ਸ਼੍ਰੋਮਣੀ ਕਮੇਟੀ ਵੱਲੋਂ ਕੋਲਕਾਤਾ ਵਿਖੇ ਖੋਲਿਆ ਜਾਵੇਗਾ ਗੁਰਮਤਿ ਵਿਦਿਆਲਾ: ਭਾਈ ਲੌਂਗੋਵਾਲ

09/19/2019 1:08:55 AM

ਅੰਮ੍ਰਿਤਸਰ/ਲੁਧਿਆਣਾ,(ਦੀਪਕ ਸ਼ਰਮਾ) : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਧਰਮ ਪ੍ਰਚਾਰ ਕਮੇਟੀ ਦੀ ਇਥੇ ਗੁਰੂ ਨਾਨਕ ਦੇਵ ਇੰਜ: ਕਾਲਜ ਵਿਖੇ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਅਗਵਾਈ 'ਚ ਹੋਈ ਇਕੱਤਰਤਾ ਦੌਰਾਨ ਕੋਲਕਾਤਾ ਵਿਖੇ ਗੁਰਮਤਿ ਵਿਦਿਆਲਾ ਖੋਲਣ ਦਾ ਫੈਸਲਾ ਕੀਤਾ ਗਿਆ ਹੈ। ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਵਿਖੇ ਸਿਕਲੀਗਰ ਸਿੱਖ ਬੱਚਿਆਂ ਦੀ ਪੜਾਈ ਲਈ ਫੀਸ ਅਦਾ ਕਰਨ ਨੂੰ ਵੀ ਪ੍ਰਵਾਨਗੀ ਦਿੱਤੀ ਗਈ। ਇਕੱਤਰਤਾ 'ਚ ਲਏ ਗਏ ਫੈਸਲਿਆਂ ਬਾਰੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕੋਲਕਾਤਾ 'ਚ ਗੁਰਦੁਆਰਾ ਗਰਚਾ ਸਿੰਘ ਸੰਗਤ ਵਿਖੇ ਗੁਰਮਤਿ ਵਿਦਿਆਲਾ ਸਥਾਪਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਸ੍ਰੀ ਗੁਰੂ ਸਿੰਘ ਸਭਾ ਕੋਲਕਾਤਾ ਦੇ ਪ੍ਰਧਾਨ ਵੱਲੋਂ ਸੰਗਤੀ ਮੰਗ ਸ਼੍ਰੋਮਣੀ ਕਮੇਟੀ ਪਾਸ ਭੇਜੀ ਗਈ ਸੀ, ਜਿਸ ਨੂੰ ਪ੍ਰਵਾਨ ਕਰ ਲਿਆ ਗਿਆ ਹੈ। ਇਸ ਗੁਰਮਤਿ ਵਿਦਿਆਲੇ ਵਿਚ ਸਥਾਨਕ ਸਿੱਖ ਬੱਚਿਆਂ ਨੂੰ ਗੁਰਮਤਿ ਦੀ ਵਿਦਿਆ ਨਾਲ ਜੋੜਿਆ ਜਾਵੇਗਾ ਤੇ ਕੀਰਤਨ ਸਿਖਲਾਈ ਵੀ ਦਿੱਤੀ ਜਾਵੇਗੀ। ਭਾਈ ਲੌਂਗੋਵਾਲ ਨੇ ਦੱਸਿਆ ਕਿ ਇਸ ਤੋਂ ਇਲਾਵਾ ਆਂਧਰਾ ਪ੍ਰਦੇਸ਼ ਦੇ ਵਿਜੇਵਾੜਾ ਵਿਖੇ ਪੜ•ਰਹੇ ਸਿਕਲੀਗਰ ਸਿੱਖ ਬੱਚਿਆਂ ਦੀ ਸਲਾਨਾ ਫੀਸ ਦੇਣ ਦਾ ਵੀ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਜੇਵਾੜਾ 'ਚ ਸਿਕਲੀਗਰ ਸਿੱਖ ਬੱਚਿਆਂ ਦੀ ਪੜਾਈ ਲਈ ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਸਹਾਇਤਾ ਕੀਤੀ ਜਾਂਦੀ ਹੈ, ਜਿਸ ਤਹਿਤ ਸਾਲ 2019-2020 ਦੀ ਬਣਦੀ ਫੀਸ ਚਾਰ ਲੱਖ ਅਠੱਤੀ ਹਜ਼ਾਰ ਰੁਪਏ ਜਾਰੀ ਕੀਤੀ ਜਾਵੇਗੀ।

ਉਨ੍ਹਾਂ ਇਹ ਵੀ ਦੱਸਿਆ ਕਿ ਪਾਕਿਸਤਾਨ ਸਥਿਤ ਗੁਰਦੁਆਰਾ ਕਲਗੀਧਰ ਸਿੰਘ ਸਭਾ ਸ਼ਾਹਗਾਜੀਮਾਲਾ ਦੇ ਪ੍ਰਬੰਧਕਾਂ ਵੱਲੋਂ ਕੀਤੀ ਮੰਗ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਕੀਰਤਨ ਲਈ ਸਾਜਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਕਾਰ ਅਤੇ ਗੁਟਕਾ ਸਾਹਿਬ ਭੇਜੇ ਜਾਣਗੇ।ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਹ ਵਰ•ਾ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨਾਲ ਸਬੰਧਤ ਹੈ ਅਤੇ ਸ਼੍ਰੋਮਣੀ ਕਮੇਟੀ ਨੇ ਸਿੱਖ ਵਿਦਵਾਨ ਡਾ. ਰੂਪ ਸਿੰਘ ਦੁਆਰਾ ਰਚਿਤ ਪੁਸਤਕ 'ਕਲਿ ਤਾਰਣ ਗੁਰੁ ਨਾਨਕ ਆਇਆ' ਨੂੰ ਵੱਡੀ ਗਿਣਤੀ ਖਰੀਦ ਕੇ ਆਪਣੇ ਵਿਦਿਅਕ ਅਦਾਰਿਆਂ ਦੇ ਨਾਲ-ਨਾਲ ਗੁਰੂ ਸਾਹਿਬ ਦੇ ਜੀਵਨ ਸਬੰਧੀ ਖੋਜ ਦੀ ਰੁਚੀ ਰੱਖਣ ਵਾਲਿਆਂ ਤੱਕ ਮੁਫ਼ਤ ਭੇਜੀ ਜਾਵੇਗੀ। ਉਨ•ਾਂ ਦੱਸਿਆ ਕਿ ਇਸ ਪੁਸਤਕ ਸਬੰਧੀ ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸੁਝਾਅ ਭੇਜਿਆ ਸੀ, ਜਿਸ ਦੀ ਰੌਸ਼ਨੀ ਵਿਚ ਫੈਸਲਾ ਲਿਆ ਹੈ। ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਧਰਮ ਅਧਿਐਨ ਦੀ ਪੜ•ਾਈ ਕਰ ਰਹੇ ਐਮ.ਏ. ਅਤੇ ਐਮਫਿਲ ਦੇ ਵਿਦਿਆਰਥੀਆਂ ਨੂੰ ਵਜੀਫੇ ਦੇਣ ਦਾ ਵੀ ਫੈਸਲਾ ਕੀਤਾ ਗਿਆ। ਇਹ ਫੈਸਲਾ ਧਾਰਮਿਕ ਖੋਜ ਕਾਰਜਾਂ ਨੂੰ ਬੜਾਵਾ ਦੇਣ ਦੇ ਮੰਤਵ ਨਾਲ ਲਿਆ ਗਿਆ ਹੈ। ਇਕੱਤਰਤਾ ਦੌਰਾਨ ਮਾਨਸਾ ਜ਼ਿਲ•ੇ ਦੇ ਪਿੰਡ ਡੇਲੂਆਣਾ ਵਿਖੇ ਦੋ ਤੋਂ ਇਕ ਗੁਰਦੁਆਰਾ ਕਰਨ 'ਤੇ 1 ਲੱਖ ਰੁਪਏ ਦੀ ਸਹਾਇਤਾ ਵੀ ਦਿੱਤੀ ਗਈ।

ਇਸ ਤੋਂ ਇਲਾਵਾ ਇਕੱਤਰਤਾ ਦੌਰਾਨ ਭਾਸ਼ਾ ਵਿਭਾਗ ਪੰਜਾਬ ਵੱਲੋਂ ਹਿੰਦੀ ਦਿਵਸ ਮੌਕੇ ਪੰਜਾਬੀ ਬੋਲੀ ਨੂੰ ਨੀਵਾਂ ਦਿਖਾਉਣ ਅਤੇ ਪ੍ਰਸਿੱਧ ਲੇਖਕ ਡਾ. ਤੇਜਵੰਤ ਸਿੰਘ ਮਾਨ ਨਾਲ ਕੀਤੇ ਦੁਰ-ਵਿਹਾਰ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ। ਇਸ ਮੌਕੇ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜਾਇਬ ਸਿੰਘ ਅਭਿਆਸੀ, ਭਾਈ ਪ੍ਰਿਤਪਾਲ ਸਿੰਘ ਲੁਧਿਆਣਾ, ਸ. ਸੁਖਵਰਸ਼ ਸਿੰਘ ਪੰਨੂ, ਸ. ਮਨਜੀਤ ਸਿੰਘ ਬੱਪੀਆਣਾ, ਸ. ਅਵਤਾਰ ਸਿੰਘ ਵਣਵਾਲਾ, ਸ. ਰਾਮਪਾਲ ਸਿੰਘ ਬਹਿਣੀਵਾਲ, ਸ. ਤੇਜਿੰਦਰਪਾਲ ਸਿੰਘ ਢਿੱਲੋਂ, ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ, ਸ. ਬਲਵਿੰਦਰ ਸਿੰਘ ਜੌੜਾਸਿੰਘਾ, ਨਿੱਜੀ ਸਕੱਤਰ ਇੰਜ: ਸੁਖਮਿੰਦਰ ਸਿੰਘ, ਸ. ਗੁਰਿੰਦਰਪਾਲ ਸਿੰਘ ਠਰੂ, ਸ. ਹਰਜਿੰਦਰ ਸਿੰਘ, ਸ. ਵਰਿੰਦਰ ਸਿੰਘ ਠਰੂ ਆਦਿ ਮੌਜੂਦ ਸਨ।


Related News