ਕਰਤਾਰਪੁਰ (ਰਾਵੀ) ਦਰਸ਼ਨ ਅਭਿਲਾਸ਼ੀ ਸੰਸਥਾ ਵੱਲੋਂ ਸਮੂਹ ਪੰਥ ਦਰਦੀਆਂ ਨੂੰ ਖ਼ਾਸ ਅਪੀਲ
Friday, Jun 09, 2023 - 05:44 PM (IST)
ਗੁਰਦਾਸਪੁਰ- ਕਰਤਾਰਪੁਰ (ਰਾਵੀ) ਦਰਸ਼ਨ ਅਭਿਲਾਸ਼ੀ ਸੰਸਥਾ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਹਲਕਾ ਡੇਰਾ ਬਾਬਾ ਨਾਨਕ) ਦੇ ਮੈਂਬਰ ਅਮਰੀਕ ਸਿੰਘ ਅਤੇ ਕਰਤਾਰਪੁਰ (ਰਾਵੀ) ਦਰਸ਼ਨ ਅਭਿਲਾਸ਼ੀ ਸੰਸਥਾ ਦੇ ਜਨਰਲ ਸਕੱਤਰ ਗੁਰਿੰਦਰ ਸਿੰਘ ਬਾਜਵਾ ਨੇ ਸਮੂਹ ਪੰਥ ਦਰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਭ ਸਿੱਖ ਸੰਗਤਾਂ, ਪੰਥ-ਦਰਦੀ ਭਲੀ-ਭਾਂਤ ਜਾਣੂ ਹਨ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਡੇ ਪੁਰਖਿਆਂ ਦੇ ਡੁੱਲ੍ਹੇ ਖੂਨ ਵਿਚੋਂ, ਗੁਰਦੁਆਰਾ ਪ੍ਰਬੰਧਾਂ ਨੂੰ ਭ੍ਰਿਸ਼ਟ ਤੇ ਵਿਭਚਾਰੀ ਮਹੰਤਾਂ ਕੋਲੋਂ ਆਜ਼ਾਦ ਕਰਵਾ ਕੇ, ਗੁਰਮਤਿ ਅਨੁਸਾਰੀ ਸੰਗਤੀ ਪ੍ਰਬੰਧਾਂ ਹੇਠ ਲਿਆਉਣ ਲਈ 15 ਨਵੰਬਰ 1920 ਵਿਚ ਬਣੀ ਸੀ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ਤੋਂ ਇਸ ਮਹਾਨ ਸ਼ਹੀਦਾਂ ਦੀ ਸੰਸਥਾ ਨੂੰ ਇਕ ਪਰਿਵਾਰ ਨੇ ਆਪਣੇ ਕਬਜ਼ੇ ਵਿਚ ਕੀਤਾ ਹੋਇਆ ਹੈ ਅਤੇ ਗੁਰਦੁਆਰਿਆਂ ਦੀ ਆਮਦਨ ਤੇ ਸਾਧਨਾਂ ਦੀ ਦੁਰਵਰਤੋਂ ਜਿਸ ਤਰ੍ਹਾਂ ਕਿਸੇ ਸਮੇਂ ਭ੍ਰਿਸ਼ਟ ਮਹੰਤ ਕਰਦੇ ਸਨ, ਉਸੇ ਤਰ੍ਹਾਂ ਗੁਰਦੁਆਰਿਆਂ ਨੂੰ ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ 'ਤੇ ਆਪਣੇ ਕਬਜ਼ੇ ਦੇ ਨਾਲ ਆਪਣੀ ਜਾਗੀਰ ਬਣਾਇਆ ਹੋਇਆ ਹੈ।
ਇਹ ਵੀ ਪੜ੍ਹੋ- ਪਰਿਵਾਰਿਕ ਕਲੇਸ਼ ਨੇ ਲਈ ਮਾਸੂਮ ਧੀ ਦੀ ਜਾਨ, 2 ਸਾਲ ਪਹਿਲਾਂ ਇਲਾਜ ਦੁੱਖੋਂ ਜਹਾਨੋਂ ਤੁਰ ਗਿਆ ਸੀ ਪੁੱਤ
ਉਨ੍ਹਾਂ ਕਿਹਾ ਕਿ ਸਿੱਖ ਪੰਥ 'ਤੇ ਅਮਰਵੇਲ ਬਣ ਕੇ ਛਾਏ ਹੋਏ ਬਾਦਲ ਪਰਿਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਵਰਗੀ ਸ਼ਹੀਦਾਂ ਦੀ ਜਥੇਬੰਦੀ ਤੋਂ ਪਾਸੇ ਕਰਨ ਲਈ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਪਰਿਵਾਰ ਦੇ ਚੁੰਗਲ ਵਿਚੋਂ ਅਜ਼ਾਦ ਕਰਵਾਉਣਾ ਜ਼ਰੂਰੀ ਹੈ। ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਸਬੰਧੀ ਕੇਂਦਰ ਸਰਕਾਰ ਦੀ ਹਲਚਲ ਸ਼ੁਰੂ ਹੋ ਗਈ ਹੈ, ਜਿਸ ਵਾਸਤੇ ਸਮੂਹ ਪੰਥ ਦਰਦੀ ਜਥੇਬੰਦੀਆਂ ਨੂੰ ਅਪੀਲ ਹੈ ਕਿ ਸ਼੍ਰੋਮਣੀ ਕਮੇਟੀ ਨੂੰ ਬਾਦਲ ਪਰਿਵਾਰ ਦੇ ਕਬਜ਼ੇ ਵਿਚੋਂ ਅਜ਼ਾਦ ਕਰਵਾਉਣ ਲਈ ਸੁਚੱਜੀ ਵਿਉਂਤਬੰਦੀ ਕਰਦਿਆਂ ਇਕ ਮੰਚ 'ਤੇ ਇਕੱਤਰ ਹੋਇਆ ਜਾਵੇ। ਉਨ੍ਹਾਂ ਕਿਹਾ ਕਿ ਗੁਰਦੁਆਰਾ ਚੋਣਾਂ ਵਿਚ ਹਿੱਸਾ ਲੈਣ ਲਈ ਬਾਦਲ ਅਕਾਲੀ ਦਲ ਦੇ ਉਮੀਦਵਾਰਾਂ ਦੇ ਖ਼ਿਲਾਫ਼ ਸਮੂਹ ਪੰਥ ਦਰਦੀ ਜਥੇਬੰਦੀਆਂ ਦਾ ਸਾਂਝਾ ਇਕ ਹੀ ਉਮੀਦਵਾਰ ਹੋਵੇ।
ਇਹ ਵੀ ਪੜ੍ਹੋ- ਜਰਨੈਲ ਸਿੰਘ ਕਤਲ ਕਾਂਡ 'ਚ ਵੱਡੀ ਗ੍ਰਿਫ਼ਤਾਰੀ, ਸ਼ੂਟਰਾਂ ਨੂੰ ਪਨਾਹ ਦੇਣ ਵਾਲੇ ਮੁਲਜ਼ਮ ਸਣੇ 3 ਕਾਬੂ
ਉਨ੍ਹਾਂ ਕਿਹਾ ਕਿ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਸਮੂਹ ਜਥੇਬੰਦੀਆਂ ਨੂੰ ਇਕ ਸਾਂਝਾ ਮੰਚ ਤਿਆਰ ਕਰਨਾ ਚਾਹੀਦਾ ਹੈ, ਜਿਸ ਤਹਿਤ ਜਿੱਤਣ ਦੀ ਸਮਰੱਥਾ ਵਾਲੇ ਉਮੀਦਵਾਰਾਂ ਨੂੰ ਅਕਾਲੀ ਦਲ ਬਾਦਲ ਦੇ ਉਮੀਦਵਾਰਾਂ ਦੇ ਮੁਕਾਬਲੇ ਮੈਦਾਨ ਵਿਚ ਉਤਾਰਨ ਲਈ ਰਣਨੀਤੀ ਤਿਆਰ ਕੀਤੀ ਜਾਵੇ, ਕਿਉਂਕਿ ਪਹਿਲਾਂ ਹਮੇਸ਼ਾ ਪੰਥ ਦਰਦੀ ਧਿਰਾਂ ਦੇ ਬਹੁਤੇ ਉਮੀਦਵਾਰ ਹੋਣ ਕਾਰਨ ਪੰਥ ਦਰਦੀ ਸਿੱਖਾਂ ਦੀਆਂ ਵੋਟਾਂ ਜ਼ਿਆਦਾ ਹੋਣ ਦੇ ਬਾਵਜੂਦ ਵੰਡੀਆਂ ਜਾਂਦੀਆਂ ਹਨ ਅਤੇ ਬਾਦਲ ਅਕਾਲੀ ਦਲ ਦੇ ਉਮੀਦਵਾਰ ਘੱਟ ਵੋਟਾਂ ਲੈ ਕੇ ਵੀ ਜਿੱਤ ਜਾਂਦੇ ਹਨ। ਉਨ੍ਹਾਂ ਕਿਹਾ ਇਸ ਵਾਸਤੇ ਸਾਡੀ ਹਾਰਦਿਕ ਅਪੀਲ ਹੈ ਕਿ ਆਓ ਸਮੂਹ ਪੰਥ ਦਰਦੀ ਸਿੱਖ ਜਥੇਬੰਦੀਆਂ ਇਕੱਤਰ ਹੋਈਏ ਤੇ ਬਾਦਲ ਦਲ ਤੋਂ ਸ਼੍ਰੋਮਣੀ ਕਮੇਟੀ ਨੂੰ ਅਜ਼ਾਦ ਕਰਵਾਉਣ ਲਈ ਵੱਡੀ ਰਣਨੀਤੀ ਉਲੀਕਣ ਲਈ ਇਕੱਠੇ ਹੋਈਏ।
ਇਹ ਵੀ ਪੜ੍ਹੋ- ਲਾਪ੍ਰਵਾਹੀ ਕਾਰਨ 2 ਸਾਲ ਦੇ ਮਾਸੂਮ ਦੀ ਗਈ ਜਾਨ, ਨਰਸ ਨੇ ਮੋਬਾਇਲ ਸੁਣਦਿਆਂ ਲਾਇਆ ਗ਼ਲਤ ਟੀਕਾ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।