ਮਰੀਜ਼ਾਂ ਨੂੰ ਮੁਫ਼ਤ ਸਹੂਲਤਾਂ ਦੀ ਜਾਂਚ ਸਬੰਧੀ ਡਿਪਟੀ ਕਮਿਸ਼ਨਰ ਨੇ ਸਿਵਲ ਹਸਪਤਾਲ ਵਿਖੇ ਮਾਰਿਆ ਛਾਪਾ

Saturday, Feb 03, 2024 - 12:02 PM (IST)

ਮਰੀਜ਼ਾਂ ਨੂੰ ਮੁਫ਼ਤ ਸਹੂਲਤਾਂ ਦੀ ਜਾਂਚ ਸਬੰਧੀ ਡਿਪਟੀ ਕਮਿਸ਼ਨਰ ਨੇ ਸਿਵਲ ਹਸਪਤਾਲ ਵਿਖੇ ਮਾਰਿਆ ਛਾਪਾ

ਤਰਨਤਾਰਨ (ਰਮਨ ਚਾਵਲਾ)- ਸਰਕਾਰੀ ਹਸਪਤਾਲ ’ਚ ਮਰੀਜ਼ਾਂ ਨੂੰ ਮਿਲਣ ਵਾਲੀਆਂ ਮੁਫ਼ਤ ਸਹੂਲਤਾਂ ਦੀ ਜਾਂਚ ਕਰਨ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਵਲੋਂ ਸ਼ੁੱਕਰਵਾਰ ਦੁਪਹਿਰ ਅਚਾਨਕ ਹਸਪਤਾਲ ਦਾ ਦੌਰਾ ਕੀਤਾ ਗਿਆ। ਇਸ ਦੌਰੇ ਦੀ ਸੂਚਨਾ ਮਿਲਣ ਤੋਂ ਬਾਅਦ ਸਿਵਲ ਹਸਪਤਾਲ ਦੇ ਕਰਮਚਾਰੀਆਂ ’ਚ ਭਾਜੜਾਂ ਪੈਂਦੀਆਂ ਵੇਖੀਆਂ ਗਈਆਂ। ਜ਼ਿਕਰਯੋਗ ਹੈ ਕਿ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵਲੋਂ ਮਰੀਜ਼ਾਂ ਨਾਲ ਖੁਦ ਗੱਲਬਾਤ ਕਰਦੇ ਹੋਏ ਮਿਲਣ ਵਾਲੀਆਂ ਮੁਫ਼ਤ ਦਵਾਈਆਂ ਅਤੇ ਹੋਰ ਸਹੂਲਤਾਂ ਦੀ ਬਰੀਕੀ ਨਾਲ ਪੁੱਛਗਿਛ ਕੀਤੀ ਗਈ।

ਜਾਣਕਾਰੀ ਅਨੁਸਾਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬੀਤੇ ਦਿਨੀਂ ਸਰਕਾਰੀ ਹਸਪਤਾਲਾਂ ’ਚ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਤੋਂ ਇਲਾਵਾ ਹੋਰ ਵੱਖ-ਵੱਖ ਜ਼ਰੂਰੀ ਸਹੂਲਤਾਂ ਦੇਣ ਦਾ ਐਲਾਨ ਕੀਤਾ ਗਿਆ ਸੀ। ਜਿਸ ਤੋਂ ਬਾਅਦ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਕਿ ਸਰਕਾਰੀ ਸਿਹਤ ਕੇਂਦਰਾਂ ਅਤੇ ਹਸਪਤਾਲਾਂ ਵਿਚ ਮੁਫ਼ਤ ਇਲਾਜ ਕਰਵਾਉਣ ਆਉਣ ਵਾਲੇ ਮਰੀਜ਼ਾਂ ਨੂੰ ਬਾਜ਼ਾਰ ਤੋਂ ਦਵਾਈ ਲੈਣ ਲਈ ਡਾਕਟਰਾਂ ਵਲੋਂ ਪਰਚੀ ਨਾ ਲਿਖੀ ਜਾਵੇ। ਇਸ ਸਬੰਧੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਵਲੋਂ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ ਦੇ ਸੀਨੀਅਰ ਮੈਡੀਕਲ ਅਫ਼ਸਰ ਅਤੇ ਸਿਵਲ ਸਰਜਨ ਨੂੰ ਸਖ਼ਤ ਹਦਾਇਤਾਂ ਕੀਤੀਆਂ ਜਾ ਚੁੱਕੀਆਂ ਸਨ ਕਿ ਮਰੀਜ਼ਾਂ ਨੂੰ ਹਰ ਤਰ੍ਹਾਂ ਦੀ ਮੁਫ਼ਤ ਸਹੂਲਤ ਹਸਪਤਾਲ ਦੇ ਅੰਦਰ ਹੀ ਦਿੱਤੀ ਜਾਵੇ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਅਜਨਾਲਾ ਵਾਸੀਆਂ ਨੂੰ ਵੱਡਾ ਤੋਹਫ਼ਾ, 35 ਕਰੋੜ ਦੀ ਲਾਗਤ ਨਾਲ ਬਣੇਗਾ 220 ਕੇ. ਵੀ. ਗਰਿਡ

ਇਸ ਜਾਰੀ ਕੀਤੇ ਗਏ ਹੁਕਮਾਂ ਤੋਂ ਬਾਅਦ ਸ਼ੁੱਕਰਵਾਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਖੁਦ ਸਿਵਲ ਹਸਪਤਾਲ ਤਰਨਤਰਨ ਵਿਖੇ ਅਚਾਨਕ ਆ ਪੁੱਜੇ। ਡਿਪਟੀ ਕਮਿਸ਼ਨਰ ਵਲੋਂ ਦਿੱਤੀ ਗਈ ਦਸਤਕ ਤੋਂ ਬਾਅਦ ਸਿਵਲ ਹਸਪਤਾਲ ਦੇ ਕਰਮਚਾਰੀਆਂ ’ਚ ਭਾਜੜਾਂ ਪੈ ਗਈਆਂ। ਇਸ ਦੌਰਾਨ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੇ ਹਸਪਤਾਲ ਅੰਦਰ ਮਰੀਜ਼ਾਂ ਨਾਲ ਖੁਦ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਮਿਲਣ ਵਾਲੀਆਂ ਦਵਾਈਆਂ ਤੋਂ ਇਲਾਵਾ ਸਿਹਤ ਵਿਭਾਗ ਅਧੀਨ ਆਮ ਲੋਕਾਂ ਲਈ ਮੁਫ਼ਤ ਅਲਟਰਾ ਸਾਉਂਡ, ਐਕਸ-ਰੇ ਅਤੇ ਦਵਾਈਆਂ ਦੀਆਂ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਸਿਵਲ ਹਸਪਤਾਲ ਤਰਨਤਾਰਨ ਵਿਖੇ ਸਪੈਸ਼ਲ ਚੈਕਿੰਗ ਕੀਤੀ ਗਈ ਤਾਂ ਜੋ ਜ਼ਿਲ੍ਹੇ ਭਰ ’ਚ ਆਮ ਲੋਕਾਂ ਲਈ ਮੁਫ਼ਤ ਅਲਟਰਾ ਸਾਉਂਡ, ਐਕਸ-ਰੇ ਅਤੇ ਦਵਾਈਆਂ ਦੀਆਂ ਸੁਵਿਧਾਵਾਂ ਮੁਹੱਈਆ ਕਰਵਾਉਣੀਆਂ ਯਕੀਨੀ ਬਣਾਈਆਂ ਜਾ ਸਕਣ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਵੱਡਾ ਹੁਕਮ, ਕਿਸਾਨਾਂ ਲਈ ਮੁਆਵਜ਼ਾ ਰਾਸ਼ੀ ਜਾਰੀ

ਇਸ ਚੈਕਿੰਗ ਦੌਰਾਨ ਉਨ੍ਹਾਂ ਵਲੋਂ ਦਵਾਈਆਂ ਦਾ ਸਟਾਕ, ਓ.ਪੀ.ਡੀ. ਵਿਭਾਗ, ਮੈਡੀਸਨ, ਐਕਸ ਰੇ, ਅਲਟਰਾ ਸਾਉਂਡ, ਐੱਮ. ਸੀ. ਐੱਚ. ਵਿਭਾਗ ਵਿਚ ਜਾਂਚ ਕੀਤੀ ਗਈ ਅਤੇ ਮਰੀਜ਼ਾਂ ਪਾਸੋਂ ਮੁਫ਼ਤ ਦਵਾਈਆਂ ਅਤੇ ਟੈਸਟਾਂ ਦੀਆਂ ਸਹੂਲਤਾਂ ਸਬੰਧੀ ਪੁਛ-ਪੜਤਾਲ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਸਿਵਲ ਹਸਪਤਾਲ ਦੇ ਸਮੂਹ ਡਾਕਟਰਾਂ ਨੂੰ ਸਖ਼ਤ ਆਦੇਸ਼ ਜਾਰੀ ਕੀਤੇ ਕਿ ਕੋਈ ਵੀ ਡਾਕਟਰ ਬਾਜ਼ਾਰ ਦੀ ਦਵਾਈ ਪਰਚੀ ਉੱਪਰ ਨਹੀਂ ਲਿਖੇਗਾ। ਇਸ ਦੌਰਾਨ ਡਿਪਟੀ ਕਮਿਸ਼ਨਰ ਵਲੋਂ ਸਿਵਲ ਹਸਪਤਾਲ ਵਿਚ ਮੌਜੂਦ ਵੱਖ-ਵੱਖ ਡਾਕਟਰਾਂ ਦੇ ਕਮਰਿਆਂ ਵਿਚ ਜਾ ਕੇ ਮਰੀਜ਼ਾਂ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਕਿਸੇ ਵੀ ਮਰੀਜ਼ ਨੂੰ ਬਾਜ਼ਾਰ ਤੋਂ ਦਵਾਈ ਨਹੀਂ ਲਿਖੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾਕਟਰ ਵਰਿੰਦਰ ਪਾਲ ਕੌਰ, ਜ਼ਿਲ੍ਹਾ ਸਿਹਤ ਅਫ਼ਸਰ ਡਾਕਟਰ ਸੁਖਬੀਰ ਕੌਰ ਔਲਖ, ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਕੰਵਲਜੀਤ ਸਿੰਘ, ਮਨੋਰੋਗੀ ਮਾਹਿਰ ਡਾਕਟਰ ਗੁਰਵਿੰਦਰ ਸਿੰਘ, ਡਾਕਟਰ ਨਵਪ੍ਰੀਤ ਸਿੰਘ, ਡਾਕਟਰ ਰਬਿੰਦਰ ਚੌਧਰੀ ਤੋਂ ਇਲਾਵਾ ਹੋਰ ਕਰਮਚਾਰੀ ਮੌਜੂਦ ਸਨ।

ਇਹ ਵੀ ਪੜ੍ਹੋ : ‘ਪੰਜਾਬ ਬਚਾਓ ਯਾਤਰਾ’ ’ਚ ਲੋਕਾਂ ਨੇ ਅਕਾਲੀ ਦਲ ਨੂੰ ਦਿੱਤਾ ਵੱਡਾ ਸਮਰਥਨ : ਸੁਖਬੀਰ ਬਾਦਲ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੇ ਦੱਸਿਆ ਕਿ ਮੁੱਖ ਮੰਤਰੀ ਵਲੋਂ ਮਿਲੇ ਹੁਕਮਾਂ ਤਹਿਤ ਜ਼ਿਲ੍ਹੇ ਦੇ ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਨੂੰ ਦਵਾਈਆਂ ਤੋਂ ਇਲਾਵਾ ਹੋਰ ਸਹੂਲਤਾਂ ਦੇਣ ਸਬੰਧੀ ਆਦੇਸ਼ ਜਾਰੀ ਕੀਤੇ ਗਏ ਸਨ, ਜਿਸ ਸਬੰਧੀ ਉਨ੍ਹਾਂ ਨੇ ਸਿਵਲ ਹਸਪਤਾਲ ਤਰਨਤਰਨ ਵਿਖੇ ਖੁਦ ਜਾ ਕੇ ਮਰੀਜ਼ਾਂ ਨਾਲ ਗੱਲਬਾਤ ਕਰਦੇ ਹੋਏ ਮਿਲਣ ਵਾਲੀਆਂ ਸਹੂਲਤਾਂ ਦੀ ਜਾਣਕਾਰੀ ਹਾਸਲ ਕੀਤੀ ਹੈ। ਉਨ੍ਹਾਂ ਦੱਸਿਆ ਕਿ ਜੇ ਕੋਈ ਸਰਕਾਰੀ ਡਾਕਟਰ ਮਰੀਜ਼ਾਂ ਨੂੰ ਬਾਜ਼ਾਰ ਦੀ ਪ੍ਰਾਈਵੇਟ ਦੁਕਾਨ ਤੋਂ ਦਵਾਈ ਖਰੀਦਣ ਸਬੰਧੀ ਮਜ਼ਬੂਰ ਕਰਦਾ ਹੈ ਤਾਂ ਉਸ ਪਾਸੋਂ ਜਵਾਬ ਤਲਬੀ ਜ਼ਰੂਰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਕੰਪਲੈਕਸ ਵਿਚ ਕਿਸੇ ਵੀ ਪ੍ਰਾਈਵੇਟ ਕਰਮਚਾਰੀ ਅਤੇ ਦਵਾਈ ਕੰਪਨੀ ਦੇ ਏਜੰਟ ਨੂੰ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ, ਜੇ ਅਜਿਹਾ ਹੁੰਦਾ ਪਾਇਆ ਗਿਆ ਤਾਂ ਸੀਨੀਅਰ ਮੈਡੀਕਲ ਅਫ਼ਸਰ ਖ਼ਿਲਾਫ਼ ਵੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Shivani Bassan

Content Editor

Related News