ਦਰਜਨਾਂ ਕਿਸਾਨਾਂ ਵਲੋਂ ਸੂਬਾ ਸਰਕਾਰ ਤੇ ਸਿਵਲ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ
Sunday, Oct 14, 2018 - 02:01 AM (IST)

ਰਮਦਾਸ, (ਡੇਜ਼ੀ)- ਬੀਤੇ ਕੱਲ ਸਰਹੱਦੀ ਖੇਤਰ ਦੇ ਦਰਜਨਾਂ ਪਿੰਡਾਂ ’ਚ ਸੈਂਕਡ਼ੇ ਕਿਸਾਨਾਂ ਦੀ ਹਜ਼ਾਰਾਂ ਏਕਡ਼ ਫਸਲ ਗਡ਼ੇਮਾਰੀ ਕਾਰਨ ਬਰਬਾਦ ਹੋਣ ਦੇ 36 ਘੰਟਿਅਾਂ ਮਗਰੋਂ ਵੀ ਕਿਸੇ ਉੱਚ ਪ੍ਰਸ਼ਾਸਨਿਕ ਅਧਿਕਾਰੀ ਵੱਲੋਂ ਕਿਸਾਨਾਂ ਦੇ ਦੁੱਖ ’ਚ ਸ਼ਰੀਕ ਨਾ ਹੋਣ ਕਾਰਨ ਪ੍ਰਭਾਵਿਤ ਕਿਸਾਨਾਂ ’ਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਕਿਸਾਨ ਆਗੂਅਾਂ ਵੱਲੋਂ ਅੱਜ ਰੂਡ਼ੇਵਾਲ, ਕਤਲੇ, ਧੰਗਾਈ, ਭਗਵਾਨਪੁਰਾ ਆਦਿ ਪਿੰਡਾਂ ’ਚ ਦਰਜਨਾਂ ਕਿਸਾਨਾਂ ਨੇ ਸੂਬਾ ਸਰਕਾਰ ਤੇ ਸਿਵਲ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕਰਦਿਅਾਂ ਕਿਹਾ ਕਿ ਕਿਸਾਨਾਂ ਨਾਲ ਇੰਨੀ ਵੱਡੀ ਤ੍ਰਾਸਦੀ ਪਿੱਛੋਂ ਵੀ ਕੋਈ ਉੱਚ ਅਧਿਕਾਰੀ ਉਨ੍ਹਾਂ ਦੀ ਸਾਰ ਲੈਣ ਲਈ ਨਹੀਂ ਆਇਆ। ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਜਿਥੇ ਇਹ ਝੋਨੇ ਦੀ ਪੱਕੀ ਹੋਈ ਫਸਲ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ, ਉਥੇ ਦੂਜੀ ਫਸਲ ਬੀਜਣ ਦਾ ਫਿਕਰ ਵੀ ਸਤਾ ਰਿਹਾ ਹੈ, ਜਿਸ ਕਰ ਕੇ ਬੀਤੀ ਰਾਤ ਕਈ ਕਿਸਾਨਾਂ ਦੇ ਘਰਾਂ ’ਚ ਚੁੱਲ੍ਹੇ ਤੱਕ ਨਹੀਂ ਬਲ਼ੇ ਪਰ ਪ੍ਰਸ਼ਾਸਨਿਕ ਅਧਿਕਾਰੀ ਸ਼ਾਇਦ ਕੁੰਭਕਰਨੀ ਨੀਂਦ ਸੁੱਤੇ ਪਏ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀ ਸਾਰ ਨਾ ਲਈ ਤਾਂ ਭਾਰਤੀ ਕਿਸਾਨ ਯੂਨੀਅਨ ਪ੍ਰਭਾਵਿਤ ਕਿਸਾਨਾਂ ਨੂੰ ਨਾਲ ਲੈ ਕੇ ਤਿੱਖੇ ਸੰਘਰਸ਼ ਲਈ ਮਜਬੂਰ ਹੋਵੇਗੀ।
ਇਸ ਮੌਕੇ ਕਸ਼ਮੀਰ ਸਿੰਂਘ, ਜਸਬੀਰ ਸਿੰਘ, ਦਰਸ਼ਨ ਸਿੰਘ, ਚਰਨਜੀਤ ਸਿੰਘ, ਹਰਜੀਤ ਸਿੰਘ, ਬਲਬੀਰ ਸਿੰਘ, ਗੁਰਪਾਲ ਸਿੰਘ, ਸਤਿੰਦਰ ਸਿੰਘ, ਨਿਰਮਲ ਸਿੰਘ, ਬਲਜਿੰਦਰ ਸਿੰਘ, ਗੁਰਚਰਨ ਸਿੰਘ, ਮੁਖਤਾਰ ਸਿੰਘ, ਪੂਰਨ ਸਿੰਘ, ਸੁਖਵੰਤ ਸਿੰਘ, ਬਚਿੱਤਰ ਸਿੰਘ, ਨਿਸ਼ਾਨ ਸਿੰਘ, ਸਤਪਾਲ ਸਿੰਘ, ਸੁਖਬੀਰ ਸਿੰਘ, ਸੁਖਦੀਪ ਸਿੰਘ, ਰਵਿੰਦਰ ਸਿੰਘ, ਮਨਬੀਰ ਸਿੰਘ, ਹਰਪਾਲ ਸਿੰਘ, ਪ੍ਰੀਤਮ ਸਿੰਘ ਤੇ ਗੁਰਮੁੱਖ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ। ਇਸ ਸਬੰਧੀ ਜਦੋਂ ਨਾਇਬ ਤਹਿਸੀਲਦਾਰ ਰਮਦਾਸ ਕਰਨਪਾਲ ਸਿੰਘ ਰਿਆਡ਼ ਕੋਲੋਂ ਜਾਣਨਾ ਚਾਹਿਆ ਤਾਂ ਉਨ੍ਹਾਂ ਕਿਹਾ ਕਿ ਮੈਂ ਖੁਦ ਮਾਲ ਵਿਭਾਗ ਦੇ ਅਧਿਕਾਰੀਅਾਂ ਨੂੰ ਨਾਲ ਲੈ ਕੇ ਪੂਰੇ ਖੇਤਰ ਦਾ ਦੌਰਾ ਕੀਤਾ ਹੈ ਅਤੇ ਸਪੈਸ਼ਲ ਗਿਰਦਾਵਰੀ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਪਿੰਡਾਂ ਦੀ ਗਿਰਦਾਵਰੀ ਹੋ ਚੁੱਕੀ ਹੈ ਤੇ ਜਲਦ ਹੀ ਰਿਪੋਰਟ ਤਿਆਰ ਕਰ ਕੇ ਭੇਜ ਦਿੱਤੀ ਜਾਵੇਗੀ।