ਸਮੱਗਲਰਾਂ ਨੇ ਫਿਰ ਤੋਂ ਉਡਾਉਣੇ ਸ਼ੁਰੂ ਕੀਤੇ ਵੱਡੇ ਡਰੋਨ, BSF ਸਮੇਤ ਸਾਰੀਆਂ ਸੁਰੱਖਿਆ ਏਜੰਸੀਆਂ ਅਲਰਟ ’ਤੇ

11/23/2023 12:47:51 PM

ਅੰਮ੍ਰਿਤਸਰ (ਨੀਰਜ)- ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਅਟਾਰੀ ਦੇ ਖੇਤਾਂ ਵਿਚੋਂ 6 ਕਿਲੋ ਹੈਰੋਇਨ ਦੀ ਖੇਪ ਫੜੇ ਜਾਣ ਤੋਂ ਬਾਅਦ ਇਹ ਸਾਬਤ ਹੋ ਗਿਆ ਹੈ ਕਿ ਇਕ ਵਾਰ ਫਿਰ ਦੋਵਾਂ ਪਾਸਿਆਂ ਤੋਂ ਸਮੱਗਲਰਾਂ ਨੇ ਵੱਡੇ ਡਰੋਨ ਉਡਾਉਣੇ ਸ਼ੁਰੂ ਕਰ ਦਿੱਤੇ ਹਨ। ਜਾਣਕਾਰੀ ਅਨੁਸਾਰ 5 ਤੋਂ 7 ਫੁੱਟ ਜਾਂ 8 ਫੁੱਟ ਚੌੜੇ ਵੱਡੇ ਡਰੋਨ 5 ਕਿਲੋ ਤੋਂ 26 ਅਤੇ 28 ਕਿਲੋ ਤੱਕ ਭਾਰ ਚੁੱਕਣ ਦੇ ਸਮਰੱਥ ਹੁੰਦੇ ਹਨ ਅਤੇ ਇਨ੍ਹਾਂ ਡਰੋਨਾਂ ਨੂੰ ਆਮ ਤੌਰ ’ਤੇ ਧੁੰਦ ਦੇ ਮੌਸਮ ਵਿਚ ਸਮੱਗਲਰ ਉਡਾਉਂਦੇ ਹਨ।

ਬੀ. ਐੱਸ. ਐੱਫ. ਦੇ ਅੰਕੜਿਆਂ ’ਤੇ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਦੋਵੇਂ ਪਾਸਿਆਂ ਤੋਂ ਸਮੱਗਲਰ ਪਿਛਲੇ ਡੇਢ ਮਹੀਨੇ ਤੋਂ ਮਿੰਨੀ ਡਰੋਨ ਉਡਾ ਰਹੇ ਸਨ, ਜਿਨ੍ਹਾਂ ਦਾ ਆਕਾਰ ਹੱਥ ਦੇ ਬਰਾਬਰ ਹੈ, ਇਹ ਡਰੋਨ ਅੱਧਾ ਕਿੱਲੋ ਤੱਕ ਭਾਰ ਚੁੱਕਣ ਦੇ ਸਮਰੱਥ ਹਨ ਅਤੇ ਸਸਤੇ ਵੀ ਹਨ। ਸਮੱਗਲਰ ਇਕ ਵਾਰ ਵੱਡੀ ਖੇਪ ਮੰਗਵਾਉਣ ਦੀ ਬਜਾਏ ਵਾਰ-ਵਾਰ ਅੱਠ ਤੋਂ ਦਸ ਫੇਰੇ ਲਾ ਕੇ ਅੱਧਾ-ਅੱਧਾ ਕਿਲੋ ਦੀਆਂ ਕਈ ਖੇਪਾਂ ਇੱਧਰ-ਉੱਧਰ ਕਰ ਸਕਦੇ ਹਨ ਪਰ ਇਨ੍ਹਾਂ ਡਰੋਨਾਂ ਦੀ ਬੈਟਰੀ ਬੈਕਅੱਪ ਬਹੁਤ ਘੱਟ ਹੈ ਅਤੇ ਇਹ ਡਰੋਨ ਜਿਆਦਾ ਦੂਰ ਤੱਕ ਉਡਾਣ ਨਹੀਂ ਭਰ ਪਾਉਂਦੇ ਹਨ।

ਇਹ ਵੀ ਪੜ੍ਹੋ- ਦੁਖ਼ਦ ਖ਼ਬਰ: ਟਰੱਕ ਦੀ ਲਪੇਟ ’ਚ ਆਉਣ ਨਾਲ ਮੋਟਰਸਾਈਕਲ ਸਵਾਰ ਦੀ ਦਰਦਨਾਕ ਮੌਤ

ਇਕ ਮਹੀਨੇ ਵਿਚ ਫੜੇ ਗਏ ਹਨ 15 ਤੋਂ ਵੱਧ ਮਿੰਨੀ ਡਰੋਨ

ਪਾਕਿਸਤਾਨੀ ਸਰਹੱਦ ਨਾਲ ਲੱਗਦੇ ਅੰਮ੍ਰਿਤਸਰ ਦੇ 153 ਕਿਲੋਮੀਟਰ ਖੇਤਰ ਵਿਚ ਬੀ. ਐੱਸ. ਐੱਫ. ਅਤੇ ਪੰਜਾਬ ਪੁਲਸ ਵੱਲੋਂ ਕੀਤੇ ਗਏ ਕਈ ਸਾਂਝੇ ਆਪ੍ਰੇਸ਼ਨ ਦੌਰਾਨ 15 ਤੋਂ ਵੱਧ ਮਿੰਨੀ ਡਰੋਨ ਫੜੇ ਗਏ ਹਨ। ਕਈ ਵਾਰ ਇਹ ਡਰੋਨ ਲਾਵਾਰਿਸ ਹਾਲਤ ਵਿਚ ਮਿਲੇ ਹਨ ਅਤੇ ਕਈ ਵਾਰ ਇਹ ਪੂਰੀ ਤਰ੍ਹਾਂ ਖ਼ਰਾਬ ਹਾਲਤ ਵਿਚ ਪਾਏ ਗਏ ਹਨ। ਇਹ ਡਰੋਨ ਕੌਣ ਉਡਾ ਰਿਹਾ ਸੀ ਅਤੇ ਇਨ੍ਹਾਂ ਮਿੰਨੀ ਡਰੋਨਾਂ ਰਾਹੀਂ ਖੇਪ ਕੌਣ ਮੰਗਵਾ ਰਿਹਾ ਸੀ, ਇਹ ਅਜੇ ਵੀ ਜਾਂਚ ਦਾ ਵਿਸ਼ਾ ਹੈ।

ਖੇਤੀਬਾੜੀ ਦੀ ਆੜ ’ਚ ਸਮੱਗਲਿੰਗ ਕਰ ਰਹੇ ਹਨ ਕੁਝ ਕਿਸਾਨ

ਸਰਹੱਦੀ ਕੰਡਿਆਲੀ ਤਾਰ ਦੇ ਆਲੇ-ਦੁਆਲੇ ਸਰਹੱਦੀ ਖੇਤਰ, ਜਿੱਥੇ ਆਬਾਦੀ ਬਹੁਤ ਘੱਟ ਹੈ ਅਤੇ ਦੂਰ-ਦੂਰ ਤੱਕ ਖੇਤ ਹਨ, ਅਜਿਹੇ ਖੇਤਰਾਂ ਵਿਚ ਕੋਈ ਵੀ ਬਾਹਰੀ ਵਿਅਕਤੀ ਘੁੰਮ ਨਹੀਂ ਸਕਦਾ ਹੈ ਅਤੇ ਖਾਸ ਕਰ ਕੇ ਰਾਤ ਦੇ ਸਮੇਂ ਦੂਰੋਂ ਹੀ ਬਾਹਰੀ ਵਿਅਕਤੀ ਦਾ ਪਤਾ ਲੱਗ ਜਾਂਦਾ ਹੈ। ਖਾਸ ਕਰ ਕੇ ਰਾਤ ਦੇ ਸਮੇਂ ਤਾ ਹਨੇਰੇ ਵਿਚ ਬਾਹਰੀ ਵਿਅਕਤੀ ਦਾ ਆਉਣਾ-ਜਾਣਾ ਸੰਭਵ ਹੀ ਨਹੀਂ ਹੈ। ਕੁਝ ਕੇਂਦਰੀ ਏਜੰਸੀਆਂ ਦੀਆਂ ਰਿਪੋਰਟਾਂ ਅਨੁਸਾਰ ਸਰਹੱਦੀ ਪਿੰਡਾਂ ਵਿਚ ਰਹਿਣ ਵਾਲੇ ਕੁਝ ਸਮੱਗਲਰ ਖੇਤੀਬਾੜੀ ਦੀ ਆੜ ਵਿੱਚ ਸਮੱਗਲਿੰਗ ਕਰ ਰਹੇ ਹਨ ਅਤੇ ਕਈ ਵਾਰ ਰੰਗੇ ਹੱਥੀਂ ਫੜੇ ਜਾ ਚੁੱਕੇ ਹਨ।

ਇਹ ਵੀ ਪੜ੍ਹੋ- ਬਟਾਲਾ 'ਚ ਵਾਪਰੀ ਬੇਅਦਬੀ ਦੀ ਘਟਨਾ, ਨਾਬਾਲਿਗ ਮੁੰਡੇ 'ਤੇ ਲੱਗੇ ਇਲਜ਼ਾਮ, ਘਟਨਾ cctv ਕੈਮਰੇ 'ਚ ਕੈਦ

ਵਾਰ-ਵਾਰ ਸਾਹਮਣੇ ਆਉਂਦੇ ਹਨ ਵੱਡੇ ਸਮੱਗਲਰਾਂ ਦੇ ਨਾਂ

ਹੈਰੋਇਨ ਦੀਆਂ ਖੇਪਾਂ ਅਤੇ ਉਨ੍ਹਾਂ ਦੇ ਕੈਰੀਅਰਾਂ ਨੂੰ ਫੜਨ ਦੇ ਮਾਮਲੇ ਵਿਚ ਆਮ ਤੌਰ ’ਤੇ ਵੱਡੇ-ਵੱਡੇ ਸਮੱਗਲਰਾਂ ਦੇ ਨਾਂ ਸਾਹਮਣੇ ਆਉਂਦੇ ਹਨ, ਜੋ ਜੇਲਾਂ ਅੰਦਰੋਂ ਜਾਂ ਵਿਦੇਸ਼ਾਂ ਵਿਚ ਬੈਠ ਕੇ ਆਪਣੇ ਗੁਰਗਿਆਂ ਰਾਹੀਂ ਸਮੱਗਲਿੰਗ ਕਰਵਾਉਂਦੇ ਹਨ ਅਤੇ ਗਰੀਬ ਲਤੇ ਲੋੜਵੰਦ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ। ਹਾਲ ਹੀ ਵਿਚ ਫੜਿਆ ਗਿਆ ਇਕ ਸਮੱਗਲਰ ਮਜ਼ਦੂਰੀ ਦਾ ਕੰਮ ਕਰਦਾ ਸੀ ਅਤੇ ਗਰੀਬੀ ਕਾਰਨ ਸਮੱਗਲਿੰਗ ਕਰਨ ਲੱਗਾ ਪਰ ਫੜਿਆ ਗਿਆ, ਜਦਕਿ ਕੁਝ ਲੋਕ ਘੱਟ ਮਿਹਨਤ ਕਰ ਕੇ ਅਮੀਰ ਬਣਨ ਦੀ ਕੋਸ਼ਿਸ਼ ਕਰਦੇ ਹੋਏ ਵੱਡੇ ਸਮੱਗਲਰਾਂ ਦੇ ਚੁੰਗਲ ਵਿੱਚ ਫਸ ਜਾਂਦੇ ਹਨ।

ਐਂਟੀ ਡਰੋਨ ਤਕਨੀਕ ਨੂੰ ਲਗਾਉਣਾ ਸਮੇਂ ਦੀ ਮੁੱਖ ਲੋੜ

ਜੰਮੂ-ਕਸ਼ਮੀਰ ਅਤੇ ਪੰਜਾਬ ਸਰਹੱਦ ’ਤੇ ਸਮੱਗਲਿੰਗ ਅਤੇ ਅੱਤਵਾਦੀ ਘਟਨਾਵਾਂ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ ਬਾਰਡਰ ’ਤੇ ਐਂਟੀ ਡਰੋਨ ਤਕਨੀਕ ਲਗਾਉਣ ਦੇ ਕਈ ਵਾਰ ਐਲਾਨ ਕੀਤੇ ਜਾ ਚੁੱਕੇ ਹਨ ਪਰ ਹੁਣ ਤੱਕ ਇਹ ਤਕਨੀਕ ਨਹੀਂ ਲਗਾਈ ਜਾ ਰਹੀ ਹੈ, ਜਿਸ ਨੂੰ ਲੈ ਕੇ ਸਮੱਗਲਰਾਂ ਵਲੋਂ ਲਾਭ ਫਾਇਦਾ ਲਿਆ ਜਾ ਰਿਹਾ ਹੈ, ਹਾਲਾਂਕਿ ਡਰੋਨ ਸਿਸਟਮ ਨਾਲ ਸਮੱਗਲਰਾਂ ਵਲੋਂ ਪਲਾਸਟਿਕ ਪਾਈਪਾਂ, ਜੁਰਾਬਾਂ ਨਾਲ ਸੁੱਟ ਕੇ, ਭਾਰਤ-ਪਾਕਿਸਤਾਨ ਵਿਚਾਲੇ ਚੱਲਣ ਵਾਲੇ ਟਰੱਕਾਂ ਅਤੇ ਮਾਲ ਗੱਡੀਆਂ ਦੇ ਨਾਲ-ਨਾਲ ਸਮਝੌਤਾ ਐਕਸਪ੍ਰੈੱਸ ਰਾਹੀਂ ਖੇਪ ਨੂੰ ਇਧਰ-ਉਧਰ ਕੀਤਾ ਜਾਂਦਾ ਸੀ।

ਇਹ ਵੀ ਪੜ੍ਹੋ-  ਸ਼ਰੇਆਮ ਗੁੰਡਾਗਰਦੀ: ਨਾਬਾਲਗ ਭੈਣ ਨਾਲ ਛੇੜਖਾਨੀ ਦਾ ਵਿਰੋਧ ਕਰਨ ’ਤੇ ਤਿੰਨ ਭਰਾਵਾਂ 'ਤੇ ਕੀਤਾ ਹਮਲਾ

PunjabKesari

ਪਿੰਡ ਅਟਾਰੀ ’ਚ 27 ਕਰੋੜ ਦੀ ਹੈਰੋਇਨ ਬਰਾਮਦ

ਬੀ. ਐੱਸ. ਐੱਫ. ਅਤੇ ਪੰਜਾਬ ਪੁਲਸ ਵੱਲੋਂ ਸਾਂਝੇ ਤੌਰ ’ਤੇ ਚਲਾਈ ਮੁਹਿੰਮ ਦੌਰਾਨ ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਪਿੰਡ ਅਟਾਰੀ ਵਿਖੇ 5 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਗਈ, ਜਿਸ ਦੀ ਅੰਤਰਰਾਸ਼ਟਰੀ ਬਜ਼ਾਰ ’ਚ ਕੀਮਤ ਲਗਭਗ 27 ਕਰੋੜ ਰੁਪਏ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਹੈਰੋਇਨ ਦੀ ਖੇਪ ਨੂੰ ਪਾਕਿਸਤਾਨੀ ਡਰੋਨ ਰਾਹੀਂ ਖੇਤਾਂ ’ਚ ਸੁੱਟੀ ਗਈ ਸੀ ਪਰ ਸਮੱਗਲਰ ਆਪਣੇ ਇਰਾਦਿਆਂ ਨੂੰ ਅੰਜਾਮ ਦੇਣ ’ਚ ਨਾਕਾਮ ਸਾਬਿਤ ਹੋਏ ਹਨ। ਪਿਛਲੇ 15 ਦਿਨਾਂ ਤੋਂ ਹੈਰੋਇਨ ਅਤੇ ਡਰੋਨ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News