ਦਰਜਨ ਦੇ ਕਰੀਬ ਪਿੰਡਾਂ ਦੀ ਫ਼ਸਲ ਡੁੱਬੀ, ਕਿਸਾਨਾਂ ਨੇ ਲਾਇਆ ਧਰਨਾ ਤੇ ਕੀਤੀ ਨਾਅਰੇਬਾਜ਼ੀ

Friday, Jul 07, 2023 - 04:48 PM (IST)

ਦਰਜਨ ਦੇ ਕਰੀਬ ਪਿੰਡਾਂ ਦੀ ਫ਼ਸਲ ਡੁੱਬੀ, ਕਿਸਾਨਾਂ ਨੇ ਲਾਇਆ ਧਰਨਾ ਤੇ ਕੀਤੀ ਨਾਅਰੇਬਾਜ਼ੀ

ਝਬਾਲ (ਨਰਿੰਦਰ) - ਇਲਾਕਾ ਝਬਾਲ ਅਤੇ ਇਸ ਦੇ ਨਾਲ ਲੱਗਦੇ ਪਿੰਡਾਂ ਦੇ ਕਿਸਾਨਾਂ ਵੱਲੋਂ ਅੱਜ ਇਕੱਤਰ ਹੋ ਕੇ ਕਿਸਾਨ ਆਗੂ ਬਲਜੀਤ ਸਿੰਘ ਬਘੇਲ ਸਿੰਘ ਵਾਲਾ ਦੀ ਅਗਵਾਈ ਵਿੱਚ ਝਬਾਲ ਚੌਕ ਵਿੱਚ ਟਰੈਫਿਕ ਜਾਮ ਕਰਕੇ ਧਰਨਾ ਲਗਾ ਕੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਧਾਨ ਬਲਜੀਤ ਸਿੰਘ ਤੇ ਇਕੱਤਰ ਕਿਸਾਨਾਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਇਸ ਸਾਲ ਬਾਰਸ਼ਾਂ ਵਿੱਚ ਝਬਾਲ ਨੇੜਿਉਂ ਲੰਘਦੀ ਡਰੇਨ ਦੀ ਸਫਾਈ ਨਾ ਕਰਨ ਕਰਕੇ ਅਤੇ ਡਰੇਨ ਵਿੱਚ ਵੱਡੀ ਪੱਧਰ 'ਤੇ ਬੂਟੀਆਂ ਫਸਣ ਕਾਰਣ ਬਾਰਸ਼ਾਂ ਦੇ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ। ਇਸ ਕਾਰਨ ਆਸਪਾਸ ਦੇ ਦਰਜਨ ਦੇ ਕਰੀਬ ਪਿੰਡਾਂ ਦੇ ਖੇਤਾਂ ਵਿੱਚ ਬੀਜੀ ਫ਼ਸਲ ਪੂਰੀ ਤਰ੍ਹਾਂ ਡੁੱਬ ਗਈ ਹੈ ਅਤੇ ਕਿਸਾਨਾਂ ਦਾ ਵੱਡੀ ਪੱਧਰ ਤੇ ਮਾਲੀ ਨੁਕਸਾਨ ਹੋਇਆ ਹੈ। ਪ੍ਰਸਾਸ਼ਨ ਅਜੇ ਤੱਕ ਕੋਈ ਉਪਰਾਲਾ ਨਹੀਂ ਕਰ ਰਿਹਾ ਜਿਸ ਕਰਕੇ ਮਜਬੂਰੀ ਵਸ ਸਾਨੂੰ ਧਰਨਾ ਲਗਾਉਣਾ ਪਿਆ।

PunjabKesari

ਕਿਸਾਨਾਂ ਨੇ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਡਰੇਨ ਦੀ ਸਫਾਈ ਕਰਕੇ ਕਿਸਾਨਾਂ ਦੀਆਂ ਫਸਲਾਂ ਬਚਾਈਆਂ ਜਾਣ। ਇਸ ਸਮੇਂ ਧਰਨੇ ਵਿੱਚ ਹਾਜਰ ਕਿਸਾਨਾਂ ਵਿੱਚ  ਗੁਰਪ੍ਰੀਤ ਸਿੰਘ ਠੱਠਾ, ਬਲਜਿੰਦਰ ਸਿੰਘ ਝਬਾਲ, ਮੇਜਰ ਸਿੰਘ ਝਬਾਲ ਖੁਰਦ,ਹਰਪਾਲ ਸਿੰਘ ਭਾਲਾ, ਜਸਕਰਨ ਸਿੰਘ ਸ਼ੇਰਾ ਝਬਾਲ, ਹਰਦੀਪ ਸਿੰਘ, ਗੁਰਦੇਵ ਸਿੰਘ, ਅਤਿੰਦਰਪਾਲ ਸਿੰਘ, ਜਰਨੈਲ ਸਿੰਘ, ਗੁਰਜੀਤ ਸਿੰਘ ਜੱਜ, ਸੁਖਦੇਵ ਸਿੰਘ ਆਦਿ ਪਹੁੰਚੇ ਹੋਏ ਸਨ।

ਜਦੋਂ ਕਿ ਇਸ ਸਬੰਧੀ ਐਸ ਡੀ ਓ ਡਰੇਨ ਵਿਭਾਗ ਮਨਿੰਦਰਪਾਲ ਸਿੰਘ ਨੇ ਕਿਹਾ ਕਿ ਮਹਿਕਮੇ ਵੱਲੋਂ ਸਫ਼ਾਈ ਲਈ ਵੱਖ ਵੱਖ ਥਾਵਾਂ ਤੇ ਮਸ਼ੀਨਾਂ ਲਗਾ ਦਿੱਤੀਆਂ ਹਨ ਜਿਸ ਨਾਲ ਡਰੇਨ ਦੀ ਸਫਾਈ ਕੀਤੀ ਜਾ ਰਹੀ ਹੈ।

ਤਹਿਸੀਲਦਾਰ ਤਰਨਤਾਰਨ ਸ੍ਰੀ ਰਕੇਸ਼ ਗਰਗ ਨੇ ਝਬਾਲ ਚੌਕ ਵਿੱਚ ਕਿਸਾਨਾਂ ਦੇ ਧਰਨੇ ਤੇ ਪਹੁੰਚ ਕੇ ਕਿਸਾਨਾ ਨੂੰ ਡਰੇਨ ਦੀ ਸਫਾਈ ਅੱਜ ਹੀ ਸ਼ੁਰੂ ਕਰਨ ਦਾ ਵਿਸ਼ਵਾਸ ਦਿਵਾਉਣ ਤੇ ਕਿਸਾਨਾਂ ਨੇ ਧਰਨਾ ਸਮਾਪਤ ਕੀਤਾ।

 


author

Harinder Kaur

Content Editor

Related News