ਖੁਲਾਸਾ: ਪਾਕਿ ਡਰੋਨ ਰਾਹੀਂ 6 ਮਹੀਨੇ ਪਹਿਲਾਂ ਮੰਗਵਾਏ ਗਏ ਸਨ IED ਅਤੇ ਹੈਂਡ ਗ੍ਰਨੇਡ
Thursday, Aug 11, 2022 - 02:48 PM (IST)
ਤਰਨਤਾਰਨ (ਰਮਨ) - ਜ਼ਿਲ੍ਹਾ ਪੁਲਸ ਵਲੋਂ ਆਜ਼ਾਦੀ ਦਿਹਾੜੇ ਮੌਕੇ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਦੇਣ ਦੀ ਸਾਜਿਸ਼ ਨੂੰ ਨਾਕਾਮ ਕਰਦੇ ਹੋਏ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਜਾਣਕਾਰੀ ਅਨੁਸਾਰ ਜ਼ਿਲ੍ਹਾ ਪੁਲਸ ਨੂੰ ਗੁਪਤ ਸੂਚਨਾ ਰਾਹੀਂ ਪਤਾ ਲੱਗਾ ਸੀ ਕਿ ਗੁਰਵਿੰਦਰ ਸਿੰਘ ਉਰਫ ਬਾਬਾ ਉਰਫ ਰਾਜਾ ਪੁੱਤਰ ਗੁਰਮੀਤ ਸਿੰਘ ਵਾਸੀ ਪੀਰਾਂ ਆਬਾਦ ਹਯਾਤਨਗਰ ਗੁਰਦਾਸਪੁਰ ਆਪਣੇ ਸਾਥੀ ਸੰਦੀਪ ਸਿੰਘ ਉਰਫ ਕਾਲਾ ਪੁੱਤਰ ਹਰਪਾਲ ਸਿੰਘ ਵਾਸੀ ਪਿੰਡ ਅਵਾਣ ਦਿਹਾਤੀ ਜ਼ਿਲ੍ਹਾ ਅੰਮ੍ਰਿਤਸਰ ਨਾਲ ਮਿਲ ਕੇ ਪਾਕਿਸਤਾਨ ਤੋਂ ਡ੍ਰੋਨ ਰਾਹੀਂ ਨਸ਼ੀਲੇ ਪਦਾਰਥ, ਹਥਿਆਰ ਅਤੇ ਵਿਸਫੋਟਕ ਸਮੱਗਰੀ ਆਦਿ ਮੰਗਵਾ ਕੇ ਦੇਸ਼ ਦੇ ਵੱਖ-ਵੱਖ ਇਲਾਕਿਆਂ ’ਚ ਸਪਲਾਈ ਕਰਦੇ ਹਨ।
ਇਸ ’ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਵੈਰੋਵਾਲ ਦੀ ਪੁਲਸ ਪਾਰਟੀ ਵਲੋਂ ਨਾਗੋਕੇ ਘਰਾਟ ਵਿਖੇ ਨਾਕੇਬੰਦੀ ਦੌਰਾਨ ਇਕ ਲੈਂਸਰ ਗੱਡੀ ’ਚ ਸਵਾਰ ਦੋਵਾਂ ਮੁਲਜ਼ਮਾਂ ਨੂੰ 635 ਗ੍ਰਾਮ ਹੈਰੋਇਨ, 100 ਗ੍ਰਾਮ ਅਫੀਮ, 2 ਪਿਸਤੌਲ, 13 ਕਾਰਤੂਸ ਸਣੇ ਲੈਂਸਰ ਕਾਰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਵਲੋਂ ਕੀਤੀ ਗਈ ਬਰੀਕੀ ਨਾਲ ਪੁੱਛਗਿੱਛ ਦੌਰਾਨ ਉਕਤ ਦੋਵਾਂ ਮੁਲਜ਼ਮਾਂ ਦੀ ਨਿਸ਼ਾਨਦੇਹੀ ਉੱਪਰ ਬਟਾਲਾ ਦੇ ਪਿੰਡ ਬੱਦੋਵਾਲ ਵਿਖੇ ਇਕ ਟਿਊਬਵੈੱਲ ਹੇਠਾਂ ਲੁਕਾ ਕੇ ਰੱਖੇ ਗਏ 1 ਹੈਂਡ ਗ੍ਰਨੇਡ, 2.5 ਕਿਲੋ ਆਰ. ਡੀ. ਐਕਸ ਵਾਲਾ ਆਈ. ਈ. ਡੀ, 36 ਲੱਖ 90 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕਰਦੇ ਹੋਏ ਇਕ ਹੋਰ ਸਾਥੀ ਗੁਰਪ੍ਰੀਤ ਸਿੰਘ ਉਰਫ ਰੰਧਾਵਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ।
ਮਾਣਯੋਗ ਅਦਾਲਤ ਪਾਸੋਂ ਹਾਸਲ ਕੀਤੀ ਕਿ ਚਾਰ ਦਿਨਾਂ ਰਿਮਾਂਡ ਦੌਰਾਨ ਪੁਲਸ ਵਲੋਂ ਕੀਤੀ ਜਾ ਰਹੀ ਸ਼ੁਰੂਆਤੀ ਪੁੱਛਗਿੱਛ ’ਚ ਇਹ ਗੱਲ ਸਾਹਮਣੇ ਆਈ ਹੈ ਕਿ ਬਰਾਮਦ ਕੀਤੀ ਗਈ ਆਈ.ਈ.ਡੀ. ਅਤੇ ਹੈਂਡ ਗ੍ਰਨੇਡ ਨੂੰ ਕਰੀਬ ਛੇ ਮਹੀਨੇ ਪਹਿਲਾਂ ਪਾਕਿਸਤਾਨੀ ਡਰੋਨ ਰਾਹੀਂ ਮੰਗਵਾ ਕੇ ਛੁਪਾ ਦਿੱਤਾ ਗਿਆ ਸੀ, ਜਿਸ ਨੂੰ ਦੇਸ਼ ਦੇ ਕਿਸ ਇਲਾਕੇ ’ਚ ਵਰਤੋਂ ਵਿਚ ਲਿਆਉਣਾ ਸੀ, ਦੀ ਜਾਂਚ ਜਾਰੀ ਹੈ। ਇਹ ਵੀ ਪਤਾ ਲੱਗਾ ਹੈ ਕਿ ਗੁਰਵਿੰਦਰ ਸਿੰਘ ਉਰਫ਼ ਬਾਬਾ ਵਲੋਂ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਉਪਰੰਤ ਬਰਾਮਦ ਕੀਤੀ ਜਾਣ ਵਾਲੀ ਰਾਸ਼ੀ ਨੂੰ ਹਵਾਲਾ ਰਾਹੀਂ ਪਾਕਿਸਤਾਨੀ ਅੱਤਵਾਦੀ ਸੰਗਠਨਾਂ ਨੂੰ ਭੇਜੀ ਜਾਂਦੀ ਸੀ।
ਪੁਲਸ ਨੇ ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਪਾਸੋਂ ਬਰਾਮਦ ਕੀਤੇ ਗਏ ਮੋਬਾਇਲ ਫੋਨਾਂ ਨੂੰ ਫੋਰੈਂਸਿਕ ਲੈਬ ’ਚ ਜਾਂਚ ਲਈ ਭੇਜ ਦਿੱਤਾ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਗੁਰਵਿੰਦਰ ਸਿੰਘ ਬਾਬਾ ਵਲੋਂ ਹਾਲ ਵਿਚ ਹੀ ਕਰੀਬ 7 ਕਿਲੋ ਹੈਰੋਇਨ ਅਤੇ ਹਥਿਆਰਾਂ ਦੀ ਖੇਪ ਮੰਗਵਾਈ ਜਾ ਚੁੱਕੀ ਹੈ, ਜੋ ਇਸ ਵੇਲੇ ਜੇਲ੍ਹ ’ਚ ਬੰਦ ਸੁਮੀਤਪਾਲ ਸਿੰਘ ਉਰਫ ਸੁੱਖ ਭਿਖਾਰੀਵਾਲ ਅਤੇ ਇੰਦਰਜੀਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਰੈਸ਼ੀਆਣਾ ਜ਼ਿਲ੍ਹਾ ਤਰਨਤਾਰਨ ਅਧੀਨ ਚਾਰ ਸਾਲ ਤੋਂ ਕੰਮ ਕਰ ਰਿਹਾ ਸੀ। ਦਲੀਲ ਗੁਰਵਿੰਦਰ ਸਿੰਘ ਉਰਫ ਬਾਬਾ ਨੇ ਕਾਮਰੇਡ ਬਲਵਿੰਦਰ ਸਿੰਘ ਦੀ ਹੱਤਿਆ ਲਈ ਸ਼ੂਟਰਾਂ ਨੂੰ ਹਥਿਆਰ ਸਪਲਾਈ ਕੀਤੇ ਸਨ, ਜੋ ਐੱਨ.ਆਈ.ਏ ਵਲੋਂ ਭਗੌੜਾ ਕਰਾਰ ਦਿੱਤਾ ਜਾ ਚੁੱਕਾ ਸੀ। ਤਰਨਤਾਰਨ ਪੁਲਸ ਵਲੋਂ ਹੁਣ ਜੇਲ੍ਹ ਵਿਚ ਬੰਦ ਸੁਖਮੀਤ ਪਾਲ ਸਿੰਘ ਉਰਫ ਸੁੱਖ ਭਿਖਾਰੀਵਾਲ ਅਤੇ ਇੰਦਰਜੀਤ ਸਿੰਘ ਨਿਵਾਸੀ ਰੈਸ਼ੀਆਣਾ ਨੂੰ ਜਿੱਥੇ ਪ੍ਰੋਡਕਸ਼ਨ ਵਰੰਟ ਉੱਪਰ ਲਿਆ ਜਾਂਚ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਉੱਥੇ ਐੱਨ.ਆਈ.ਏ ਨੇ ਵੀ ਵੱਖਰੇ ਤੌਰ ਉੱਪਰ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।