ਸ਼੍ਰੋਮਣੀ ਕਮੇਟੀ ਵੱਲੋਂ ਲਾਪਤਾ ਕੀਤੇ 328 ਪਾਵਨ ਸਰੂਪਾਂ ਦਾ ਸੰਘਰਸ਼ ਮੁੜ ਹੋਵੇਗਾ ਸ਼ੁਰੂ : ਪੰਥਕ ਜਥੇਬੰਦੀਆਂ

Wednesday, Jun 23, 2021 - 02:01 PM (IST)

ਅੰਮ੍ਰਿਤਸਰ (ਅਨਜਾਣ) - ਬੀਤੇ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਆਉਂਦੇ ਗੁਰਦੁਆਰਾ ਸ੍ਰੀ ਰਾਮਸਾਰ ਸਾਹਿਬ ਵਿਖੇ ਵਾਪਰੀ ਅੱਗਜਣੀ ਦੀ ਘਟਨਾ ਦੌਰਾਨ ਲਾਪਤਾ ਹੋਏ 328 ਪਾਵਨ ਸਰੂਪਾਂ ਦਾ ਮਾਮਲਾ ਫੇਰ ਭਖਦਾ ਨਜ਼ਰ ਆ ਰਿਹਾ ਹੈ। ਬੀਤੇ ਦਿਨ ਗੁਰਦੁਆਰਾ ਅਟਾਰੀ ਸਾਹਿਬ ਵਿਖੇ ਹੋਈ ਪੰਥਕ ਜਥੇਬੰਦੀਆਂ ਦੀ ਮੀਟਿੰਗ ਵਿੱਚ ਜਥਾ ਸਿਰਲੱਥ ਦੇ ਭਾਈ ਦਿਲਬਾਗ ਸਿੰਘ ਸੁਲਤਾਨਵਿੰਡ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਭਾਈ ਬਲਬੀਰ ਸਿੰਘ ਮੁੱਛਲ,ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਭਾਈ ਰਣਜੀਤ ਸਿੰਘ, ਹਵਾਰਾ ਕਮੇਟੀ ਦੇ ਪ੍ਰੋ: ਬਲਜਿੰਦਰ ਸਿੰਘ, ਆਵਾਜ਼-ਏ-ਕੌਮ ਦੇ ਭਾਈ ਨੋਬਲਜੀਤ ਸਿੰਘ ਬੁੱਲੋਵਾਲ, ਅਕਾਲ ਖਾਲਸਾ ਦੇ ਭਾਈ ਮਹਾਂਬੀਰ ਸਿੰਘ ਸੁਲਤਾਨਵਿੰਡ, ਭਾਈ ਭੂਪਿੰਦਰ ਸਿੰਘ ਛੇ ਜੂਨ, ਭਾਈ ਲਖਬੀਰ ਸਿੰਘ ਤੇ ਭਾਈ ਰਛਪਾਲ ਸਿੰਘ ਨਿਹੰਗ ਸ਼ਾਮਲ ਹੋਏ।

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਉਨ੍ਹਾਂ ਕਿਹਾ ਕਿ ਬੇਸ਼ੱਕ ਕਿਸਾਨੀ ਸੰਘਰਸ਼ ਦੌਰਾਨ ਜਥੇਬੰਦੀਆਂ ਦਾ ਰੁਖ ਖੇਤੀ ਸਬੰਧੀ ਕਾਲੇ ਕਾਨੂੰਨਾ ਦਾ ਇਨਸਾਫ਼ ਲੈਣ ਵੱਲ ਹੋ ਗਿਆ। ਅਸੀਂ ਹਾਲੇ ਤੱਕ 328 ਪਾਵਨ ਸਰੂਪਾਂ ਦੀ ਬੇਅਦਬੀ ਤੇ ਸ਼ਾਂਤਮਈ ਧਰਨੇ ‘ਤੇ ਬੈਠੇ ਸਿੰਘਾਂ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਜ਼ੁਲਮ ਨਹੀਂ ਭੁੱਲੇ। ਉਨ੍ਹਾਂ ਕਿਹਾ ਕਿ ਜਥੇਬੰਦੀਆਂ ਬਹੁਤ ਜਲਦ ਇਕਜੁੱਟ ਹੋ ਕੇ ਸ਼੍ਰੋਮਣੀ ਕਮੇਟੀ ਖਿਲਾਫ਼ ਮੋਰਚਾ ਖੋਲ੍ਹਣਗੀਆਂ ਤੇ ਦੋਸ਼ੀਆਂ ‘ਤੇ ਕਾਨੂੰਨੀ ਕਾਰਵਾਈ ਕਰਵਾਉਣਗੀਆਂ। 

ਉਨ੍ਹਾਂ ਕਿਹਾ ਕਿ ਇਨਸਾਫ਼ ਮੰਗ ਰਹੇ ਸਿੰਘਾਂ ਨੂੰ ਇਨਸਾਫ਼ ਤਾਂ ਕੀ ਦੇਣਾ ਸੀ ਸ਼੍ਰੋਮਣੀ ਕਮੇਟੀ ਨੇ ਉਲਟਾ ਉਨ੍ਹਾਂ ‘ਤੇ ਅੰਨ੍ਹਾਂ ਤਸ਼ੱਦਦ ਕੀਤਾ ਤੇ 307 ਦੇ ਪਰਚੇ ਕਟਵਾਏ। ਸ਼੍ਰੋਮਣੀ ਕਮੇਟੀ ਨੇ ਘੱਲੂਘਾਰੇ ਸਮੇਂ ਜ਼ਖ਼ਮੀ ਹੋਏ ਪਾਵਨ ਸਰੂਪ ਜਿਸ ‘ਤੇ ਗੋਲੀਆਂ ਲੱਗੀਆਂ ਸਨ ਉਹ ਤਾਂ ਸੰਗਤਾਂ ਨੂੰ ਵਿਖਾ ਦਿੱਤਾ ਪਰ 328 ਗਾਇਬ ਹੋਏ ਪਾਵਨ ਸਰੂਪ ਕਿੱਥੇ ਨੇ, ਕਿਸ ਨੂੰ ਦਿੱਤੇ ਨੇ ਤੇ ਕੌਣ ਲੈ ,ਇਹ ਹਾਲੇ ਤੱਕ ਨਹੀਂ ਦੱਸੇ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ‘ਤੇ ਦੋਸ਼ ਲਾਉਂਦਿਆਂ ਕਿਹਾ ਕਿ ਉਹ ਵੀ ਬਾਦਲਾਂ ਦੀ ਕੱਠਪੁਤਲੀ ਬਣੇ ਨੇ ਤੇ ਪਾਵਨ ਸਰੂਪ ਗਾਇਬ ਕਰਨ ਵਾਲੇ ਦੋਸ਼ੀਆਂ ‘ਤੇ ਕਾਰਵਾਈ ਕਰਨ ਦੀ ਬਜਾਏ ਉਲਟਾ ਪੰਥ ਪ੍ਰਸਤ ਗੁਰਸਿੱਖਾਂ ਨੂੰ ਕਾਂਗਰਸੀ ਏਜੰਟ ਤੇ ਦੁੱਕੀ ਤਿੱਕੀ ਐਲਾਨ ਦਿੱਤਾ। 

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵਿੱਚ ਆਏ ਨਿਘਾਰ ਦੀ ਅਸਲ ਜੜ੍ਹ ਬਾਦਲ ਦਲ ,ਜਿਸਨੇ ਸ਼੍ਰੋਮਣੀ ਕਮੇਟੀ, ਅਕਾਲੀ ਦਲ, ਤਖ਼ਤਾਂ ਦੇ ਜਥੇਦਾਰਾਂ ਤੇ ਹੁਕਮਨਾਮਿਆਂ ਨੂੰ ਪ੍ਰੰਪਰਾਵਾਂ, ਸਿਧਾਂਤਾਂ ਤੇ ਵੱਕਾਰ ਨੂੰ ਤਹਿਸ ਨਹਿਸ ਕਰ ਕੇ ਰੱਖ ਦਿੱਤਾ ਹੈ। ਉਨ੍ਹਾਂ ਕਿਹਾ ਕਿ ਗੁਰਦੁਆਰਾ ਗੰਗਸਰ ਵਿਖੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੇ ਅਸ਼ਲੀਲ ਹਰਕਤਾਂ ਕਰਕੇ ਪੂਰੀ ਕੌਮ ਨੂੰ ਸ਼ਰਮਸਾਰ ਕੀਤਾ ਹੈ ਤੇ ਇਹ ਸਾਬਤ ਕਰ ਦਿੱਤਾ ਹੈ ਕਿ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਤੇ ਮੁਲਾਜ਼ਮਾਂ ਵਿੱਚ ਨਰੈਣੂ ਮਹੰਤ ਦੀ ਰੂਹ ਪ੍ਰਵੇਸ਼ ਕਰ ਗਈ ਹੈ।


rajwinder kaur

Content Editor

Related News