ਗੁਰਦਾਸਪੁਰ ਤੇ ਦੀਨਾਨਗਰ ਦਾ ਇਲਾਕਾ ਲੀਚੀ ਦੇ ਬਾਗ ਲਗਾਉਣ ਲਈ ਬਹੁਤ ਵਧੀਆ
Friday, Jun 02, 2023 - 04:09 PM (IST)

ਗੁਰਦਾਸਪੁਰ (ਵਿਨੋਦ, ਹਰਮਨ, ਹੇਮੰਤ)- ਪੰਜਾਬ ਸਰਕਾਰ ਵੱਲੋਂ ‘ਇਕ ਜ਼ਿਲਾ ਇਕ ਉਦਪਾਦ’ ਸਕੀਮ ਤਹਿਤ ਜ਼ਿਲਾ ਗੁਰਦਾਸਪੁਰ ਨੂੰ ਲੀਚੀ ਅਸਟੇਟ ਵਜੋਂ ਚੁਣਿਆ ਗਿਆ ਹੈ ਅਤੇ ਬਾਗਬਾਨੀ ਵਿਭਾਗ ਵੱਲੋਂ ਜ਼ਿਲਾ ਗੁਰਦਾਸਪੁਰ ’ਚ ਲੀਚੀ ਦੇ ਬਾਗਾਂ ਨੂੰ ਉਤਸ਼ਾਹਿਤ ਕਰਨ ਦੇ ਉਪਰਾਲੇ ਕੀਤੇ ਜਾਣਗੇ। ਇਹ ਜਾਣਕਾਰੀ ਦਿੰਦਿਆਂ ਬਾਗਬਾਨੀ ਵਿਭਾਗ ਦੇ ਡਿਪਟੀ ਡਾਇਰੈਕਟਰ ਤਜਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਸਰਕਾਰ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਦੇ ਕਿਸਾਨਾਂ ਨੂੰ ਲੀਚੀ ਦੇ ਬਾਗ ਲਗਾਉਣ ਲਈ ਉਤਸ਼ਾਹਿਤ ਕਰਨ ਦੇ ਨਾਲ ਹੀ ਲੀਚੀ ਨਾਲ ਸਬੰਧਤ ਪ੍ਰੋਸੈਸਿੰਗ ਉਦਯੋਗਾਂ ਨੂੰ ਵੀ ਉਤਸ਼ਾਹਿਤ ਕੀਤਾ ਜਾਵੇਗਾ ਤਾਂ ਜੋ ਲੀਚੀ ਦੀ ਉੱਪਜ ਤੋਂ ਕਿਸਾਨ ਚੰਗਾ ਮੁਨਾਫ਼ਾ ਕਮਾ ਸਕਣ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਅਤੇ ਦੀਨਾਨਗਰ ਦਾ ਇਲਾਕਾ ਲੀਚੀ ਦੇ ਬਾਗ ਲਗਾਉਣ ਲਈ ਬਹੁਤ ਵਧੀਆ ਹੈ ਅਤੇ ਇਥੇ ਹੁੰਦੀ ਲੀਚੀ ਦੀ ਕੁਆਲਟੀ ਤੇ ਝਾੜ ਬਹੁਤ ਵਧੀਆ ਹੁੰਦਾ ਹੈ।
ਇਹ ਵੀ ਪੜ੍ਹੋ- ਅਮਰੀਕਾ 'ਚ ਰਾਹੁਲ ਗਾਂਧੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਕੀਤੀ ਟਿੱਪਣੀ 'ਤੇ SGPC ਦਾ ਤਿੱਖਾ ਪ੍ਰਤੀਕਰਮ
ਡਿਪਟੀ ਡਾਇਰੈਕਟਰ ਤਜਿੰਦਰ ਸਿੰਘ ਬਾਜਵਾ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ’ਚ ਬਾਗਬਾਨੀ ਨੂੰ ਉਤਸ਼ਾਹਿਤ ਕਰਨ ਫੁੱਲਾਂ ਦੇ ਬੀਜਾਂ ਦੀ ਖ਼ੇਤੀ ਕਰਨ ਵਾਲੇ ਕਿਸਾਨਾਂ ਨੂੰ 14 ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਬਾਗਬਾਨਾਂ ਨੂੰ 10 ਹਜ਼ਾਰ ਰੁਪਏ ਪ੍ਰਤੀ ਏਕੜ ਸਬਸਿਡੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਭਰਾ ਕਣਕ-ਝੋਨੇ ਦੇ ਫ਼ਸਲੀ ਚੱਕਰ ਹੇਠੋਂ ਆਪਣਾ ਰਕਬਾ ਕੱਢ ਕੇ ਸੂਝ-ਬੂਝ ਨਾਲ ਫੁੱਲਾਂ, ਫ਼ਲਾਂ ਅਤੇ ਸਬਜ਼ੀਆਂ ਦੀ ਕਾਸ਼ਤ ਕਰਕੇ ਧਰਤੀ ਹੇਠਲਾ ਪਾਣੀ ਬਚਾਉਣ ਦੇ ਨਾਲ-ਨਾਲ ਆਪਣੀ ਆਮਦਨ ਵੀ ਵਧਾ ਸਕਦੇ ਹਨ।
ਇਹ ਵੀ ਪੜ੍ਹੋ- ਤੰਬਾਕੂ ਦੀ ਗ੍ਰਿਫ਼ਤ ’ਚ ਪੰਜਾਬ, 13 ਸਾਲ ਦੀ ਉਮਰ ਤੋਂ ਲੈ ਕੇ ਬਜ਼ੁਰਗ ਤੱਕ ਹੋਏ ਕੈਂਸਰ ਦਾ ਸ਼ਿਕਾਰ
ਬਾਜਵਾ ਨੇ ਦੱਸਿਆ ਕਿ ਬਾਗਬਾਨੀ ਵਿਭਾਗ ਵੱਲੋਂ ਕਿਸਾਨਾਂ ਨੂੰ ਬਾਗਬਾਨੀ ਲਈ ਲੋੜੀਂਦੇ ਸੰਦ ਜਿਨ੍ਹਾਂ ਵਿੱਚ ਡਰੋਨ ਸਪਰੇਅਰ, ਨਵੇਂ ਬਾਗ ਲਗਾਉਣ ਲਈ ਟੋਏ ਪੁੱਟਣ ਵਾਲੀ ਮਸ਼ੀਨ, ਪਟਾਟੋ ਪਲਾਂਟਰ, ਗੋਡੀ ਕਰਨ ਲਈ ਪਾਵਰ ਟਿੱਲਰ, ਟਰੈਕਟਰ ਨਾਲ ਚੱਲਣ ਵਾਲੇ ਸਪਰੇਅ ਪੰਪ ਆਦਿ ਸਬਸਿਡੀ ਉੱਪਰ ਮੁਹੱਈਆ ਕਰਵਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਭਰਾ ਨਵੇਂ ਬਾਗ ਲਗਾਉਣ ਲਈ ਕਿਸੇ ਵੀ ਤਰ੍ਹਾਂ ਦੀ ਤਕਨੀਕੀ ਸਹਾਇਤਾ ਜਾਂ ਸਲਾਹ ਲਈ ਬਾਗਬਾਨੀ ਵਿਭਾਗ ਦੇ ਦਫ਼ਤਰ ਸੰਪਰਕ ਕਰ ਸਕਦੇ ਹਨ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।