐੱਸ.ਐੱਸ.ਪੀ ਨੇ ਦੱਸਿਆ ਕਿ ਨਬਾਲਗਾਂ ਦੇ ਮੋਬਾਈਲਾਂ ਨੂੰ ਕਿਸੇ ਸਮੇਂ ਵੀ ਪੁਲਸ ਵੱਲੋਂ ਚੈੱਕ ਕੀਤਾ ਜਾ ਸਕਦਾ ਹੈ। ਅਗਰ ਉਨ੍ਹਾਂ ਦੇ ਮੋਬਾਈਲਾਂ ਵਿਚ ਕੋਈ ਅਸ਼ਲੀਲ ਵੀਡੀਓ ਜਾਂ ਪੋਸਟ ਮੌਜੂਦ ਪਾਈ ਜਾਂਦੀ ਹੈ ਤਾਂ ਉਨ੍ਹਾਂ ਖਿਲਾਫ ਤੁਰੰਤ ਪਰਚਾ ਦਰਜ ਕੀਤਾ ਜਾਵੇਗਾ। ਇਸ ਸਬੰਧੀ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਵਿਸ਼ੇਸ਼ ਤੌਰ ਉਪਰ ਸਮਝਾਉਣਾ ਜ਼ਰੂਰੀ ਹੈ।

ਜਾਣਕਾਰੀ ਦਿੰਦੇ ਹੋਏ ਐਡਵੋਕੇਟ ਨਵਜੋਤ ਕੌਰ ਚੱਬਾ ਨੇ ਦੱਸਿਆ ਕਿ ਆਈ.ਟੀ ਐਕਟ ਦੀ ਧਾਰਾ 67 ਦੇ ਅਨੁਸਾਰ ਜੇ ਕੋਈ ਪੌਰਨ ਵੀਡੀਓ ਜਾਂ ਅਸ਼ਲੀਲ ਫੋਟੋ ਨੂੰ ਅੱਗੇ ਸੋਸ਼ਲ ਮੀਡੀਆ ਉਪਰ ਵਾਇਰਲ ਕਰਦਾ ਹੈ ਤਾਂ ਉਹ ਕਾਨੂੰਨੀ ਜੁਰਮ ਹੈ, ਜਿਸ ਸਬੰਧੀ ਮਾਨਯੋਗ ਅਦਾਲਤ ਮੁਲਜ਼ਮ ਨੂੰ ਕੈਦ ਅਤੇ ਲੱਖਾਂ ਰੁਪਏ ਜੁਰਮਾਨਾ ਦੀ ਸਜ਼ਾ ਸੁਣਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਅੱਜ ਦੇ ਮਾਹੌਲ ਅਨੁਸਾਰ ਨਬਾਲਗ ਬੱਚਿਆਂ ਨਾਲ ਦੋਸਤਾਨਾ ਮਾਹੌਲ ਮਾਪਿਆਂ ਨੂੰ ਜ਼ਰੂਰ ਬਣਾਉਣਾ ਚਾਹੀਦਾ ਹੈ ਤਾਂ ਜੋ ਉਹ ਚੰਗੇ ਰਾਹ ਉਪਰ ਚੱਲ ਕੇ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰ ਸਕਣ।

ਇਹ ਵੀ ਪੜ੍ਹੋ-  ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਪੈਟਰੋਲ ਪੰਪ 'ਤੇ ਟਰੱਕ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News