ਬੱਸ ਡਰਾਈਵਰ ਤੇ ਕੰਡਕਟਰ ’ਤੇ ਪਿਸਤੌਲ ਤਾਣ ਕੇ ਰਾਡਾਂ ਨਾਲ ਜਾਨਲੇਵਾ ਹਮਲਾ, ਦੋਵੇਂ ਮੁਲਾਜ਼ਮ ਗੰਭੀਰ ਜ਼ਖ਼ਮੀ
Saturday, Oct 31, 2026 - 06:27 PM (IST)
ਪੱਟੀ (ਸੋਢੀ,ਪਾਠਕ)- ਪੱਟੀ ਵਿਚ ਪੰਜਾਬ ਰੋਡਵੇਜ਼ ਪਨਬੱਸ ਦੇ ਡਰਾਈਵਰ ਤੇ ਕੰਡਕਟਰ ’ਤੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੋਸ਼ ਹੈ ਕਿ ਦੋ ਗੱਡੀਆਂ ਵਿੱਚ ਸਵਾਰ ਹੋ ਕੇ ਆਏ ਕਰੀਬ ਅੱਠ ਤੋਂ ਨੌਂ ਵਿਅਕਤੀਆਂ ਨੇ ਬੱਸ ਮੁਲਾਜ਼ਮਾਂ ’ਤੇ ਪਿਸਤੌਲ ਤਾਣ ਕੇ ਰਾਡਾਂ ਤੇ ਹੋਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਡਰਾਈਵਰ ਗੁਰਬਿੰਦਰ ਸਿੰਘ ਅਤੇ ਕੰਡਕਟਰ ਲਖਬੀਰ ਸਿੰਘ ਗੰਭੀਰ ਜ਼ਖ਼ਮੀ ਹੋ ਗਏ, ਜਦਕਿ ਹਮਲਾਵਰਾਂ ਨੇ ਬੱਸ ਦੇ ਸ਼ੀਸ਼ੇ ਵੀ ਤੋੜ ਦਿੱਤੇ। ਦੋਵੇਂ ਜ਼ਖ਼ਮੀਆਂ ਨੂੰ ਇਲਾਜ ਲਈ ਪੱਟੀ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ- ਪਰਵਿੰਦਰ ਝੋਟਾ ਕਤਲ ਮਾਮਲੇ 'ਚ ਡਰੱਗ ਇੰਸਪੈਕਟਰ ਦੀਆਂ ਵਧੀਆਂ ਮੁਸ਼ਕਿਲਾਂ, ਵਿਜੀਲੈਂਸ ਨੇ ਕੱਸਿਆ ਸ਼ਿਕੰਜਾ (ਵੀਡੀਓ)
ਹਸਪਤਾਲ ਵਿੱਚ ਇਲਾਜ ਅਧੀਨ ਡਰਾਈਵਰ ਗੁਰਬਿੰਦਰ ਸਿੰਘ ਤੇ ਕੰਡਕਟਰ ਲਖਬੀਰ ਸਿੰਘ ਨੇ ਦੱਸਿਆ ਕਿ ਉਹ ਬੱਸ ’ਤੇ ਡਿਊਟੀ ਕਰ ਰਹੇ ਸਨ। ਬੱਸ ਹਰੀਕੇ ਤੋਂ ਪੱਟੀ ਵੱਲ ਆ ਰਹੀ ਸੀ। ਉਨ੍ਹਾਂ ਅਨੁਸਾਰ ਬੱਸ ਸਟੈਂਡ ਦੇ ਬਾਹਰ ਇੱਕ ਕਾਰ ਰਸਤੇ ਵਿੱਚ ਖੜ੍ਹੀ ਹੋਣ ਕਾਰਨ ਆਵਾਜਾਈ ਜਾਮ ਹੋ ਗਈ ਸੀ। ਇਸ ਦੌਰਾਨ ਬੱਸ ਚਾਲਕ ਨੇ ਕਾਰ ਮਾਲਕ ਨੂੰ ਕਾਰ ਰਸਤੇ ਵਿੱਚੋਂ ਹਟਾਉਣ ਲਈ ਕਿਹਾ। ਕਾਰ ਮਾਲਕ ਵੱਲੋਂ ਕਾਰ ਇੱਕ ਪਾਸੇ ਕਰਨ ਤੋਂ ਬਾਅਦ ਬੱਸ ਵਿੱਚੋਂ ਸਵਾਰੀਆਂ ਨੂੰ ਉਤਾਰਿਆ ਗਿਆ।
ਇਹ ਵੀ ਪੜ੍ਹੋ- Amritsar Airport 'ਤੇ ਯਾਤਰੀਆਂ ਨੂੰ ਮਿਲੇਗੀ ਵੱਡੀ ਸਹੂਲਤ, ਹੁਣ ਨਹੀਂ ਦਿਖਾਉਣੇ ਪੈਣਗੇ ਦਸਤਾਵੇਜ਼
ਉਨ੍ਹਾਂ ਦੱਸਿਆ ਕਿ ਜਦੋਂ ਉਹ ਵਾਪਸ ਜਾ ਰਹੇ ਸਨ ਤੇ ਬੱਸ ਦਾਣਾ ਮੰਡੀ ਦੇ ਰੇਲਵੇ ਫਾਟਕ ਨੇੜੇ ਪਹੁੰਚੀ ਤਾਂ ਫਾਟਕ ਬੰਦ ਹੋਣ ਕਾਰਨ ਉਨ੍ਹਾਂ ਨੂੰ ਉੱਥੇ ਰੁਕਣਾ ਪਿਆ। ਇਸੇ ਦੌਰਾਨ ਦੋ ਗੱਡੀਆਂ ਵਿੱਚ ਸਵਾਰ ਹੋ ਕੇ ਆਏ ਅੱਠ ਤੋਂ ਨੌਂ ਵਿਅਕਤੀਆਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਪੀੜਤਾਂ ਅਨੁਸਾਰ ਹਮਲਾਵਰਾਂ ਨੇ ਉਨ੍ਹਾਂ ’ਤੇ ਪਿਸਤੌਲ ਤਾਣੀ ਤੇ ਰਾਡਾਂ ਤੇ ਹੋਰ ਹਥਿਆਰਾਂ ਨਾਲ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ। ਇਸ ਤੋਂ ਬਾਅਦ ਹਮਲਾਵਰਾਂ ਨੇ ਬੱਸ ਦੇ ਸ਼ੀਸ਼ੇ ਵੀ ਤੋੜ ਦਿੱਤੇ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਏ.ਐੱਸ.ਆਈ. ਗੁਰਪ੍ਰੀਤ ਸਿੰਘ ਮੌਕੇ ’ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਘਟਨਾ ਤੋਂ ਬਾਅਦ ਪੰਜਾਬ ਰੋਡਵੇਜ਼ ਪਨਬੱਸ ਪੱਟੀ ਡਿਪੂ ਦੇ ਪ੍ਰਧਾਨ ਵਜ਼ੀਰ ਸਿੰਘ ਅਤੇ ਹੋਰ ਮੁਲਾਜ਼ਮਾਂ ਨੇ ਹਮਲੇ ਦੀ ਸਖ਼ਤ ਨਿੰਦਾ ਕਰਦਿਆਂ ਮੁਲਜ਼ਮਾਂ ਵਿਰੁੱਧ ਜਲਦ ਤੋਂ ਜਲਦ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।
ਇਹ ਵੀ ਪੜ੍ਹੋ-ਪੁਲਸ ਵਿਭਾਗ ’ਚ ਵੱਡਾ ਫੇਰਬਦਲ : ਕਈ ਥਾਣਾ ਮੁਖੀਆਂ ਤੇ ਅਧਿਕਾਰੀਆਂ ਦੇ ਤਬਾਦਲੇ
ਉਨ੍ਹਾਂ ਕਿਹਾ ਕਿ ਸਰਕਾਰੀ ਬੱਸ ਮੁਲਾਜ਼ਮਾਂ ’ਤੇ ਇਸ ਤਰ੍ਹਾਂ ਦਾ ਹਮਲਾ ਬੇਹੱਦ ਗੰਭੀਰ ਮਾਮਲਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਗ੍ਰਿਫ਼ਤਾਰ ਕੀਤਾ ਜਾਵੇ ਅਤੇ ਜ਼ਖ਼ਮੀ ਮੁਲਾਜ਼ਮਾਂ ਨੂੰ ਇਨਸਾਫ਼ ਦਿਵਾਇਆ ਜਾਵੇ। ਯੂਨੀਅਨ ਦੇ ਅਹੁਦੇਦਾਰਾਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਜਲਦ ਕਾਰਵਾਈ ਕਰਕੇ ਮੁਲਾਜ਼ਮਾਂ ਨੂੰ ਇਨਸਾਫ਼ ਨਾ ਦਿਵਾਇਆ ਗਿਆ ਤਾਂ ਉਹ ਸੰਘਰਸ਼ ਕਰਨ ਲਈ ਮਜਬੂਰ ਹੋਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170
