ਰੋਡਵੇਜ਼ ਵਰਕਸ਼ਾਪ ''ਚ ਸਥਿਤ ਥਾਣਾ ਸਿਟੀ 110 ਸਾਲਾ ਪੁਰਾਣੀ ਇਮਾਰਤ ''ਚ ਹੋਵੇਗਾ ਤਬਦੀਲ

09/29/2020 10:30:31 AM

ਤਰਨਤਾਰਨ(ਰਮਨ)- ਸ਼ਹਿਰ ਦਾ ਥਾਣਾ ਹੁਣ ਮੁੜ ਆਪਣੀ 110 ਸਾਲ ਤੋਂ ਵੱਧ ਪੁਰਾਣੀ ਇਮਾਰਤ 'ਚ ਤਬਦੀਲ ਹੋਣ ਜਾ ਰਿਹਾ ਹੈ, ਜਿਸ ਦੀ ਮੁਰੰਮਤ ਲਈ ਪੰਜਾਬ ਸਰਕਾਰ ਵਲੋਂ 2 ਕਰੋੜ ਰੁਪਏ ਦੀ ਗ੍ਰਾਂਟ ਵੀ ਜਾਰੀ ਕਰ ਦਿੱਤੀ ਗਈ ਹੈ। ਥਾਣੇ ਦੀ ਇਮਾਰਤ ਨੂੰ ਹਾਈਟੈਕ ਤਕਨੀਕ ਨਾਲ ਤਿਆਰ ਕਰਨ ਸਬੰਧੀ ਸਾਰੀ ਤਿਆਰੀ ਕਰ ਲਈ ਗਈ ਹੈ, ਜਿੱਥੇ ਫਰਿਆਦੀ ਲਈ ਬੈਠਣ,ਉਠਣ, ਪੀਣ ਲਈ ਸਾਫ ਫਿਲਟਰ ਪਾਣੀ ਆਦਿ ਦੀ ਸਹੂਲਤ ਮੌਜੂਦ ਰਹੇਗੀ, ਉੱਥੇ ਥਾਣੇ 'ਚ ਤਾਇਨਾਤ ਪੁਲਸ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਸਾਫ਼ ਸੁਥਰਾ ਅਤੇ ਹਵਾਦਾਰ ਵਾਲਾ ਮਾਹੌਲ ਮਿਲੇਗਾ।

ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਦਾ 9 ਅਰਬ 81 ਕਰੋੜ 94 ਲੱਖ 80 ਹਜ਼ਾਰ 500 ਰੁਪਏ ਦਾ ਸਾਲਾਨਾ ਬਜਟ ਪਾਸ

ਜਾਣਕਾਰੀ ਅਨੁਸਾਰ ਸਥਾਨਕ ਮੁਰਾਦਪੁਰ ਰੋਡ 'ਤੇ ਸਥਿਤ ਕਰੀਬ 110 ਸਾਲ ਪੁਰਾਣੀ ਨਾਨਕਸ਼ਾਹੀ ਇੱਟਾਂ ਅਤੇ ਅੰਗਰੇਜਾਂ ਸਮੇਂ ਦੀ ਉਸਾਰੀ ਗਈ ਇਤਿਹਾਸਕ ਇਮਾਰਤ 'ਚ ਮੌਜੂਦ ਥਾਣਾ ਕਰੀਬ 5 ਸਾਲ ਪਹਿਲਾਂ ਇਮਾਰਤ ਕੰਡਮ ਹੋਣ ਕਾਰਨ ਪੰਜਾਬ ਰੋਡਵੇਜ਼ ਦੀ ਵਰਕਸ਼ਾਪ ਅੰਦਰ ਕੱਚੇ ਤੌਰ ਲਈ ਤਬਦੀਲ ਕਰ ਦਿੱਤਾ ਗਿਆ ਸੀ। ਇਮਾਰਤ ਜ਼ਿਆਦਾ ਪੁਰਾਣੀ ਹੋਣ ਦੀ ਸੂਰਤ 'ਚ ਇਸ ਦੀ ਉਸਾਰੀ ਲਈ ਪੰਜਾਬ ਸਰਕਾਰ ਨੂੰ ਭੇਜਿਆ ਗਿਆ ਪਰ ਇਸ ਦੀ ਉਸਾਰੀ ਲਈ ਸਰਕਾਰ ਵਲੋਂ ਕੋਈ ਗ੍ਰਾਂਟ ਨਹੀਂ ਭੇਜੀ ਗਈ। ਜਿਸ ਕਾਰਨ ਰੋਡਵੇਜ਼ ਵਰਕਸ਼ਾਪ 'ਚ ਤਬਦੀਲ ਹੋਏ ਥਾਣੇ 'ਚ ਤਾਇਨਾਤ ਸਟਾਫ ਖਤਰੇ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜ਼ਬੂਰ ਸਨ।

ਇਹ ਵੀ ਪੜ੍ਹੋ : ਦੇਹ ਵਪਾਰ ਦੇ ਧੰਦੇ ਦਾ ਪਰਦਾਫ਼ਾਸ਼, ਨਾਬਾਲਗ ਕੁੜੀਆਂ ਸਮੇਤ 11 ਨੂੰ ਪੁਲਸ ਨੇ ਰੰਗੇ ਹੱਥੀਂ ਕੀਤਾ ਕਾਬੂ

ਪੰਜਾਬ ਸਰਕਾਰ ਵਲੋਂ ਇਸ ਥਾਣੇ ਦੀ ਪੁਰਾਣੀ ਕਿਲਾ ਰੂਪੀ ਇਤਿਹਾਸਕ ਇਮਾਰਤ ਜਿਸ ਨੂੰ ਨਾਨਕ ਸ਼ਾਹੀ ਇੱਟਾਂ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ ਦੀ ਮੁਰੰਮਤ ਲਈ ਦੋ ਕਰੋੜ ਰੁਪਏ ਦੀ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਸਰਕਾਰ ਵਲੋਂ ਇਹ ਫ਼ੈਸਲਾ ਇਮਾਰਤ ਦੇ ਇਤਿਹਾਸਕ ਹੋਣ ਨੂੰ ਲੈ ਕੀਤਾ ਗਿਆ, ਜਿਸ ਨੂੰ ਤੋੜਨ ਦੀ ਬਜਾਏ ਨਵੀਂ ਤਕਨੀਕ ਨਾਲ ਮੁਰੰਮਤ ਕੀਤਾ ਜਾਵੇਗਾ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਸ ਇਮਾਰਤ ਦੀ ਮੁਰੰਮਤ ਦੌਰਾਨ ਸਾਫ ਪੀਣ ਵਾਲਾ ਪਾਣੀ, ਰਸੋਈ, ਮਾਲ ਖਾਨਾ, ਮਰਦ ਅਤੇ ਔਰਤ ਲਈ ਵੱਖਰੀਆਂ ਹਵਾਲਾਤ, ਬਾਥਰੂਮ, ਬੈਠਣ ਲਈ ਕੁਰਸੀਆਂ, ਪੱਖੇ, ਏ. ਸੀ. ਆਦਿ ਨਾਲ ਲੈਸ ਕੀਤਾ ਜਾਵੇਗਾ। ਥਾਣਿਆਂ 'ਚ ਮੌਜੂਦ ਸਾਰੇ ਕਮਰਿਆਂ ਦੀਆਂ ਛੱਤਾਂ ਨੂੰ ਚੰਗੀ ਤਰਾਂ ਮੁਰੰਮਤ ਕਰਦੇ ਹੋਏ ਠੀਕ ਕੀਤਾ ਜਾਵੇਗਾ। ਇਸ 110 ਸਾਲਾ ਪੁਰਾਣੀ ਇਮਾਰਤ 'ਚ ਕਈ ਵਾਰ ਫਿਲਮ ਦੀ ਸ਼ੂਟਿੰਗ ਵੀ ਕੀਤੀ ਜਾ ਚੁੱਕੀ ਹੈ। ਅੱਤਵਾਦ ਦੇ ਕਾਲੇ ਦਿਨਾਂ 'ਚ ਪੁਲਸ ਜ਼ਿਲਾ ਤਰਨਤਾਰਨ ਸਥਾਪਤ ਕੀਤਾ ਗਿਆ ਸੀ, ਜਿਸ ਤੋਂ ਪਹਿਲਾਂ ਇਹ ਥਾਣਾ ਸਿਟੀ ਜ਼ਿਲਾ ਅੰਮ੍ਰਿਤਸਰ ਅਧੀਨ ਸੀ। ਕਰੀਬ 5 ਸਾਲ ਪਹਿਲਾਂ ਥਾਣੇ ਦੀ ਇਮਾਰਤ ਨੂੰ ਮੁਰੰਮਤ ਕਰਵਾਉਣ ਲਈ ਜ਼ਿਲੇ 'ਚ ਰਹਿ ਚੁੱਕੇ ਐੱਸ. ਐੱਸ. ਪੀ. ਮਨਮੋਹਨ ਸ਼ਰਮਾ, ਹਰਜੀਤ ਸਿੰਘ, ਦਰਸ਼ਨ ਸਿੰਘ ਮਾਨ, ਕੁਲਦੀਪ ਸਿੰਘ ਚਾਹਲ, ਧਰੁੱਵ ਦਹੀਆ ਵਲੋਂ ਕੋਸ਼ਿਸ਼ਾਂ ਜਾਰੀ ਰਹੀਆਂ ਪਰ ਹੁਣ ਜ਼ਿਲੇ ਦੇ ਨਵੇਂ ਆਏ ਐੱਸ. ਐੱਸ. ਪੀ. ਧਰੁਮਨ ਐੱਚ. ਨਿੰਬਾਲੇ ਦੀ ਮਿਹਨਤ ਰੰਗ ਲਿਆਈ ਹੈ।

ਇਹ ਵੀ ਪੜ੍ਹੋ : ਖੇਤੀ ਬਿੱਲਾਂ 'ਤੇ ਕੈਪਟਨ ਦਾ ਜਵਾਬ, ਨਹੀਂ ਰੁਲ੍ਹਣ ਦੇਵਾਂਗੇ ਕਿਸਾਨ

ਜਲਦ ਸ਼ੁਰੂ ਹੋਵੇਗੀ ਇਮਾਰਤ ਦੀ ਮੁਰੰਮਤ
ਐੱਸ. ਐੱਸ. ਪੀ. ਧਰੁਮਨ ਐੱਚ ਨਿੰਬਾਲੇ ਨੇ ਦੱਸਿਆ ਕਿ ਮੁਰਾਦਪੁਰ ਰੋਡ 'ਤੇ ਸਥਿਤ ਥਾਣਾ ਸਿਟੀ ਦੀ ਪੁਰਾਣੀ ਇਤਿਹਾਸਕ ਇਮਾਰਤ ਦੇ ਮੁਰੰਮਤ ਦਾ ਕੰਮ ਜਲਦ ਸ਼ੁਰੂ ਕਰ ਦਿੱਤਾ ਜਾਵੇਗਾ, ਜਿਸ ਸਬੰਧੀ ਸਰਕਾਰ ਵਲੋਂ 2 ਕਰੋੜ ਰੁਪਏ ਦੀ ਰਾਸ਼ੀ ਭੇਜੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਥਾਣੇ ਸਬੰਧੀ ਮਲਕੀਅਤ ਦਾ ਰਿਕਾਰਡ 1910 ਸਨ ਤੱਕ ਦਾ ਪੁਲਸ ਕੋਲ ਮੌਜੂਦ ਹੈ। ਜਿਸ ਤਹਿਤ ਥਾਣੇ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਵਲੋਂ ਕੀਤੀ ਜਾਣ ਵਾਲੀ ਡਿਉਟੀ ਨੂੰ ਧਿਆਨ 'ਚ ਰੱਖਦੇ ਹੋਏ ਹੁਣ ਹਰ ਜ਼ਰੂਰੀ ਸਹੂਲਤ ਥਾਣੇ 'ਚ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਥਾਣਿਆਂ 'ਚ ਮੌਜੂਦ ਵਾਹਨਾਂ ਦੀ ਇਕ ਕਮੇਟੀ ਦੀ ਅਗਵਾਈ ਰਾਹੀਂ ਬੋਲੀ ਕਰਵਾਈ ਜਾ ਰਹੀ ਹੈ ਅਤੇ ਜ਼ਿਲੇ 'ਚ ਇਕੋ ਥਾਂ 'ਤੇ ਮਾਲ ਮੁੱਕਦਮਿਆਂ 'ਚ ਸ਼ਾਮਲ ਵੱਡੀ ਗਿਣਤੀ ਵਾਲੇ ਸਾਮਾਨ ਨੂੰ ਰੱਖਣ ਲਈ ਇੰਤਜ਼ਾਮ ਕੀਤਾ ਜਾ ਰਿਹਾ ਹੈ।


Baljeet Kaur

Content Editor

Related News