ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਾਪਰੀ ਘਟਨਾ ਦੇ ਦੋਸ਼ੀ ਦਾ ਨਾਰਕੋ ਟੈਸਟ ਤੇ ਬਰੇਨ ਮੈਪਿੰਗ ਹੋਵੇ : ਬੀਬੀ ਜਗੀਰ ਕੌਰ
Sunday, Sep 19, 2021 - 02:02 PM (IST)

ਅੰਮ੍ਰਿਤਸਰ (ਦੀਪਕ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਬੀਤੇ ਦਿਨੀਂ ਵਾਪਰੀ ਦੁਖਦਾਈ ਘਟਨਾ ਦੇ ਸਾਜ਼ਿਸ਼ ਕਰਤਾਵਾਂ ਤੱਕ ਪਹੁੰਚਣ ਲਈ ਪੁਲਸ ਪ੍ਰਸ਼ਾਸਨ ਵੱਲੋਂ ਵਰਤੀ ਜਾ ਰਹੀ ਲਾਪ੍ਰਵਾਹੀ ਨੂੰ ਸਵਾਲਾਂ ਦੇ ਘੇਰੇ ਵਿੱਚ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਸਰਕਾਰ ਦੀ ਮਨਸ਼ਾ ਸਾਫ਼ ਨਹੀਂ ਲਗਦੀ, ਤਾਂ ਹੀ ਫੜੇ ਗਏ ਦੋਸ਼ੀ ਵਿਅਕਤੀ ਦੇ ਸੌਦਾ ਸਾਧ ਨਾਲ ਸਬੰਧ ਉਜਾਗਰ ਹੋਣ ਦੇ ਬਾਵਜੂਦ ਵੀ ਸਾਜ਼ਿਸ਼ ਕਰਤਾਵਾਂ ਨੂੰ ਸਾਹਮਣੇ ਨਹੀਂ ਲਿਆਂਦਾ ਜਾ ਰਿਹਾ। ਬੀਬੀ ਜਗੀਰ ਕੌਰ ਨੇ ਮੰਗ ਕੀਤੀ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਵਾਪਰੀ ਘਟਨਾ ਦੀ ਜੜ੍ਹ ਤੱਕ ਜਾਣ ਲਈ ਫੜੇ ਗਏ ਦੋਸ਼ੀ ਪਰਮਜੀਤ ਸਿੰਘ ਦਾ ਨਾਰਕੋ ਟੈਸਟ ਅਤੇ ਬਰੇਨ ਮੈਪਿੰਗ ਕਰਵਾਈ ਜਾਵੇ।
ਪੜ੍ਹੋ ਇਹ ਵੀ ਖ਼ਬਰ - ਸਾਲੀ ਨਾਲ ਇਸ਼ਕ ਪ੍ਰਵਾਨ ਚੜ੍ਹਾਉਣ ਲਈ ਕੀਤਾ ਸਾਂਢੂ ਦਾ ਕਤਲ, 4 ਮਹੀਨੇ ਪਹਿਲਾਂ ਖੇਤਾਂ ’ਚ ਦੱਬੀ ਲਾਸ਼ ਹੋਈ ਬਰਾਮਦ
ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਭਾਵੇਂ ਸਾਡੀ ਮੰਗ ’ਤੇ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਵਿਰੁੱਧ ਲੱਗੀਆਂ ਧਰਾਵਾਂ ਵਿੱਚ ਵਾਧਾ ਕਰਦਿਆਂ ਯੂ. ਏ. ਪੀ. ਏ. ਧਾਰਾ ਲਗਾ ਦਿੱਤੀ ਗਈ ਹੈ, ਅਜੇ ਘਟਨਾ ਦੇ ਅਸਲ ਸਾਜ਼ਿਸ਼ਕਰਤਾਵਾਂ ਦਾ ਪਤਾ ਨਹੀਂ ਲਗਾਇਆ ਜਾ ਰਿਹਾ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਪੰਜਾਬ ਦੇ ਮੁੱਖ ਮੰਤਰੀ ਅਤੇ ਡੀ. ਜੀ. ਪੀ. ਨੂੰ ਪੱਤਰ ਵੀ ਲਿਖਿਆ ਗਿਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸ ਮਾਮਲੇ ਵਿੱਚ ਹੁਣ ਤੱਕ ਦੀ ਪੁਲਸ ਕਾਰਵਾਈ ’ਤੇ ਅਸੰਤੁਸ਼ਟੀ ਪ੍ਰਗਟ ਕਰਦਿਆਂ ਕਿਹਾ ਕਿ ਕਈ ਦਿਨ ਬੀਤਣ ਬਾਅਦ ਘਟਨਾ ਪਿੱਛੇ ਦੀ ਸਾਜ਼ਿਸ਼ ਬਾਰੇ ਕੋਈ ਠੋਸ ਜਾਣਕਾਰੀ ਨਸ਼ਰ ਨਹੀਂ ਕੀਤੀ ਗਈ। ਜਦਕਿ ਚਾਹੀਦਾ ਤਾਂ ਇਹ ਸੀ ਕਿ ਹੁਣ ਤੱਕ ਸਾਰੇ ਦੋਸ਼ੀ ਸ਼ਲਾਖਾਂ ਪਿੱਛੇ ਹੁੰਦੇ। ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਬੇਅਦਬੀ ਦੀਆਂ ਘਟਨਾਵਾਂ ਨਿਰੰਤਰ ਵਾਪਰ ਰਹੀਆਂ ਹਨ ਅਤੇ ਸਰਕਾਰੀ ਤੰਤਰ ਸੁੱਤਾ ਹੋਇਆ ਹੈ।
ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ