ਤਰਨਤਾਰਨ ਪੁਲਸ ਵਲੋਂ 3 ਮੁਲਜ਼ਮ ਚੂਰਾ ਪੋਸਤ ਤੇ ਹੈਰੋਇਨ ਸਮੇਤ ਗ੍ਰਿਫਤਾਰ
Thursday, Oct 29, 2020 - 02:10 AM (IST)

ਤਰਨਤਾਰਨ,(ਰਮਨ)- ਜ਼ਿਲ੍ਹਾ ਪੁਲਸ ਨੇ 3 ਮੁਲਜ਼ਮਾਂ ਨੂੰ 420 ਗ੍ਰਾਮ ਹੈਰੋਇਨ ਅਤੇ 52 ਕਿੱਲੋ ਚੂਰਾ ਪੋਸਤ ਸਮੇਤ ਗ੍ਰਿਫਤਾਰ ਕਰਨ 'ਚ ਵੱਡੀ ਸਫਲਤਾ ਹਾਸਲ ਕੀਤੀ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ 'ਚ ਪੇਸ਼ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜਾਣਕਾਰੀ ਦਿੰਦੇ ਹੋਏ ਐੱਸ.ਐੱਸ.ਪੀ ਧਰੁਮਨ ਐੱਚ ਨਿੰਬਾਲੇ ਨੇ ਦੱਸਿਆ ਕਿ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਤਹਿਤ ਕਾਰਵਾਈ ਕਰਦੇ ਹੋਏ ਨਾਰਕੋਟਿਲ ਸੈੱਲ ਦੇ ਇੰਚਾਰਜ ਏ.ਐੱਸ.ਆਈ ਗੁਰਦਿਆਲ ਸਿੰਘ ਨੇ ਪਿੰਡ ਦੋਬੁਰਜੀ ਤੋਂ ਰਟੌਲ ਰਸਤੇ ਦਰਮਿਆਨ ਇਕ ਕਾਰ ਨੰਬਰ ਪੀ.ਬੀ-02-ਡੀ.ਜੈੱਡ-7786 ਨੂੰ ਛੱਕ ਪੈਣ 'ਤੇ ਰੁਕਣ ਦਾ ਇਸ਼ਾਰਾ ਕੀਤਾ ਜਿਸ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਭਜੱਣ ਦੀ ਕੋਸ਼ਿਸ਼ ਕਰਨ ਹੀ ਲੱਗੇ ਸਨ ਤਾਂ ਪੁਲਸ ਪਾਰਟੀ ਨੇ ਪਿੱਛਾ ਕਰਦੇ ਹੋਏ ਇਨ੍ਹਾਂ ਨੂੰ ਦਬੋਚ ਲਿਆ। ਜਿਸ ਤਹਿਤ ਕਾਰ 'ਚ ਮੌਜੂਦ ਜੋਬਨ ਸਿੰਘ ਉਰਫ ਬਿੱਕਾ ਪੁੱਤਰ ਅਮਰਜੀਤ ਸਿੰਘ ਵਾਸੀ ਵਾਰਡ ਨੰਬਰ 9 ਜੰਡਿਆਲਾ (ਅੰਮ੍ਰਿਤਸਰ) ਅਤੇ ਕਰਨਦੀਪ ਸਿੰਘ ਉਰਫ ਸੰਨੀ ਪੁੱਤਰ ਅੰਗਰੇਜ ਸਿੰਘ ਵਾਸੀ ਬਸਨਬੇਰਪੁਰ ਥਾਣਾ ਚਾਟੀਵਿੰਡ ਅੰਮ੍ਰਿਤਸਰ ਦੀ ਡੀ.ਐੱਸ.ਪੀ ਕਮਲਜੀਤ ਸਿੰਘ ਔਲਖ ਦੀ ਹਾਜ਼ਰੀ ਵਿਚ ਤਲਾਸ਼ੀ ਲੈਣ ਉਪਰੰਤ ਕੁੱਲ 420 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਇਸ ਸਬੰਧੀ ਪੁਲਸ ਨੇ ਥਾਣਾ ਸਿਟੀ ਵਿਖੇ ਦੋਵਾਂ ਖਿਲਾਫ ਮਾਮਲਾ ਦਰਜ ਕਰ ਅਗੇਲਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਸੀ.ਆਈ.ਏ ਸਟਾਫ -2 ਦੇ ਇੰਚਾਰਜ ਸੁਖਰਾਜ ਸਿੰਘ ਵਲੋਂ ਹਰਜਿੰਦਰ ਸਿੰਘ ਉਰਫ ਜਿੰਦਾ ਪੁੱਤਰ ਸੁਖਦੇਵ ਸਿੰਘ ਵਾਸੀ ਪੱਖੋਪੁਰ ਪਾਸੋਂ 52 ਕਿੱਲੋ ਚੂਰਾ ਪੋਸਤ ਸਮੇਤ ਕਾਬੂ ਕਰਕੇ ਰਿਮਾਂਡ ਹਾਸਲ ਕੀਤਾ ਹੈ।