ਬਿਜਲੀ ਮਹਿਕਮੇ ਦੀ ਲਾਪਰਵਾਹੀ ਕਾਰਨ ਘਰ ਅੱਗੋਂ ਲੰਘਦੀਆਂ ਤਾਰਾਂ ਦੀ ਲਪੇਟ ’ਚ ਆਇਆ ਪਾਲਤੂ ਕੁੱਤਾ

01/13/2021 1:29:37 PM

ਤਰਨਤਾਰਨ (ਰਾਜੂ): ਸਥਾਨਕ ਸ਼ਹਿਰ ਦੇ ਬਾਠ ਰੋਡ ਸਥਿਤ ਗਲੀ ਨੰਬਰ 4 ਵਿਖੇ ਘਰ ਦੇ ਅੱਗੋਂ ਲੰਘਦੀਆਂ ਬਿਜਲੀ ਦੀਆਂ ਹਾਈ ਵੋਲਟੇਜ਼ ਤਾਰਾਂ ਦੀ ਲਪੇਟ ’ਚ ਆਉਣ ਕਾਰਨ ਪਾਲਤੂ ਕੁੱਤਾ ਬੁਰੀ ਤਰ੍ਹਾਂ ਝੁਲਸ ਕੇ ਮਰ ਗਿਆ। ਇਸ ਸਬੰਧੀ ਸਥਾਨਕ ਗਲੀ ਨਿਵਾਸੀਆਂ ਨੇ ਬਿਜਲੀ ਮਹਿਕਮੇ ਵਿਰੁੱਧ ਰੋਸ ਪ੍ਰਗਟਾਉਂਦਿਆਂ ਲਾਪ੍ਰਵਾਹੀ ਵਰਤਣ ਦੇ ਦੋਸ਼ ਵੀ ਲਗਾਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੀਪ ਸਿੰਘ ਵਾਸੀ ਗਲੀ ਨੰਬਰ 4 ਬਾਠ ਰੋਡ ਤਰਨਤਾਰਨ ਨੇ ਦੱਸਿਆ ਕਿ ਬਿਜਲੀ ਦੀਆਂ ਹਾਈਵੋਲਟੇਜ਼ ਤਾਰਾਂ ਸਾਡੇ ਘਰਾਂ ਦੇ ਬਿਲਕੁੱਲ ਸਾਹਮਣੇ ਤੋਂ ਲੰਘਦੀਆਂ ਹਨ। ਇਸ ਦੇ ਚੱਲਦਿਆਂ ਅੱਜ ਸਾਡਾ ਪਾਲਤੂ ਕੁੱਤਾ ਜੋ ਛੱਤ ’ਤੇ ਸੀ, ਅਚਾਨਕ ਬਿਜਲੀ ਦੀ ਲਪੇਟ ’ਚ ਆ ਗਿਆ ਅਤੇ ਕਰੰਟ ਪੈਣ ’ਤੇ ਝੁਲਸਣ ਕਾਰਨ ਉਸ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ : ਪੰਜਾਬ ’ਚ ‘ਬਰਡ ਫਲੂ’ ਦੀ ਹੋਈ ਐਂਟਰੀ!

ਇਸ ਮੌਕੇ ’ਤੇ ਸਰਪ੍ਰੀਤ ਸਿੰਘ ਬਾਠ, ਦਪਿੰਦਰ ਕੌਰ ਬਾਠ, ਮਨਜੀਤ ਸਿੰਘ, ਬੀਬੀ ਦਲਬੀਰ ਕੌਰ ਆਦਿ ਨੇ ਦੱਸਿਆ ਕਿ ਹਾਈ ਵੋਲਟੇਜ਼ ਤਾਰਾਂ ਨੂੰ ਰਿਹਾਇਸ਼ੀ ਘਰਾਂ ’ਚੋਂ ਬਾਹਰ ਕੱਢਣ ਲਈ ਕਈ ਵਾਰ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਨੂੰ ਬੇਨਤੀ ਕੀਤੀ ਜਾ ਚੁੱਕੀ ਹੈ ਪ੍ਰੰਤੂ ਕਿਸੇ ਦੇ ਕੰਨ ’ਤੇ ਜੂੰ ਨਹੀਂ ਸਰਕ ਰਹੀ। ਉਨ੍ਹਾਂ ਦੋਸ਼ ਲਗਾਇਆ ਕਿ ਸਬੰਧਤ ਜੇ. ਈ. ਵਲੋਂ ਐਸਟੀਮੇਟ ਵੀ ਬਣਾ ਕੇ ਦਿੱਤਾ ਜਾ ਚੁੱਕਾ ਹੈ ਪਰ ਇਸ ਦੇ ਬਾਵਜੂਦ ਵੀ ਤਾਰਾਂ ਬਾਹਰ ਨਹੀਂ ਕੱਢੀਆਂ ਗਈਆਂ। ਜਿਸ ਕਾਰਨ ਅਸੀਂ ਹਰ ਸਮੇਂ ਮੌਤ ਦੇ ਸਾਏ ਹੇਠ ਜੀਅ ਰਹੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਸਾਡੀ ਸੁਣਵਾਈ ਨਾ ਕੀਤੀ ਤਾਂ ਅਸੀਂ ਜ਼ੋਰਦਾਰ ਸੰਘਰਸ਼ ਵਿੱਢਣ ਲਈ ਮਜ਼ਬੂਰ ਹੋਵਾਂਗੇ। ਇਸ ਮੌਕੇ ’ਤੇ ਪਵਨ ਸੰਧੂ ਮੌਜੂਦਾ ਮੈਂਬਰ ਪੰਚਾਇਤ, ਮੰਗਲ ਦਾਸ ਮੁਨੀਮ, ਕੁਲਬੀਰ ਸਿੰਘ, ਹਿੰਮਤਬੀਰ ਸਿੰਘ, ਗੁਰਦੇਵ ਸਿੰਘ, ਗੁਰਚਰਨ ਸਿੰਘ, ਗੁਰਪ੍ਰੀਤ ਸਿੰਘ ਬਸਰਾ ਆਦਿ ਹਾਜ਼ਰ ਸਨ।

ਇਹ ਵੀ ਪੜ੍ਹੋ : ਤਰਨਤਾਰਨ ’ਚ ਸ਼ਰਮਨਾਕ ਘਟਨਾ, ਹਵਸੀ ਦਰਿੰਦੇ ਨੇ 7 ਸਾਲ ਦੇ ਬੱਚੇ ਨਾਲ ਕੀਤਾ ਗ਼ਲਤ ਕੰਮ


Baljeet Kaur

Content Editor

Related News