ਸ੍ਰੀ ਗੁਰੂ ਨਾਨਕ ਬਾਣੀ ’ਤੇ ਖੋਜ ਕਾਰਜ ਮੁਕੰਮਲ ਕਰਨ ਦੀ ਐਡ. ਧਾਮੀ ਨੇ ਪ੍ਰੋ. ਕਲਿਆਣ ਸਿੰਘ ਨੂੰ ਦਿੱਤੀ ਵਧਾਈ

Wednesday, Feb 23, 2022 - 11:48 AM (IST)

ਸ੍ਰੀ ਗੁਰੂ ਨਾਨਕ ਬਾਣੀ ’ਤੇ ਖੋਜ ਕਾਰਜ ਮੁਕੰਮਲ ਕਰਨ ਦੀ ਐਡ. ਧਾਮੀ ਨੇ ਪ੍ਰੋ. ਕਲਿਆਣ ਸਿੰਘ ਨੂੰ ਦਿੱਤੀ ਵਧਾਈ

ਅੰਮ੍ਰਿਤਸਰ (ਦੀਪਕ ਸ਼ਰਮਾ)- ਪਾਕਿ ’ਚ ਵੱਸਦੇ ਸਿੱਖ ਨੌਜਵਾਨ ਪ੍ਰੋ. ਕਲਿਆਣ ਸਿੰਘ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ’ਤੇ ਪੀ. ਐੱਚ. ਡੀ. ਕਰਨ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡ. ਹਰਜਿੰਦਰ ਸਿੰਘ ਧਾਮੀ ਨੇ ਵਧਾਈ ਦਿੱਤੀ ਹੈ। ਉਨ੍ਹਾਂ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਪਾਕਿ ’ਚ ਘੱਟ ਗਿਣਤੀ ਸਿੱਖ ਗੁਰੂ ਸਾਹਿਬਾਨ ਦੇ ਫਲਸਫੇ ਨੂੰ ਪ੍ਰਚਾਰ ਰਹੇ ਹਨ। ਪ੍ਰੋ. ਕਲਿਆਣ ਸਿੰਘ ਵੱਲੋਂ ਆਪਣੀ ਖੋਜ ਦਾ ਦਾਇਰਾ ਪਹਿਲੇ ਪਾਤਿਸ਼ਾਹ ਜੀ ਦੀ ਬਾਣੀ ’ਤੇ ਅਾਧਾਰਿਤ ਰੱਖਣਾ ਇਸੇ ਦਿਸ਼ਾ ’ਚ ਹੀ ਇਕ ਕਦਮ ਹੈ। 

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਪਾਕਿ ’ਚ ਸਥਿਤ ਸ੍ਰੀ ਨਨਕਾਣਾ ਸਾਹਿਬ ਦੀ ਧਰਤੀ ਤੋਂ ਪਹਿਲੇ ਪਾਤਿਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਤੇ ਉਨ੍ਹਾਂ ਵੱਲੋਂ ਗੁਰਬਾਣੀ ਰਾਹੀਂ ਪੂਰੀ ਮਨੁੱਖਤਾ ਨੂੰ ਦਿੱਤਾ ਗਿਆ ਸੱਚ ਦਾ ਸੰਦੇਸ਼ ਦੁਨੀਆ ਦੇ ਧਾਰਮਿਕ ਇਤਿਹਾਸ ਅੰਦਰ ਵੱਡੇ ਮਹੱਤਵ ਵਾਲਾ ਹੈ। ਇਸ ਦਾ ਪ੍ਰਚਾਰ ਪ੍ਰਸਾਰ ਅੱਜ ਦੀ ਵੱਡੀ ਲੋਡ਼ ਹੈ। ਪ੍ਰੋ. ਕਲਿਆਣ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਬਾਣੀ ’ਚ ਦਿੱਤੇ ਸੰਦੇਸ਼ ਨੂੰ ਖੋਜ ਦਾ ਹਿੱਸਾ ਬਣਾ ਕੇ ਅਕਾਦਮਿਕ ਪੱਧਰ ’ਤੇ ਚੰਗਾ ਕਾਰਜ ਕੀਤਾ ਹੈ, ਜਿਸ ਦੀ ਪ੍ਰਸ਼ੰਸਾ ਕਰਨੀ ਬਣਦੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੇ ਇਸ ਸਿੱਖ ਨੌਜਵਾਨ ਦੇ ਉੱਦਮ ਤੋਂ ਨਿਰਸੰਦੇਹ ਹੋਰ ਨੌਜਵਾਨ ਵੀ ਪ੍ਰੇਰਣਾ ਪ੍ਰਾਪਤ ਕਰਨਗੇ।
 


author

rajwinder kaur

Content Editor

Related News