ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਪਾਲ ਤੇ ਉਸ ਦੇ ਸਾਥੀਆਂ ਨੇ ਸ਼ਰੇਆਮ ਕੀਤੀ ਬੇਅਦਬੀ: ਰਾਣਾ ਸੋਢੀ, ਮਨੋਰੰਜਨ ਕਾਲੀਆ

Monday, Mar 13, 2023 - 12:24 PM (IST)

ਅੰਮ੍ਰਿਤਸਰ (ਕਮਲ)- ਪੰਜਾਬ ’ਚ ਪਿਛਲੇ 11 ਮਹੀਨਿਆਂ ਵਿਚ ਯੂ. ਪੀ.-ਬਿਹਾਰ ਤੋਂ ਵੀ ਬਦਤਰ ਹਾਲਾਤ ਹੋ ਗਏ ਹਨ। ਹਰ ਪਾਸੇ ਡਰ ਦਾ ਮਾਹੌਲ ਹੈ। ਗੈਂਗਸਟਰ, ਅਪਰਾਧੀ, ਖਾਲਿਸਤਾਨੀ ਆਗੂ ਅਤੇ ਉਨ੍ਹਾਂ ਦੇ ਸਮਰਥਕ ਪੰਜਾਬ ਵਿਚ ਕਿਤੇ ਨਾ ਕਿਤੇ ਆਪਣੀ ਹੋਂਦ ਦਾ ਸਬੂਤ ਦੇ ਕੇ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਨੂੰ ਚੁਣੌਤੀ ਦੇ ਰਹੇ ਹਨ। ਪੰਜਾਬ ਸਰਕਾਰ ਅੰਨ੍ਹੀ-ਬੋਲੀ ਬਣ ਕੇ ਤਮਾਸ਼ਾ ਦੇਖ ਰਹੀ ਹੈ ਅਤੇ ਪੰਜਾਬ ਦੀ ਆਮ ਜਨਤਾ ਇਸਦਾ ਖਮਿਆਜਾ ਭੁਗਤ ਰਹੀ ਹੈ।

ਇਹ ਵੀ ਪੜ੍ਹੋ- ਮਾਮੂਲੀ ਬਹਿਸਬਾਜ਼ੀ ਨੇ ਧਾਰਿਆ ਖ਼ੂਨੀ ਰੂਪ, ਨੌਜਵਾਨ ਦੇ ਸਿਰ ’ਚ ਗੋਲ਼ੀਆਂ ਮਾਰ ਕੇ ਕੀਤਾ ਕਤਲ

ਇਹ ਵਿਚਾਰ ਖੰਨਾ ਸਮਾਰਕ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਭਾਜਪਾ ਦੇ ਕੌਮੀ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਭਾਜਪਾ ਪੰਜਾਬ ਦੇ ਸੀਨੀਅਰ ਆਗੂ ਤੇ ਕੌਮੀ ਕਾਰਜਕਾਰਨੀ ਮੈਂਬਰ ਮਨੋਰੰਜਨ ਕਾਲੀਆ ਨੇ ਸਾਂਝੇ ਤੌਰ ’ਤੇ ਕਹੇ । ਸੋਢੀ ਨੇ ਕਿਹਾ ਕਿ ਪੰਜਾਬ ਦੇ ਮੌਜੂਦਾ ਹਾਲਾਤ ਬਹੁਤ ਚਿੰਤਾਜਨਕ ਬਣ ਚੁੱਕੇ ਹਨ। ਗੈਂਗਸਟਰ ਅਤੇ ਵੱਖਵਾਦੀ ਤਾਕਤਾਂ ਵੱਡੇ ਪੱਧਰ ’ਤੇ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਲੋਕਾਂ ਵਿਚ ਡਰ ਦਾ ਮਾਹੌਲ ਬਣ ਗਿਆ ਹੈ। ਅੰਮ੍ਰਿਤਪਾਲ ਸਿੰਘ ਅਤੇ ਉਸਦੇ ਸਾਥੀਆਂ ਨੇ ਹਥਿਆਰਾਂ ਦੇ ਜ਼ੋਰ ’ਤੇ ਥਾਣੇ ’ਤੇ ਕਬਜ਼ਾ ਕੀਤਾ, ਪੰਜਾਬ ਪੁਲਸ ’ਤੇ ਹਮਲਾ ਕਰ ਕੇ ਪੰਜਾਬ ’ਚ ਡਰ ਦਾ ਮਾਹੌਲ ਪੈਦਾ ਕੀਤਾ। ਪੰਜਾਬ ਸਰਕਾਰ ਨੂੰ ਇਨ੍ਹਾਂ ਸਾਰਿਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਡੀ. ਜੀ. ਪੀ. ਨੇ ਖੁਦ ਦੱਸਿਆ ਕਿ ਅੰਮ੍ਰਿਤਪਾਲ ਤੇ ਸਾਥੀਆਂ ਨੇ ਹਥਿਆਰਾਂ ਦੇ ਜ਼ੋਰ ’ਤੇ ਥਾਣੇ ’ਤੇ ਕਬਜ਼ਾ ਕੀਤਾ ਸੀ ਅਤੇ ਪੁਲਸ ਦੀ ਕੁੱਟਮਾਰ ਵੀ ਕੀਤੀ ਸੀ, ਪਰ 17 ਦਿਨ ਬੀਤ ਜਾਣ ਦੇ ਬਾਵਜੂਦ ਮੁਲਜ਼ਮਾਂ ਖ਼ਿਲਾਫ਼ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਜਿਸ ਤਰ੍ਹਾਂ ਵੱਖਵਾਦੀ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਇਕੱਠੇ ਹੋਣ ਦਿੱਤਾ ਅਤੇ ਕਾਨੂੰਨ ਦੀਆਂ ਧੱਜੀਆਂ ਉਡਾਉਣ ਦਿੱਤੀਆਂ, ਉਸ ਨਾਲ ਭਗਵੰਤ ਮਾਨ ਸਰਕਾਰ ਦੀ ਭੂਮਿਕਾ ਸ਼ੱਕ ਦੇ ਘੇਰੇ ਵਿਚ ਆਉਂਦੀ ਹੈ।

ਇਹ ਵੀ ਪੜ੍ਹੋ- ਵਿਆਹ ਸਮਾਗਮ ਦੌਰਾਨ ਚੱਲੀਆਂ ਗੋਲੀਆਂ, ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ

ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਅਤੇ ਸਾਥੀਆਂ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਥਾਣੇ ਲਿਜਾ ਕੇ ਸ਼ਰੇਆਮ ਬੇਅਦਬੀ ਕੀਤੀ ਹੈ ਅਤੇ ਮਰਿਆਦਾ ਨੂੰ ਤਾਰ-ਤਾਰ ਕੀਤਾ ਹੈ। ਆਪਣੇ ਆਪ ਨੂੰ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਅਖਵਾਉਣ ਵਾਲੀ ਅਤੇ ਗੁਰੂ ਸਾਹਿਬ ਦੀ ਮਰਿਆਦਾ ਦੀ ਸਭ ਤੋਂ ਵੱਡੀ ਰਾਖੀ ਕਰਨ ਦਾ ਦਮ ਭਰਨ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਸਾਥੀਆਂ ਵਿਰੁੱਧ ਅਜੇ ਤੱਕ ਕੋਈ ਕਾਰਵਾਈ ਕਿਉਂ ਨਹੀਂ ਕੀਤੀ, ਕੀ ਸ਼੍ਰੋਮਣੀ ਕਮੇਟੀ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨਜ਼ਰ ਨਹੀਂ ਆਉਂਦੀ। 

ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਜੁਗਾੜੂ ਰੇਹੜੇ ਅਤੇ ਮੋਟਰਸਾਈਕਲ ਦੀ ਟੱਕਰ ’ਚ ਨੌਜਵਾਨ ਦੀ ਮੌਤ

ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜੋ ਸਿੱਖ ਜਗਤ ਦੇ ਨਾਲ-ਨਾਲ ਹਰ ਪੰਜਾਬੀ ਲਈ ਸਰਵਉੱਚ ਅਤੇ ਪੂਜਣਯੋਗ ਹੈ ਅਤੇ ਉਥੋਂ ਜਾਰੀ ਹੁਕਮਨਾਮੇ ਨੂੰ ਗੁਰੂ ਸਾਹਿਬਾਨ ਦਾ ਹੁਕਮ ਮੰਨਿਆ ਜਾਂਦਾ ਹੈ, ਕੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੋਈ ਬੇਅਦਬੀ ਨਜ਼ਰ ਨਹੀਂ ਆਈ। ਕਾਲੀਆ ਨੇ ਕਿਹਾ ਕਿ ‘ਆਪ’ ਦੇ ਇਕ ਸਾਲ ਦੇ ਸ਼ਾਸਨ ਵਿਚ ਪੈਟਰੋਲ ਪੰਪ ਲੁੱਟ, ਬੈਂਕ ਲੁੱਟ, ਦਿਨ-ਦਿਹਾੜੇ ਕਤਲ ਅਤੇ ਫਿਰੌਤੀ ਮੰਗਣ ਦੀਆਂ ਘਟਨਾਵਾਂ ਆਮ ਹੋ ਗਈਆਂ ਹਨ। ਇਨ੍ਹਾਂ ਘਟਨਾਵਾਂ ਨੇ ਪੰਜਾਬ ਦੇ ਲੋਕਾਂ ਦੇ ਮਨਾਂ ਵਿਚ ਡਰ ਪੈਦਾ ਕਰ ਦਿੱਤਾ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


 


Shivani Bassan

Content Editor

Related News