ਪਿਸਤੌਲ ਦੀ ਨੋਕ ’ਤੇ ਸਵਿਫਟ ਕਾਰ ਖੋਹੀ

06/18/2019 1:45:16 AM

ਹਰੀਕੇ ਪੱਤਣ, (ਸਰਾਂ)- ਲੁਟੇਰਿਆਂ ਦੇ ਹੌਸਲੇ ਇੰਨੇ ਵੱਧ ਚੁੱਕੇ ਹਨ ਕਿ ਲੋਕਾਂ ਦਾ ਜਿਊਣਾ ਮੁਸ਼ਕਲ ਹੋਇਆ ਪਿਆ ਹੈ। ਇਸ ਦਾ ਸਬੂਤ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਪਿੰਡ ਜਾਮਾਰਾਹ ਵਿਖੇ ਸਵਿਫਟ ਕਾਰ ਪਿਸਤੌਲ ਦੀ ਨੋਕ ’ਤੇ ਖੋਹ ਲਈ।ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਭੱਠਲ ਭਾਈਕੇ ਨੇ ਦੱਸਿਆ ਕਿ ਉਹ ਆਪਣੀ ਸਵਿਫਟ ਕਾਰ ਨੰਬਰ ਪੀ. ਬੀ. 02 ਏ. ਜ਼ੈੱਡ-0126 ’ਤੇ ਆ ਰਿਹਾ ਸੀ ਕਿ ਪਿੱਛਿਓਂ ਆ ਰਹੀ ਸਵਿਫਟ ਕਾਰ ਨੇ ਮੈਨੂੰ ਲਾਈਟਾਂ ਦਿੱਤੀਆਂ, ਜਦ ਉਹ ਕਾਰ ਮੇਰੇ ਅੱਗੇ ਆਈ ਤਾਂ ਰੁਕ ਗਈ, ਜਿਸ ਵਿਚੋਂ ਲਗਭਗ 4-5 ਨੌਜਵਾਨ ਨਿਕਲੇ ਅਤੇ ਮੈਨੂੰ ਕਾਰ ਤੋਂ ਉਤਾਰ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਇਕ ਨੌਜਵਾਨ ਜਿਸ ਕੋਲ ਪਿਸਤੌਲ ਸੀ, ਨੇ ਮੇਰੇ ਕੰਨ ’ਤੇ ਪਿਸਤੌਲ ਰੱਖ ਕੇ ਕਿਹਾ ਕਿ ਕਾਰ ਤੋਂ ਪਿੱਛੇ ਹਟ ਜਾ। ਮੈਂ ਪਿੱਛੇ ਹੋਇਆ ਤਾਂ ਉਹ ਮੇਰੀ ਗੱਡੀ ਲੈ ਕੇ ਫਰਾਰ ਹੋ ਗਏ। ਪਿੱਛੋਂ ਇਕ ਹੋਰ ਗੱਡੀ ਨੂੰ ਮੈਂ ਰੋਕ ਕੇ ਉਨ੍ਹਾਂ ਨੂੰ ਸਭ ਕੁਝ ਦੱਸਿਆ ਤਾਂ ਉਨ੍ਹਾਂ ਨੇ ਮੈਨੂੰ ਡੇਰਾ ਸਾਹਿਬ ਚੌਕੀ ਵਿਖੇ ਪਹੁੰਚਾਇਆ, ਜਿਥੇ ਮੈਂ ਡਿਊਟੀ ’ਤੇ ਪੁਲਸ ਕਰਮਚਾਰੀ ਨੂੰ ਸਾਰੀ ਕਹਾਣੀ ਦੱਸੀ। ਪੁਲਸ ਨੇ ਕੰਟਰੋਲ ਰੂਮ ਰਾਹੀਂ ਸਭ ਥਾਣਿਆਂ ਨੂੰ ਸੂਚਿਤ ਕਰ ਦਿੱਤਾ ਤੇ ਖੋਹੀ ਹੋਈ ਕਾਰ ਦਾ ਪਿੱਛਾ ਕੀਤਾ। ਸ਼ਾਮ 5.15 ’ਤੇ ਖੋਹੀ ਹੋਈ ਕਾਰ ਹਰੀਕੇ ਬਾਈਪਾਸ ਪੁਲ ਤੋਂ ਹੇਠਾਂ 8.15 ਵਜੇ ਬਰਾਮਦ ਹੋ ਗਈ। ਇਸ ਮੌਕੇ ਡੀ. ਐੱਸ. ਪੀ. ਗੋਇੰਦਵਾਲ ਸਾਹਿਬ ਰਵਿੰਦਰ ਸਿੰਘ, ਐੱਸ. ਐੱਚ. ਓ. ਚੋਹਲਾ ਸਾਹਿਬ ਸੁਮਨਦੀਪ ਕੌਰ ਤੇ ਥਾਣਾ ਹਰੀਕੇ ਦੇ ਏ. ਐੱਸ. ਆਈ. ਪਲਵਿੰਦਰ ਸਿੰਘ, ਏ. ਐੱਸ. ਆਈ. ਗੁਰਨਾਮ ਸਿੰਘ, ਹਰਦਿਆਲ ਸਿੰਘ ਤੋਂ ਇਲਾਵਾ ਪੁਲਸ ਪਾਰਟੀ ਵੀ ਮੌਜੂਦ ਸੀ।


Bharat Thapa

Content Editor

Related News