ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ
Wednesday, Jul 13, 2022 - 10:34 AM (IST)
 
            
            ਅੰਮ੍ਰਿਤਸਰ (ਸਰਬਜੀਤ, ਸਾਗਰ) - ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੱਜ ਪੰਜਾਬ ਦੇ ਸਿਹਤ ਮੰਤਰੀ ਡਾ.ਚੇਤਨ ਸਿੰਘ ਜੌੜਾਮਾਜਰਾ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਨੇ ਜਿਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕੀਤੇ, ਉਥੇ ਹੀ ਇਲਾਹੀ ਬਾਣੀ ਦਾ ਕੀਰਤਨ ਸਰਵਣ ਕਰਕੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ। ਇਸ ਮੌਕੇ ਉਨ੍ਹਾਂ ਦੇ ਨਾਲ ਅੰਮ੍ਰਿਤਸਰ ਨਗਰ ਨਿਗਮ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਵੀ ਸਨ।

ਇਸ ਤੋਂ ਬਾਅਦ ਐੱਸ.ਜੀ.ਪੀ.ਸੀ. ਅਧਿਕਾਰੀਆਂ ਵੱਲੋਂ ਚੇਤਨ ਸਿੰਘ ਜੌੜਾਮਾਜਰਾ ਨੂੰ ਸਨਮਾਨਿਤ ਵੀ ਕੀਤਾ ਗਿਆ। ਦਰਸ਼ਨਾਂ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਵਾਹਿਗੁਰੂ ਦੀ ਕਿਰਪਾ ਨਾਲ ਜੋ ਅਹੁਦਾ ਹਾਸਲ ਹੋਇਆ ਹੈ, ਉਸਦੀ ਦੁਰਵਰਤੋਂ ਨਾ ਕਰਦੇ ਹੋਏ ਉਹ ਪੂਰੀ ਈਮਾਨਦਾਰੀ ਨਾਲ ਪਾਰਟੀ ਪ੍ਰਤੀ ਆਪਣੀਆਂ ਸੇਵਾ ਨਿਭਾਉਣ ਦਾ ਕੰਮ ਕਰਨਗੇ।

ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਕਿਸੇ ਵੀ ਤਰੀਕੇ ਨਾਲ ਦਿੱਲੀ ਤੋਂ ਨਹੀਂ ਚੱਲ ਰਹੀ। ਪੰਜਾਬ ਸਰਕਾਰ ਭਗਵੰਤ ਮਾਨ ਦੇ ਕਹਿਣ ’ਤੇ ਚੱਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਦੇ 75ਵੇਂ ਮਹਾਉਤਸਵ ਮੌਕੇ 15 ਅਗਸਤ ਨੂੰ 75 ਨਵੇਂ ਮੁਹੱਲਾ ਕਲੀਨਿਕ ਪੰਜਾਬ ਵਿੱਚ ਖੋਲ੍ਹੇ ਜਾਣਗੇ। ਆਮ ਆਦਮੀ ਪਾਰਟੀ ਵੱਲੋਂ ਜੋ ਵਾਅਦੇ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਹਨ, ਉਹ ਪੂਰੇ ਕੀਤੇ ਜਾਣਗੇ।


 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            