ਸਬਜ਼ੀ ਮੰਡੀ ’ਚ ਅਸੀਂ ਆਉਂਦੇ ਤਾਂ ਰੋਜ਼ੀ ਰੋਟੀ ਲਈ ਪਰ ਲੈ ਕੇ ਜਾਂਦੇ ਹਾਂ ਬੀਮਾਰੀਆਂ : ਕਿਸਾਨ

Sunday, Nov 20, 2022 - 11:22 AM (IST)

ਸਬਜ਼ੀ ਮੰਡੀ ’ਚ ਅਸੀਂ ਆਉਂਦੇ ਤਾਂ ਰੋਜ਼ੀ ਰੋਟੀ ਲਈ ਪਰ ਲੈ ਕੇ ਜਾਂਦੇ ਹਾਂ ਬੀਮਾਰੀਆਂ : ਕਿਸਾਨ

ਗੁਰਦਾਸਪੁਰ (ਵਿਨੋਦ)- ਗੁਰਦਾਸਪੁਰ ਦੀ ਸਬਜ਼ੀ ਮੰਡੀ ਕਹਿਣ ਨੂੰ ਤਾਂ ਜ਼ਿਲ੍ਹਾ ਗੁਰਦਾਸਪੁਰ ਦੀ ਸਭ ਤੋਂ ਵੱਡੀ ਅਤੇ ਜ਼ਿਆਦਾ ਕਾਰੋਬਾਰ ਵਾਲੀ ਮੰਡੀ ਹੈ। ਜਦਕਿ ਇਸ ਮੰਡੀ ਦੀ ਮਾਰਕੀਟ ਫੀਸ ਵੀ ਪ੍ਰਤੀਦਿਨ ਲੱਖਾਂ ਰੁਪਏ ਇਕੱਠੀ ਹੁੰਦੀ ਹੈ ਪਰ ਉਸ ਦੇ ਬਾਵਜੂਦ ਇਹ ਸਬਜ਼ੀ ਮੰਡੀ ਕਿਸਾਨਾਂ, ਸਬਜ਼ੀ ਉਤਪਾਦਕਾਂ, ਆੜ੍ਹਤੀਆਂ, ਦੁਕਾਨਦਾਰਾਂ ਤੇ ਆਮ ਜਨਤਾ ਲਈ ਕਿਸੇ ਨਰਕ ਤੋਂ ਘੱਟ ਨਹੀਂ ਹੈ। ਜਦ ਇਸ ਸਬਜ਼ੀ ਮੰਡੀ ’ਚ ਜ਼ਿਲ੍ਹਾ ਪ੍ਰਸ਼ਾਸਨ ਤੇ ਮਾਰਕੀਟ ਕਮੇਟੀ ਨੇ ਸੁਧਾਰ ਨਾ ਕੀਤਾ ਤਾਂ ਇਹ ਸਬਜ਼ੀ ਮੰਡੀ ਆਪਣੀ ਹੋਂਦ ਗਵਾ ਬੈਠੇਗੀ ਅਤੇ ਕਿਸਾਨ ਇਸ ਸ਼ਬਜੀ ਮੰਡੀ ਨੂੰ ਅਲਵਿਦਾ ਕਹਿ ਸਕਦੇ ਹਨ।

ਸਬਜ਼ੀ ਮੰਡੀ ਗੁਰਦਾਸਪੁਰ ਸ਼ਹਿਰ ਦੇ ਬਾਹਰ ਜੀ. ਟੀ. ਰੋਡ ’ਤੇ ਸਥਿਤ ਹੋਣ ਨਾਲ ਹਰ ਆਉਣ ਜਾਣ ਵਾਲੇ ਦੀ ਨਜ਼ਰ ’ਚ ਪੈਂਦੀ ਹੈ। ਦੂਰ ਤੋਂ ਤਾਂ ਇਹ ਮੰਡੀ ਬਹੁਤ ਚੰਗੀ ਲੱਗਦੀ ਹੈ ਪਰ ਜਦ ਸਵੇਰੇ ਦੌਰਾ ਕੀਤਾ ਜਾਵੇ ਤਾਂ ਲੱਗਦਾ ਹੈ ਕਿ ਇਸ ਮੰਡੀ ਤੋਂ ਬੁਰੀ ਹਾਲਤ ਕਿਸੇ ਹੋਰ ਸਬਜ਼ੀ ਮੰਡੀ ਦੀ ਨਹੀਂ ਹੋਵੇਗੀ।

ਇਹ ਵੀ ਪੜ੍ਹੋ- ਤਰਨਤਾਰਨ ਵਿਖੇ ਮਾਂ-ਧੀ ਨੇ ਨਕਲੀ ਡੀ. ਐੱਸ. ਪੀ. ਬਣ ਕਰ ਦਿੱਤਾ ਵੱਡਾ ਕਾਰਾ, ਪੁਲਸ ਕਰ ਰਹੀ ਹੈ ਭਾਲ

ਇਸ ਸਬਜ਼ੀ ਮੰਡੀ ’ਚ ਪ੍ਰਤੀਦਿਨ 2000 ਕਿਸਾਨ, ਦੁਕਾਨਦਾਰ ਤੇ ਆਮ ਲੋਕ ਸਬਜ਼ੀ ਵੇਚਣ ਤੇ ਖਰੀਦਣ ਲਈ ਆਉਂਦੇ ਹਨ, ਜਦ ਵੇਖਿਆ ਜਾਵੇ ਤਾਂ ਇਨ੍ਹਾਂ ਸਾਰੇ ਲੋਕਾਂ ਅਤੇ ਵਿਸ਼ੇਸ਼ ਕਰ ਕੇ ਕਿਸਾਨਾਂ ਲਈ ਇਸ ਮੰਡੀ ’ਚ ਇਕ ਵੀ ਸਹੂਲਤ ਨਹੀਂ ਹੈ। ਜਦਕਿ ਮਾਰਕੀਟ ਕਮੇਟੀ ਦਾ ਦਫ਼ਤਰ ਵੀ ਸਬਜ਼ੀ ਮੰਡੀ ਦੇ ਕੋਲ ਹੀ ਬਣਿਆ ਹੋਇਆ ਹੈ। ਇਸ ਦੌਰਾਨ ਕਿਸਾਨਾਂ ਨੇ ਕਿਹਾ ਕਿ ਅਸੀਂ ਮੰਡੀ ’ਚ ਰੋਜ਼ੀ-ਰੋਟੀ ਲਈ ਆਉਂਦੇ ਹਾਂ ਪਰ ਜਾਣ ਸਮੇਂ ਬੀਮਾਰੀਆਂ ਲੈ ਕੇ ਜਾਂਦੇ ਹਾਂ।

ਪਾਰਕਿੰਗ ’ਤੇ ਟੱਪੜੀ ਵਾਸੀਆਂ ਦਾ ਨਾਜਾਇਜ਼ ਕਬਜ਼ਾ

ਸਬਜ਼ੀ ਮੰਡੀ ਗੁਰਦਾਸਪੁਰ ਦੇ ਪ੍ਰਵੇਸ਼ ਦੁਆਰ ਕੋਲ ਮੰਡੀ ਦੀ ਪਾਰਕਿੰਗ ਬਣੀ ਹੋਈ ਹੈ ਪਰ ਇਸ ਪਾਰਕਿੰਗ ’ਤੇ ਟੱਪੜੀ ਵਾਸੀਆਂ ਦਾ ਨਾਜਾਇਜ਼ ਕਬਜ਼ਾ ਹੈ, ਜਿਨ੍ਹਾਂ ਨੇ ਇਸ ਪਾਰਕਿੰਗ ’ਤੇ ਆਪਣੀਆਂ ਝੁੱਗੀਆਂ-ਝੌਪੜੀਆਂ ਬਣਾ ਰੱਖੀਆਂ ਹਨ, ਜਿਸ ਕਾਰਨ ਇਸ ਪਾਰਕਿੰਗ ਦੀ ਬਿਜਾਏ ਇਸ ਮੰਡੀ ’ਚ ਆਉਣ ਵਾਲਾ ਹਰ ਵਿਅਕਤੀ ਆਪਣੇ-ਆਪਣੇ ਵਾਹਨ ਸੜਕ ’ਤੇ ਹੀ ਖੜ੍ਹਾ ਕਰਦਾ ਹੈ। ਇਸ ਨਾਲ ਮੰਡੀ ’ਚ ਕਈ ਤਰ੍ਹਾਂ ਦੀਆਂ ਸਮੱਸਿਆ ਪੈਦਾ ਹੁੰਦੀਆਂ ਹਨ।

ਮੁੱਖ ਸੜਕ ’ਤੇ ਗੰਦਗੀ ਦੇ ਢੇਰ ਅਤੇ ਬਿਨਾਂ ਬਰਸਾਤ ਦੇ ਵੀ 12 ਮਹੀਨੇ ਖੜ੍ਹਾ ਰਹਿੰਦਾ ਪਾਣੀ

ਇਸ ਮੰਡੀ ਦੀ ਇਕ ਮੁੱਖ ਸੜਕ ਹੈ ਤਾਂ ਆੜ੍ਹਤੀਆਂ ਦੀਆਂ ਦੁਕਾਨਾਂ ਦੀ ਬੈਕ ਸਾਈਡ ’ਤੇ ਹੈ। ਇਸ ਸੜਕ ਦੇ ਰਸਤੇ ਹੀ ਆੜ੍ਹਤੀ, ਕਿਸਾਨ ਤੇ ਆਮ ਲੋਕ ਸਬਜ਼ੀ ਮੰਡੀ ’ਚ ਜਾਂਦੇ ਹਨ ਪਰ ਇਸ ਸੜਕ ’ਤੇ ਬਿਨਾਂ ਬਰਸਾਤ ਦੇ ਵੀ 12 ਮਹੀਨੇ ਪਾਣੀ ਖੜ੍ਹਾ ਰਹਿੰਦਾ ਹੈ ਅਤੇ ਡੂੰਘੇ ਟੋਏ ਲੋਕਾਂ ਦੇ ਲਈ ਪ੍ਰੇਸ਼ਾਨੀ ਦਾ ਕਾਰਨ ਬਣੇ ਹੋਏ ਹਨ। ਗੰਦੇ ਪਾਣੀ ਕਾਰਨ ਸਾਰੀ ਸੜਕ ਟੁੱਟ ਚੁੱਕੀ ਹੈ ਅਤੇ ਪੈਦਲ ਚੱਲਣਾ ਤਾਂ ਇਸ ਸੜਕ ’ਤੇ ਸੰਭਵ ਹੀ ਨਹੀਂ ਹੈ। ਗੰਦਾ ਪਾਣੀ ਚਾਰੇ ਪਾਸੇ ਬਦਬੂ ਫੈਲਾ ਰਿਹਾ ਹੈ ਅਤੇ ਡੇਂਗੂ ਦੀ ਬੀਮਾਰੀ ਫੈਲਾਉਣ ਵਿਚ ਮੁੱਖ ਭੂਮਿਕਾ ਨਿਭਾ ਰਿਹਾ ਹੈ। ਹਰ ਰਾਜਨੇਤਾ ਇਸ ਸਬਜ਼ੀ ਮੰਡੀ ਦੇ ਸੁਧਾਰ ਦੀ ਗੱਲ ਤਾਂ ਕਰਦਾ ਹੈ ਪਰ ਹੁੰਦਾ ਕੁਝ ਨਹੀਂ ਹੈ।

ਇਹ ਵੀ ਪੜ੍ਹੋ- ਪਠਾਨਕੋਟ ਵਿਖੇ ਡਿਊਟੀ ਦੌਰਾਨ ASI ਦੇ ਗੋਲੀ ਲੱਗਣ ਨਾਲ ਹੋਈ ਮੌਤ

ਸੜਕ ’ਤੇ ਬਰਸਾਤ ਦਾ ਹੀ ਪਾਣੀ ਸਾਰਾ ਸਾਲ ਖੜ੍ਹਾ ਰਹਿੰਦਾ ਹੈ। ਜਦ ਬਰਸਾਤ ਹੋ ਜਾਵੇ ਤਾਂ ਇਸ ਸੜਕ ਦਾ ਗੰਦਾ ਪਾਣੀ ਚਾਰੇ ਪਾਸੇ ਫੈਲ ਜਾਂਦਾ ਹੈ। ਇਸ ਸੜਕ ’ਤੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਹਾਲਾਤ ਇੰਨੇ ਖ਼ਰਾਬ ਹਨ ਕਿ ਜਦ ਕੋਈ ਵਾਹਨ ਖ਼ਰਾਬ ਹੋ ਜਾਵੇ ਤਾਂ ਚਿੱਕੜ ਕਾਰਨ ਉਸ ਨੂੰ ਧੱਕਾ ਲਗਾਉਣਾ ਤੱਕ ਮੁਸ਼ਕਲ ਹੈ।

ਸਬਜ਼ੀ ਮੰਡੀ ਆੜ੍ਹਤੀਆ ਐਸੋਸੀਏਸ਼ਨ ਗੁਰਦਾਸਪੁਰ ਦੇ ਰਵੀ ਮਹਾਜਨ ਅਤੇ ਸਕੱਤਰ ਕਮਲ ਮਹਾਜਨ ਨੇ ਇਸ ਸਬੰਧੀ ਕਿਹਾ ਕਿ ਇਹ ਸਮੱਸਿਆ ਸਬਜ਼ੀ ਮੰਡੀ ’ਚ ਨਵੀਂ ਨਹੀਂ ਹੈ। ਜਦ ਤੋਂ ਮੰਡੀ ਬਣੀ ਹੈ ਇਹ ਸਮੱਸਿਆ ਬਣੀ ਹੋਈ ਹੈ। ਇਸ ਸਬੰਧੀ ਸਮੇਂ-ਸਮੇਂ ’ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਾਰੀ ਜਾਣਕਾਰੀ ਦੇ ਕੇ ਸਮੱਸਿਆ ਦਾ ਹੱਲ ਕਰਨ ਦੀ ਮੰਗ ਵੀ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾ ਹੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਨਾਲ ਗੱਲ ਹੋਈ ਹੈ ਅਤੇ ਉਨ੍ਹਾਂ ਨੇ ਭਰੋਸਾ ਦਿੱਤਾ ਹੈ ਕਿ ਜਲਦੀ ਹੀ ਸਮੱਸਿਆ ਦਾ ਹੱਲ ਹੋਵੇਗਾ। ਪਾਰਕਿੰਗ ’ਤੇ ਨਾਜਾਇਜ਼ ਕਬਜ਼ੇ ਸਬੰਧੀ ਉਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਮਾਰਕੀਟ ਕਮੇਟੀ ਦੇ ਕੋਲ ਉਠਾ ਕੇ ਪਾਰਕਿੰਗ ਨੂੰ ਖਾਲੀ ਕਰਵਾਇਆ ਜਾਵੇਗਾ।
 


author

Shivani Bassan

Content Editor

Related News